ਜਾਗਰਣ ਟੀਮ, ਮੇਹਟੀਆਣਾ : ਥਾਣਾ ਮੇਹਟੀਆਣਾ ਦੀ ਪੁਲਿਸ ਚੌਕੀ ਅਜਨੋਹਾ ਅਧੀਨ ਪੈਂਦੇ ਪਿੰਡ ਪੰਜੋੜਾ 'ਚ 10 ਸਾਲਾ ਬੱਚੀ ਦੀ ਭੇਤਭਰੇ ਹਾਲਾਤ 'ਚ ਮੌਤ ਹੋ ਗਈ। ਸੂਚਨਾ ਮਿਲਦੇ ਹੀ ਚੌਕੀ ਅਜਨੋਹਾ ਦੇ ਏਐੱਸਆਈ ਜਸਵੀਰ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਭੇਜ ਦਿੱਤਾ। ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਪਹੁੰਚੇ ਏਐੱਸਆਈ ਜਸਵੀਰ ਸਿੰਘ ਨੂੰ ਦਿੱਤੇ ਬਿਆਨਾਂ ਵਿਚ ਦਸ ਸਾਲਾ ਲਕਸ਼ਮੀ ਦੇ ਪਿਤਾ ਨਰੇਸ਼ ਪਾਲ ਵਾਸੀ ਪੰਜੋੜਾ ਨੇ ਦੱਸਿਆ ਕਿ ਉਹ ਪਿੰਡ ਵਿਚ ਮਜ਼ਦੂਰੀ ਦਾ ਕੰਮ ਕਰਦਾ ਹੈ। ਲੰਘੀ 26 ਸਤੰਬਰ ਨੂੰ ਉਹ ਆਪਣੀ ਪਤਨੀ ਨਾਲ ਕੰਮ 'ਤੇ ਗਿਆ ਸੀ, ਜਦੋਂ ਕਿ ਪਿੱਛੇ ਘਰ 'ਚ ਲਕਸ਼ਮੀ ਆਪਣੇ ਦੂਜੇ ਭੈਣ ਭਰਾ ਨਾਲ ਖੇਡ ਰਹੀ ਸੀ। ਉਸ ਦੀ ਪਤਨੀ ਅਨੀਤਾ ਨੇ ਕਿਹਾ ਕਿ ਉਹ ਚਾਹ ਪੀਣਾ ਚਾਹੁੰਦੀ ਹੈ। ਜਿਸ 'ਤੇ ਸੁਨੀਤਾ ਘਰ ਆ ਕੇ ਚਾਹ ਬਣਾਉਣ ਲੱਗੀ ਤਾਂ ਕੋਲ ਬੈਠੀ ਲਕਸ਼ਮੀ ਨੇ ਕਿਹਾ ਕਿ ਉਸ ਨੂੰ ਚੱਕਰ ਆ ਰਿਹਾ ਹੈ। ਕੁਝ ਸਮੇਂ ਬਾਅਦ ਉਸ ਨੂੰ ਉਲਟੀਆਂ ਆਉਣ ਲੱਗੀਆਂ ਜਿਸ ਨੂੰ ਤੁਰੰਤ ਕੋਟਫਤੂਹੀ ਦੇ ਨਿੱਜੀ ਹਸਪਤਾਲ ਵਿਖੇ ਲਿਆਂਦਾ ਗਿਆ। ਇੱਥੇ ਡਾਕਟਰਾਂ ਨੇ ਉਸ ਨੂੰ ਨਵਾਂਸ਼ਹਿਰ ਰੈਫਰ ਕਰ ਦਿੱਤਾ। ਜਦੋਂ ਉਹ ਲਕਸ਼ਮੀ ਨੂੰ ਲੈ ਕੇ ਨਵਾਂਸ਼ਹਿਰ ਗਿਆ ਤਾਂ ਉੱਥੇ ਇਲਾਜ ਦੌਰਾਨ ਬੁੱਧਵਾਰ ਦੇਰ ਰਾਤ ਉਸ ਦੀ ਮੌਤ ਹੋ ਗਈ। ਪੁਲਿਸ ਨੇ ਨਰੇਸ਼ ਪਾਲ ਦੇ ਬਿਆਨਾਂ 'ਤੇ ਕੇਸ ਦਰਜ ਕਰ ਕੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।