ਦਲਵਿੰਦਰ ਸਿੰਘ ਮਨੌਚਾ, ਗੜ੍ਹਸ਼ੰਕਰ : ਪਿੰਡ ਮੈਰਾ ਦੀ ਮਹਿਲਾ ਸਰਪੰਚ ਵੱਲੋਂ ਜ਼ਹਿਰੀਲੀ ਦਵਾਈ ਨਿਗਲ ਕੇ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਗੜ੍ਹਸ਼ੰਕਰ ਦੀ ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਮਿ੍ਤਕ ਦੇ ਪਿਤਾ ਦੇ ਬਿਆਨਾਂ ਦੇ ਅਧਾਰ 'ਤੇ ਸਹੁਰਾ, ਜੇਠ ਤੇ ਜਠਾਣੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਪਿੰਡ ਮੈਰਾ ਦੀ ਸੁਨੀਤਾ ਦੇਵੀ ਪਤਨੀ ਕੁਲਦੀਪ ਕੁਮਾਰ ਪਿੰਡ ਦੀ ਸਰਪੰਚ ਸੀ, ਜਿਸ ਨੇ 25 ਮਈ ਨੂੰ ਜ਼ਹਿਰੀਲੀ ਵਸਤੂ ਨਿਗਲ ਲਈ ਸੀ, ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਉਸ ਨੂੰ ਗੜ੍ਹਸ਼ੰਕਰ ਦੇ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਸੀ ਜਿਥੇ ਇਲਾਜ ਦੌਰਾਨ ਉਸ ਮੌਤ ਹੋ ਗਈ। ਇਸ ਮਾਮਲੇ ਦਾ ਪਤਾ ਲੱਗਦੇ ਹੀ ਥਾਣਾ ਗੜ੍ਹਸ਼ੰਕਰ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ।

ਪੁਲਿਸ ਨੂੰ ਦਿੱਤੇ ਬਿਆਨਾਂ 'ਚ ਮਿ੍ਤਕ ਦੇ ਪਿਤਾ ਹਰਮੇਸ਼ ਸਿੰਘ ਵਾਸੀ ਨੈਨਵਾਂ ਨੇ ਦੱਸਿਆ ਕਿ ਸੁਨੀਤਾ ਦੇਵੀ ਦਾ ਵਿਆਹ 16 ਸਾਲ ਪਹਿਲਾ ਕੁਲਦੀਪ ਕੁਮਾਰ ਪੁੱਤਰ ਦਰਸ਼ਨ ਰਾਮ (ਸੇਵਾਮੁਕਤ ਅਧਿਆਪਕ) ਨਾਲ ਹੋਇਆ ਸੀ। ਕੁਝ ਸਮਾਂ ਪਹਿਲਾਂ ਸੁਨੀਤਾ ਦੇ ਸਹੁਰੇ ਦਰਸ਼ਨ ਰਾਮ ਨੇ ਆਪਣੀ ਵਸੀਅਤ ਸੰਦੀਪ ਕੁਮਾਰ, ਕੁਲਦੀਪ ਕੁਮਾਰ ਤੇ ਪ੍ਰਗਟ ਸਿੰਘ ਤਿੰਨਾਂ ਪੁੱਤਰਾਂ ਦੇ ਨਾਮ ਕਰ ਦਿੱਤੀ ਸੀ ਤੇ ਸਾਰਿਆਂ ਨੂੰ ਜ਼ਮੀਨ ਵੰਡ ਕੇ ਦੇ ਦਿੱਤੀ, ਪਰ ਦਸੰਬਰ 2019 ਨੂੰ ਦਰਸ਼ਨ ਰਾਮ ਨੇ ਵਸੀਅਤ ਬਦਲ ਕੇ ਆਪਣੇ ਦੋ ਪੁੱਤਰਾਂ ਸੰਦੀਪ ਕੁਮਾਰ ਤੇ ਪ੍ਰਗਟ ਸਿੰਘ ਦੇ ਨਾਮ ਕਰ ਦਿੱਤੀ। ਜ਼ਮੀਨ ਨੂੰ ਲੈ ਕੇ ਸਰਪੰਚ ਸੁਨੀਤਾ ਦੇਵੀ ਨੂੰ ਸਹੁਰਾ ਦਰਸ਼ਨ ਰਾਮ, ਜੇਠ ਸੰਦੀਪ ਕੁਮਾਰ, ਜੇਠਾਣੀ ਰਣਜੀਤ ਕੌਰ ਹਮੇਸ਼ਾ ਤੰਗ ਪਰੇਸ਼ਾਨ ਕਰਦੇ ਸਨ। ਬੀਤੀ 25 ਮਈ ਨੂੰ ਵੀ ਉਕਤ ਤਿੰਨਾਂ ਨੇ ਸੁਨੀਤਾ ਦੇਵੀ ਨੂੰ ਐਨਾ ਮਾਨਸਿਕ ਤੌਰ 'ਤੇ ਪਰੇਸ਼ਾਨ ਕੀਤਾ ਕਿ ਉਸ ਨੇ ਪਰੇਸ਼ਾਨ ਹੋ ਕੇ ਜ਼ਹਿਰੀਲੀ ਵਸਤੂ ਨਿਗਲ ਲਈ ਤੇ ਉਸ ਦੀ ਮੌਤ ਹੋ ਗਈ।

ਇਸ ਘਟਨਾ ਸਬੰਧੀ ਸੂਚਨਾ ਮਿਲਦੇ ਹੀ ਥਾਣਾ ਗੜ੍ਹਸ਼ੰਕਰ ਦੇ ਐੱਸਐੱਚਓ ਇਕਬਾਲ ਸਿੰਘ ਪੁਲਿਸ ਪਾਰਟੀ ਨਾਲ ਮੌਕੇ 'ਤੇ ਪਹੁੰਚ ਗਏ ਤੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਵਿਖੇ ਰਖਵਾ ਦਿੱਤਾ। ਪੁਲਿਸ ਨੇ ਮਿ੍ਤਕ ਦੇ ਪਿਤਾ ਹਰਮੇਸ਼ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਸਹੁਰਾ, ਜੇਠ ਤੇ ਜਠਾਣੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਮੁਲਜ਼ਮ ਪੁਲਿਸ ਦੀ ਗਿ੍ਫ਼ਤ 'ਚੋਂ ਬਾਹਰ ਹਨ।