ਜੇਐੱਨਐੱਨ, ਦਾਤਾਰਪੁਰ : ਇਲਾਕੇ 'ਚ ਖ਼ਾਸ ਤੌਰ 'ਤੇ ਅਪਰ ਹਿਮਾਚਲ 'ਚ ਹੋ ਰਹੀ ਬਰਸਾਤ ਕਾਰਨ ਪੌਂਗ ਡੈਮ 'ਚ ਪਾਣੀ ਦਾ ਪੱਧਰ ਵਧਿਆ ਹੈ। ਦੇਹਰਾ, ਨਗਰੋਟਾ, ਸ਼ਾਹਪੁਰ, ਪਾਲਮਪੁਰ, ਬੈਜਨਾਥ, ਭਾਗਸੂਨਾਥ, ਕਾਂਗੜਾ, ਧਰਮਸ਼ਾਲਾ 'ਚ ਇਕ ਦਿਨ ਦੀ ਹੋਈ ਬਰਸਾਤ ਤੇ ਬਿਆਸ ਨਦੀ 'ਤੇ ਬਣੇ ਪੌਂਗ ਡੈਮ ਦੇ ਕੈਚਮੈਂਟ ਏਰੀਆ 'ਚ ਹੋਈ ਜ਼ੋਰਦਾਰ ਬਾਰਿਸ਼ ਕਾਰਨ ਮਹਾਰਾਣਾ ਪ੍ਰਤਾਪ ਸਾਗਰ ਝੀਲ 'ਚ ਇਕ ਹੀ ਦਿਨ 'ਚ ਪੰਜ ਫੁੱਟ ਤਕ ਪਾਣੀ ਦਾ ਪੱਧਰ ਵਧਿਆ ਹੈ। ਜੋ ਅਗਲੇ ਸਾਲ ਤਕ ਬਿਜਲੀ ਪੈਦਾਵਾਰ ਤੇ ਸਿੰਚਾਈ ਲਈ ਪਾਣੀ ਦੀ ਉਪਲਬਧਤਾ ਵਧਾਉਣ ਦਾ ਸ਼ੁੱਭ ਸੰਕੇਤ ਹੈ।

ਜੇਕਰ ਅੰਕੜਿਆਂ ਨੂੰ ਵੇਖੀਏ ਤਾਂ 28 ਜੁਲਾਈ ਨੂੰ ਡੈਮ 'ਚ ਸਵੇਰੇ ਛੇ ਵਜੇ 1315.36 ਫੁੱਟ ਪਾਣੀ ਦਾ ਪੱਧਰ ਸੀ ਤੇ ਸਵੇਰੇ 28994 ਕਿਊਸਿਕ ਪਾਣੀ ਦੀ ਆਮਦ ਹੋ ਰਹੀ ਸੀ। ਇਸੇ ਸਮੇਂ ਡੈਮ 'ਚੋਂ 10507 ਕਿਊਸਿਕ ਪਾਣੀ ਡਿਸਚਾਰਜ ਹੋ ਰਿਹਾ ਸੀ। ਇਸ ਦੀ ਤੁਲਨਾ 'ਚ ਬੁੱਧਵਾਰ ਨੂੰ ਜੁਲਾਈ ਨੂੰ ਸਵੇਰੇ ਛੇ ਵਜੇ ਡੈਮ 'ਚ 81661 ਕਿਊਸਿਕ ਦੀ ਭਾਰੀ ਆਮਦ ਹੋ ਰਹੀ ਹੈ ਤੇ ਸਿਰਫ਼ 1689 ਕਿਊਸਿਕ ਪਾਣੀ ਹੀ ਡੈਮ 'ਚੋਂ ਛੱਡਿਆ ਜਾ ਰਿਹਾ ਹੈ ਤੇ ਅੱਜ ਸਵੇਰੇ ਪਾਣੀ ਦਾ ਪੱਧਰ 1320.07 ਫੁੱਟ ਰਿਕਾਰਡ ਕੀਤਾ ਗਿਆ। ਇਸ ਲਿਹਾਜ਼ ਨਾਲ ਪੰਜ ਫੁੱਟ ਪਾਣੀ ਦਾ ਪੱਧਰ ਇਕ ਦਿਨ 'ਚ ਹੀ ਵਧਿਆ ਹੈੇ।

ਡੈਮ 'ਚ ਸਿਰਫ਼ 1689 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ, ਕਿਉਂਕਿ ਭਾਰੀ ਬਾਰਿਸ਼ ਕਾਰਨ ਸਿੰਚਾਈ ਲਈ ਪਾਣੀ ਦੀ ਜ਼ਰੂਰਤ ਘਟੀ ਹੈ। ਉੱਥੇ ਬੀਤੇ ਵਰ੍ਹੇ ਅੱਜ ਦੇ ਦਿਨ 29 ਜੁਲਾਈ 2020 ਨੂੰ ਸਵੇਰੇ ਛੇ ਵਜੇ ਡੈਮ 'ਚ 1337.05 ਫੁੱਟ ਪਾਣੀ ਸੀ ਤੇ ਇਸ ਸਮੇਂ ਡੈਮ 'ਚ 21015 ਕਿਊਸਿਕ ਪਾਣੀ ਦੀ ਆਮਦ ਹੋ ਰਹੀ ਸੀ, ਤਾਂ ਡੈਮ ਦੀਆਂ ਟਰਬਾਈਨਾਂ ਤੋਂ 12004 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ। ਇਸ ਲਿਹਾਜ਼ ਨਾਲ ਪਿਛਲੇ ਸਾਲ ਦੀ ਤੁਲਨਾ 'ਚ ਅੱਜ 17 ਫੁੱਟ ਪਾਣੀ ਦਾ ਪੱਧਰ ਘੱਟ ਹੈ। ਯਾਨੀ ਇਨ੍ਹਾਂ ਦਿਨਾਂ 'ਚ ਪਿਛਲੇ ਸਾਲ 1337 ਫੁੱਟ ਪਾਣੀ ਦਾ ਪੱਧਰ ਸੀ। ਜੋ ਹੁਣ 1320 ਹੈ।

ਹਾਲੇ ਵੀ ਲੋੜੀਂਦੇ ਪਾਣੀ ਦੇ ਪੱਧਰ 1395 ਤੋਂ 75 ਫੁੱਟ ਦੀ ਬਹੁਤ ਵੱਡੀ ਦੂਰੀ ਹੈ। ਹਾਲੇ ਜਲ ਭਰਾਓ ਸੀਜ਼ਨ ਦੇ ਕੁਲ 40 ਦਿਨ ਬੀਤੇ ਹਨ ਤੇ 50 ਦਿਨ ਬਾਕੀ ਹਨ ਤੇ ਇੰਨਾ ਜਲ ਭਰਾਓ ਸਿਰਫ਼ ਮੌਨਸੂਨ ਦੀ ਜ਼ੋਰਦਾਰ ਬਾਰਿਸ਼ ਨਾਲ ਹੀ ਸੰਭਵ ਹੋ ਸਕੇਗਾ।