ਜਗਮੋਹਨ ਸ਼ਰਮਾ, ਤਲਵਾੜਾ : ਹਾਜੀਪੁਰ ਥਾਣੇ ਅਧੀਨ ਪੈਂਦੇ ਪਿੰਡ ਸੈਦੋ ਦੇ ਇੱਕ ਵਿਆਕਤੀ ਨੂੰ ਪਿੰਡ ਦੇ ਹੀ ਇੱਕ ਨੌਜਵਾਨ ਵਲੋਂ ਘਰੋਂ ਬੁਲਾ ਕੇ ਅੱਜ ਤੋਂ 24 ਦਿਨ ਪਹਿਲਾਂ ਲਿਜਾਇਆ ਗਿਆ ਸੀ। ਜਿਸ ਲਾਸ਼ ਅੱਜ ਹਾਜੀਪੁਰ ਪੁਲਿਸ ਨੂੰ ਹਾਜੀਪੁਰ ਦੇ ਸਮਸਾਨ ਘਾਟ ਤੋਂ ਮਿਲੀ ਹੈ। ਐੱਸਐੱਸਪੀ ਹੁਸ਼ਿਆਰਪੁਰ ਨੂੰ ਪਹਿਲਾਂ ਦਿੱਤੀ ਆਪਣੀ ਲਿਖਤੀ ਸ਼ਿਕਾਇਤ ਦੇ ਬਾਵਜੂਦ ਹਾਜੀਪੁਰ ਪੁਲਿਸ ਦੇ ਜਾਂਚ ਅਧਿਕਾਰੀ ਨੇ ਪੀੜਤ ਪਰਿਵਾਰ ਨੂੰ ਹੱਥ ਪੱਲਾ ਨਹੀਂ ਫੜਾਇਆ ਸੀ।

ਪੀੜਤ ਪਰਿਵਾਰ ਦੇ ਲੜਕੇ ਪਵਨ ਕੁਮਾਰ ਨੇ ਹਾਜੀਪੁਰ ਪੁਲਿਸ ਨੂੰ ਦਿੱਤੀ ਲਿਖਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਸ ਦਾ ਪਿਤਾ ਮੰਗਲ ਸਿੰਘ ਜੋ ਕਿ ਟਰੈਕਟਰ ਡਰਾਈਵਰ ਦਾ ਕੰਮ ਕਰਦਾ ਹੈ। ਬੀਤੀ 15 ਜਨਵਰੀ ਨੂੰ ਸ਼ਾਮ ਪੰਜ ਵਜੇ ਉਸ ਦੇ ਹੀ ਪਿੰਡ ਦਾ ਹੀ ਇੱਕ ਨੌਜਵਾਨ ਉਸ ਦੇ ਪਿਤਾ ਨੂੰ ਘਰੋਂ ਆਪਣੇ ਮੋਟਰਸਾਈਕਲ ਉੱਤੇ ਬਿਠਾ ਕੇ ਨੇੜਲੇ ਪਿੰਡ ਜੱਟ ਵੈਲੀ ਸ਼ਰਾਬ ਲੈਣ ਦਾ ਆਖ ਕੇ ਲੈ ਗਿਆ ਸੀ ਪਰ ਉਸ ਨਾਲ ਗਿਆ ਉਸਦਾ ਪਿਤਾ ਰਾਤ ਤੱਕ ਘਰ ਵਾਪਸ ਨਾ ਆਇਆ, ਜਦੋਂ ਸਵੇਰੇ ਉਨ੍ਹਾਂ ਨੇ ਉਕਤ ਨੌਜਵਾਨ ਨੂੰ ਪੁੱਛਿਆ ਤਾਂ ਜਵਾਬ ਮਿਲਿਆ ਕਿ ਉਸ ਨੇ ਉਸਦੇ ਪਿਤਾ (ਮੰਗਲ ਸਿੰਘ) ਨੂੰ ਬੁੱਢਾਬੜ ਚੌਕ ਵਿੱਚ ਮੋਟਰਸਾਈਕਲ ਤੋਂ ਉਤਾਰ ਦਿੱਤਾ ਸੀ। ਪਵਨ ਕੁਮਾਰ ਨੇ ਦੱਸਿਆ ਕਿ ਉਹਨਾਂ ਹਾਜੀਪੁਰ ਪੁਲਿਸ ਨੂੰ 17 ਜਨਵਰੀ ਨੂੰ ਉਪਰੋਕਤ ਨੌਜਵਾਨ ਦੇ ਖ਼ਿਲਾਫ਼ ਲਿਖਤੀ ਸ਼ਿਕਾਇਤ ਦਿੱਤੀ ਸੀ। ਹਾਜੀਪੁਰ ਪੁਲਿਸ ਵੱਲੋਂ ਉਕਤ ਨੌਜਵਾਨ ਨੂੰ ਥਾਣੇ ਬੁਲਾ ਕੇ ਕਥਿਤ ਭ੍ਰਿਸ਼ਟਾਚਾਰ ਕਰਕੇ ਛੱਡ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਉਹਨਾਂ ਪੁਲਿਸ ਨੂੰ ਆਪਣੇ ਪੱਧਰ 'ਤੇ ਸੀਸੀਟੀਵੀ ਫੁਟੇਜ਼ ਵੀ ਮੁਹੱਈਆ ਕਰਵਾਈ ਸੀ, ਜਿਸ ਵਿੱਚ ਉਕਤ ਨੌਜਵਾਨ ਉਸ ਦੇ ਪਿਤਾ ਨੂੰ ਮੋਟਰਸਾਈਕਲ 'ਤੇ ਬਿਠਾ ਕੇ ਤਲਵਾੜਾ ਵਲ ਲਿਜਾਂਦੇ ਹੋਏ ਦਿਖਾਈ ਦੇ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਦੇ ਦਾਅਵੇ ਅਨੁਸਾਰ, ਉਨ੍ਹਾਂ ਦੇ ਪਿਤਾ ਨੂੰ ਉਤਾਰ ਦੇਣ ਵਾਲੇ ਥਾਂ ਤੋਂ ਅਗਲੇ ਸਥਾਨ ਦੀ ਸੀਸੀਟੀਵੀ ਫੁਟੇਜ਼ ਵਿੱਚ ਉਹ ਉਸਦੇ ਪਿਤਾ ਨਾਲ ਦਿਖਾਈ ਦੇ ਰਿਹਾ ਹੈ, ਜਿਸਤੋਂ ਸਪੱਸ਼ਟ ਹੁੰਦਾ ਹੈ ਕਿ ਉਕਤ ਨੌਜਵਾਨ ਝੂਠ ਬੋਲ ਰਿਹਾ ਸੀ ਅਤੇ ਉਸਨੇ ਹੀ ਉਨ੍ਹਾਂ ਦੇ ਪਿਤਾ ਨੂੰ ਕਿੱਧਰੇ ਮਾਰ ਕੇ ਸੁੱਟ ਦਿੱਤਾ ਸੀ ਪਰ ਪੁਲਿਸ ਵੱਲੋਂ ਲਗਾਏ ਗਏ ਜਾਂਚ ਅਧਿਕਾਰੀ ਵਲੋਂ ਉਸ ਨੌਜਵਾਨ ਦੇ ਖ਼ਿਲਾਫ਼ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।

ਜਿਸ ਦੇ ਸਿੱਟੇ ਵਜੋਂ ਬੁੱਧਵਾਰ ਨੂੰ ਉਸ ਦੇ ਪਿਤਾ ਦੀ ਲਾਸ਼ ਤਲਵਾੜਾ ਰੋੜ ਦੇ ਕੋਲੋਂ ਹਾਜੀਪੁਰ ਪੁਲਿਸ ਨੇ ਬੁਰੇ ਹਾਲਾਤ ਵਿੱਚ ਬਰਾਮਦ ਕੀਤੀ ਹੈ। ਪੀੜਿਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਜਲਦੀ ਤੋਂ ਜਲਦੀ ਉਨ੍ਹਾਂ ਦੇ ਪਿਤਾ ਦੀ ਮੌਤ ਦੇ ਦੋਸ਼ੀ ਲੋਕਾਂ ਤੇ ਸਖ਼ਤ ਕਾਰਵਾਈ ਕੀਤੀ ਜਾਵੇ।

ਥਾਣਾ ਮੁਖੀ ਹਾਜੀਪੁਰ ਅਮਰਜੀਤ ਕੌਰ ਦਾ ਕਹਿਣਾ ਸੀ ਕਿ ਹਾਜੀਪੁਰ ਪੁਲਿਸ ਨੇ ਲਾਸ਼ ਬਰਾਮਦ ਕਰਕੇ ਪੋਸਟਮਾਰਟਮ ਲਈ ਸਿਵਿਲ ਹਸਪਤਾਲ ਮੁਕੇਰੀਆਂ ਭੇਜ ਦਿੱਤੀ ਹੈ। ਬਾਕੀ ਮ੍ਰਿਤਕ ਦੇ ਪਰਿਵਾਰਕ ਮੈਂਬਰ ਜੋ ਬਿਆਨ ਦੇਣਗੇ ਉਸ 'ਤੇ ਪੁਲਿਸ ਬਣਦੀ ਕਾਰਵਾਈ ਸਖ਼ਤੀ ਨਾਲ ਕਰੇਗੀ।

Posted By: Jagjit Singh