ਸਤਨਾਮ ਲੋਈ, ਮਾਹਿਲਪੁਰ

ਮੰਗਲਵਾਰ ਰਾਜਨ ਨਿਊਜ ਏਜੰਸੀ ਦੇ ਮਾਲਕ ਰਾਜ ਕੁਮਾਰ ਰਾਜਨ ਦੀ ਬਿਸਤ ਦੁਆਬ ਨਹਿਰ ਦੇ ਲਾਗੇ ਪਿੰਡ ਮੰਨਣਹਾਨਾ ਨਜ਼ਦੀਕ ਖ਼ੜੀ ਮਿਲੀ ਸਕੂਟਰੀ ਤੇ ਮੋਬਾਈਲ ਫ਼ੋਨ ਤੋਂ ਰਾਜ ਕੁਮਾਰ ਰਾਜਨ ਵੱਲੋਂ ਕੀਤੀ ਖ਼ੁਦਕੁਸ਼ੀ ਦੀ ਸੰਭਾਵਨਾ ਬੁੱਧਵਾਰ ਉਸ ਵੇਲੇ ਹਕੀਕਤ ਵਿਚ ਬਦਲ ਗਈ ਜਦੋਂ ਕੋਟਫ਼ਤੂਹੀ ਤੋਂ ਪੰਜ ਕਿੱਲੋ ਮੀਟਰ ਦੂਰ ਅੱਡਾ ਈਸਪੁਰ ਦੇ ਨਜ਼ਦੀਕ ਰਾਜ ਕੁਮਾਰ ਰਾਜਨ ਦੀ ਲਾਸ਼ ਮਿਲ ਗਈ। ਪੁਲਿਸ ਨੇ ਲਾਸ਼ ਕਬਜੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਮੰਗਲਵਾਰ ਰਾਜ ਕੁਮਾਰ ਰਾਜਨ ਸਾਢੇ ਦਸ ਵਜੇ ਦੀ ਕਰੀਬ ਘਰੋਂ ਆਪਣੀ ਸਕੂਟਰੀ 'ਤੇ ਬਾਜ਼ਾਰ ਆਇਆ ਸੀ ਅਤੇ 11 ਵਜੇ ਦੇ ਕਰੀਬ ਉਸ ਦੀ ਸਕੂਟਰੀ ਤੇ ਮੋਬਾਈਲ ਫ਼ੋਨ ਮੰਨਣਹਾਨਾ ਪਿੰਡ ਦੇ ਨਜ਼ਦੀਕ ਮਿਲੇ ਸਨ ਤੇ ਖ਼ਦਸ਼ਾ ਜਾਹਰ ਕੀਤਾ ਜਾ ਰਿਹਾ ਸੀ ਕਿ ਰਾਜ ਕੁਮਾਰ ਰਾਜਨ ਨੇ ਖ਼ੁਦਕੁਸ਼ੀ ਕਰ ਲਈ। ਪਰਿਵਾਰਕ ਸੂਤਰਾਂ ਅਨੁਸਾਰ ਰਾਜ ਕੁਮਾਰ ਰਾਜਨ ਪਿਛਲੇ ਕੁੱਝ ਦਿਨਾਂ੍ਹ ਤੋਂ ਆਪਣੇ ਅਖ਼ਬਾਰੀ ਕੰਮ ਨੂੰ ਲੈ ਕੇ ਪਰੇਸ਼ਾਨ ਸੀ। ਇਹ ਗੱਲ ਵੀ ਸਾਹਮਣੇ ਆਈ ਹੈ ਕਿ ਹਲਕਾ ਚੱਬੇਵਾਲ ਨੂੰ ਪਿੰਡਾਂ ਵਿਚ ਅਖ਼ਬਾਰਾਂ ਵੰਡਣ ਲਈ ਲੈ ਕੇ ਜਾਂਦੇ ਤਿੰਨ ਚਾਰ ਹਾਕਰ ਉਸ ਨੂੰ ਅਖ਼ਬਾਰਾਂ ਦੇ ਪੈਸੇ ਨਹੀਂ ਦੇ ਰਹੇ ਸਨ ਜਦਕਿ ਇਨਾਂ੍ਹ ਹਾਕਰਾਂ ਨੇ ਰਾਜ ਕੁਮਾਰ ਰਾਜਨ ਦਾ 40 ਤੋਂ ਲੈ ਕੇ 90 ਹਜ਼ਾਰ ਤੱਕ ਦਾ ਰੁਪਏ ਦੇਣਾ ਸੀ ਜਿਸ ਕਾਰਨ ਉਸ ਦੀ ਜਲੰਧਰ ਤੋਂ ਛਪਦੀਆਂ ਅਖ਼ਬਾਰਾਂ ਦੀ ਅਦਾਇਗੀ ਵਿਚ ਖ਼ੜੌਤ ਆ ਗਈ ਸੀ ਅਤੇ ਇਨਾਂ੍ਹ ਅਖ਼ਬਾਰਾਂ ਦੇ ਪ੍ਰਬੰਧਕਾਂ ਵੱਲੋਂ ਏਜੰਸੀ ਨੂੰ ਗਿਣਤੀ ਤੋਂ ਵੱਧ ਭੇਜੀਆਂ ਜਾ ਰਹੀਆਂ ਅਖ਼ਬਾਰਾਂ ਰਾਜਨ ਦੇ ਕਹਿਣ 'ਤੇ ਵੀ ਘਟਾਈਆਂ ਨਹੀਂ ਜਾ ਰਹੀਆਂ ਸਨ ਜਿਸ ਕਾਰਨ ਦੋਹਰੀ ਆਰਥਿਕ ਮਾਰ ਝੱਲਦਾ ਹੋਇਆ ਰਾਜ ਦਿਮਾਗੀ ਤੌਰ 'ਤੇ ਪਰੇਸ਼ਾਨ ਰਹਿਣ ਲੱਗ ਪਿਆ।

ਇਸ ਸਬੰਧੀ ਥਾਣਾ ਮੁਖ਼ੀ ਸਤਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਅਜੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਜੇਕਰ ਪਰਿਵਾਰ ਵਲੋਂ ਸ਼ਿਕਾਇਤ ਮਿਲਦੀ ਹੈ ਤਾਂ ਉਸ ਦੀ ਪੜਤਾਲ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।