ਪ੍ਰਦੀਪ ਭਨੋਟ, ਨਵਾਂਸ਼ਹਿਰ : ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸਟੇਟ ਪ੍ਰਧਾਨ ਡਾ. ਪਰਮਜੀਤ ਮਾਨ ਨੇ ਕਿਹਾ ਸਰਕਾਰ ਨੇ 15 ਅਗਸਤ ਦੇ ਮੌਕੇ ਤੇ ਹਰ ਜ਼ਿਲ੍ਹੇ ਵਿਚ ਇਕ ਸਰਕਾਰੀ ਤੇ ਪ੍ਰਰਾਈਵੇਟ ਹਸਪਤਾਲ ਨੂੰ ਆਯੂਸ਼ਮਾਨ ਸਕੀਮ ਤਹਿਤ ਸਨਮਾਨਿਤ ਕਰਨ ਦਾ ਫੈਸਲਾ ਲਿਆ ਹੈ ਜਿਸ ਦਾ ਆਈਐੱਮਏ ਡੱਟਵਾ ਵਿਰੋਧ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਪਹਿਲਾਂ ਹੀ ਪ੍ਰਰਾਈਵੇਟ ਹਸਪਤਾਲਾਂ ਦੀ ਪੇਮੈਂਟ ਰੋਕ ਰਹੀ ਹੈ, ਦੂਸਰੇ ਪਾਸੇ ਇਹੋ ਇਕ ਨਿਜੀ ਹਸਪਤਾਲ ਨੂੰ ਸਨਮਾਨਿਤ ਕਰਨ ਦਾ ਫੈਸਲੇ ਲੈ ਕੇ ਡਰਾਮੇਬਾਜ਼ੀ ਕਰ ਰਹੀ ਹੈ। ਡਾ. ਪਰਮਜੀਤ ਮਾਨ ਨੇ ਕਿਹਾ ਹੈ ਕਿ ਸਟੇਟ ਹੈਲਥ ਏਜੰਸੀ ਵੱਲੋਂ ਹਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਇਹ ਨਿਰਦੇਸ਼ ਦਿੱਤੇ ਗਏ ਹਨ ਕਿ ਹਰ ਜ਼ਿਲ੍ਹੇ ਦੇ ਸਭ ਤੋਂ ਵੱਧ ਕੰਮ ਕਰਨ ਵਾਲੇ ਇਕ ਸਰਕਾਰੀ ਜਾਂ ਇਕ ਪ੍ਰਰਾਈਵੇਟ ਹਸਪਤਾਲ ਨੂੰ ਅਜ਼ਾਦੀ ਦਿਹਾੜੇ ਦੇ ਮੌਕੇ 'ਤੇ ਸਨਮਾਨਿਤ ਕੀਤਾ ਜਾਵੇ। ਆਈਐੱਮਏ ਨੇ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਡੱਟ ਕੇ ਵਿਰੋਧ ਕਰਦੀ ਹੈ ਅਤੇ ਨਾਲ ਹੀ ਸਰਕਾਰ ਦੁਆਰਾ ਦਿੱਤੇ ਹੋਏ ਸਨਮਾਨ ਨੂੰ ਨਾਂ ਲੈਣ ਦਾ ਸਾਰੇ ਹਸਪਤਾਲਾਂ ਨੂੰ ਨਿਰਦੇਸ਼ ਦਿੰਦੀ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਪ੍ਰਰਾਈਵੇਟ ਹਸਪਤਾਲਾਂ ਨੂੰ ਕੰਮ ਕਰਨ ਲਈ ਐਵਾਰਡ ਦੇਣਾ ਚਾਹੁੰਦੀ ਹੈ, ਦੂਸਰੇ ਪਾਸੇ ਹਸਪਤਾਲਾਂ ਦੀ ਪੇਮੈਂਟ ਰੋਕ ਰਹੀ ਹੈ। ਇਹ ਨੀਤੀ ਸਰਕਾਰ ਦੇ ਦੋਹਰੇ ਚਰਿੱਤਰ ਨੂੰ ਦਰਸਾਉਂਦੀ ਹੈ। ਡਾ. ਪਰਮਜੀਤ ਮਾਨ ਨੇ ਹੋਰ ਦੱਸਿਆ ਕੇ ਪੀਜੀਆਈ ਚੰਡੀਗੜ੍ਹ ਦਾ ਤਾਂ ਲਗਭਗ 60 ਫ਼ੀਸਦੀ ਭੁਗਤਾਨ ਕਰ ਦਿੱਤਾ ਗਿਆ ਹੈ ਪਰ ਪ੍ਰਰਾਈਵੇਟ ਹਸਪਤਾਲਾਂ ਦਾ ਸਿਰਫ 10 ਤੋਂ 15 ਫ਼ੀਸਦੀ ਭੁਗਤਾਨ ਕੀਤਾ ਗਿਆ ਹੈ।