ਹਰਜਿੰਦਰ ਹਰਗੜ੍ਹੀਆ, ਹੁਸ਼ਿਆਰਪੁਰ : ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਜ਼ਿਲ੍ਹੇ ਦੇ ਹਰ ਯੋਗ ਲਾਭਪਾਤਰੀ ਤਕ ਸਰਕਾਰੀ ਸਕੀਮਾਂ ਦਾ ਲਾਭ ਪਹੁੰਚਾਉਣ 'ਚ ਕੋਈ ਕਮੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਉਨਾਂ੍ਹ ਦੀ ਮੁੱਖ ਤਰਜੀਹ ਹੈ ਕਿ ਜ਼ਿਲ੍ਹਾ ਵਾਸੀਆਂ ਨੂੰ ਹਰ ਸਰਕਾਰੀ ਸੁਵਿਧਾ ਸਮੇਂ ਸਿਰ ਮਿਲੇ ਤੇ ਦਫ਼ਤਰਾਂ 'ਚ ਕੋਈ ਪੈਂਡੈਂਸੀ ਨਾ ਰਹੇ। ਉਹ ਅੱਜ ਬਤੌਰ ਡਿਪਟੀ ਕਮਿਸ਼ਨਰ ਪਹਿਲੀ ਵਾਰ ਪੱਤਰਕਾਰਾਂ ਨਾਲ ਰਸਮੀ ਭੇਟ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨਾਂ੍ਹ ਨਾਲ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਹਰਦੇਵ ਸਿੰਘ ਆਸੀ ਅਤੇ ਸਹਾਇਕ ਲੋਕ ਸੰਪਰਕ ਅਫ਼ਸਰ ਲੋਕੇਸ਼ ਕੁਮਾਰ ਵੀ ਮੌਜੂਦ ਸਨ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਜ਼ਿਲ੍ਹੇ ਦੀ ਤਰੱਕੀ ਲਈ ਸਵੱਛਤਾ, ਸਿੱਖਿਆ ਤੇ ਸਿਹਤ ਸੁਵਿਧਾਵਾਂ ਸਬੰਧੀ ਵਿਸ਼ਿਆਂ 'ਤੇ ਵਿਸ਼ੇਸ਼ ਤੌਰ 'ਤੇ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਟ੍ਰੈਫਿਕ, ਨਾਜਾਇਜ਼ ਕਬਜ਼ੇ, ਅਵਾਰਾ ਜਾਨਵਰਾਂ ਵਰਗੀਆਂ ਸਮੱਸਿਆਂ ਨਾਲ ਨਿਪਟਣ ਲਈ ਯੋਜਨਾਬੱਧ ਤਰੀਕੇ ਨਾਲ ਕੰਮ ਕਰਦੇ ਹੋਏ ਇਨਾਂ੍ਹ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਸ਼ਹਿਰ ਵਿਚ ਨਾਜਾਇਜ਼ ਕਬਜਿਆਂ ਦੇ ਸਵਾਲ 'ਤੇ ਉਨਾਂ੍ਹ ਦੁਕਾਨਦਾਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਕਰਦੇ ਹੋਏ ਨਾਜਾਇਜ਼ ਕਬਜੇ ਹਟਾ ਲੈਣ। ਉਨਾਂ੍ਹ ਸਪੱਸ਼ਟ ਕੀਤਾ ਕਿ ਲੋਕ ਭਲਾਈ ਦੇ ਮੱਦੇਨਜ਼ਰ ਉਹ ਸਖਤ ਕਦਮ ਉਠਾਉਣ ਤੋਂ ਪਿੱਛੇ ਨਹੀਂ ਹਟਣਗੇ।

ਉੁਨ੍ਹਾਂ ਕਿਹਾ ਕਿ ਜਿਥੇ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਤੱਕ ਬਿਹਤਰ ਸੁਵਿਧਾਵਾਂ ਪਹੁੰਚਾਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ, ਉਥੇ ਜ਼ਿਲ੍ਹੇ ਦੀ ਬਿਹਤਰੀ ਲਈ ਮੀਡੀਆ ਵੀ ਆਪਣੀ ਅਹਿਮ ਭੂਮਿਕਾ ਨਿਭਾਉਂਦੇ ਹੋਏ ਪ੍ਰਸ਼ਾਸਨ ਨੂੰ ਫੀਡ ਬੈਕ ਦੇਣ, ਤਾਂ ਜੋ ਹੋਰ ਸੁਧਾਰ ਕੀਤਾ ਜਾ ਸਕੇ। ਉਨਾਂ੍ਹ ਮੀਡੀਆ ਦੇ ਸਾਥੀਆਂ ਨਾਲ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਸਕਰਾਤਮਕ, ਰਚਨਾਤਮਕ ਕੰਮਾਂ ਦੇ ਨਾਲ-ਨਾਲ ਸੂਬਾ ਸਰਕਾਰ ਦੀਆਂ ਚਲਾਈਆਂ ਜਾ ਰਹੀਆਂ ਲੋਕ ਹਿਤੈਸ਼ੀ ਯੋਜਨਾਵਾਂ ਦਾ ਵੱਧ ਤੋਂ ਵੱਧ ਪ੍ਰਚਾਰ-ਪ੍ਰਸਾਰ ਕਰਨ ਦੀ ਅਪੀਲ ਕੀਤੀ, ਤਾਂ ਜੋ ਵੱਧ ਤੋਂ ਵੱਧ ਲੋਕ ਸਰਕਾਰੀ ਯੋਜਨਾਵਾਂ ਤੋਂ ਮਿਲਣ ਵਾਲੀਆਂ ਸੁਵਿਧਾਵਾਂ ਦਾ ਲਾਭ ਲੈ ਸਕਣ। ਇਕ ਸਵਾਲ ਦੇ ਜਵਾਬ ਵਿਚ ਉਨਾਂ੍ਹ ਕਿਹਾ ਕਿ ਜ਼ਿਲ੍ਹੇ ਵਿਚ ਚਾਈਨਾ ਡੋਰ ਦੀ ਵਿਕਰੀ 'ਤੇ ਪੂਰਨ ਪਾਬੰਦੀ ਹੈ। ਉਨਾਂ੍ਹ ਕਿਹਾ ਕਿ ਜਲਦ ਹੀ ਜ਼ਿਲ੍ਹੇ ਵਿਚ ਚੈਕਿੰਗ ਅਭਿਆਨ ਚਲਾਇਆ ਜਾਵੇਗਾ ਅਤੇ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖਿਲਾਫ਼ ਕਾਨੂੰਨ ਮੁਤਾਬਕ ਸਖਤ ਕਾਰਵਾਈ ਕੀਤੀ ਜਾਵੇਗੀ।