ਤਲਵਾੜਾ ਦੀ ਧੀ ਨੇ ਰਚਿਆ ਇਤਿਹਾਸ: ਦੇਸ਼ ਭਰ 'ਚੋਂ 35ਵਾਂ ਰੈਂਕ ਹਾਸਲ ਕਰਕੇ ਭਾਰਤੀ ਹਵਾਈ ਫੌਜ 'ਚ ਬਣੀ ਕਮਿਸ਼ਨਡ ਅਫ਼ਸਰ
ਕੰਢੀ ਖੇਤਰ ਦੇ ਕਸਬਾ ਤਲਵਾੜਾ ਦੀ ਹੋਣਹਾਰ ਧੀ ਗੁਰਸਲੀਨ ਕੌਰ ਨੇ ਭਾਰਤੀ ਹਵਾਈ ਫੌਜ (ਏਅਰ ਫੋਰਸ) ਵਿੱਚ ਕਮਿਸ਼ਨਡ ਅਫ਼ਸਰ ਵਜੋਂ ਚੁਣੇ ਜਾ ਕੇ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਸਮੁੱਚੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। 8 ਜੂਨ 2026 ਨੂੰ ਐਲਾਨੇ ਗਏ ਨਤੀਜਿਆਂ ਵਿੱਚ ਗੁਰਸਲੀਨ ਕੌਰ ਨੇ ਦੇਸ਼ ਭਰ ਦੇ ਕਰੀਬ 6 ਤੋਂ 7 ਲੱਖ ਪਰੀਖਿਆਰਥੀਆਂ ਵਿੱਚੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 35ਵਾਂ ਰੈਂਕ ਹਾਸਲ ਕੀਤਾ ਹੈ, ਜੋ ਇਲਾਕੇ ਲਈ ਮਾਣ ਵਾਲੀ ਗੱਲ ਹੈ।ਜਾਣਕਾਰੀ ਅਨੁਸਾਰ ਪੰਜਾਬ ਵਿੱਚੋਂ ਇਸ ਭਰਤੀ ਪ੍ਰਕਿਰਿਆ ਲਈ ਸਿਰਫ਼ ਦੋ ਲੜਕੀਆਂ ਦੀ ਚੋਣ ਹੋਈ ਹੈ। ਇਨ੍ਹਾਂ ਵਿੱਚੋਂ ਇੱਕ ਰੋਪੜ ਜ਼ਿਲ੍ਹੇ ਦੀ ਉਮੀਦਵਾਰ ਹੈ, ਜਿਸ ਨੇ ਪਹਿਲਾ ਰੈਂਕ ਹਾਸਲ ਕੀਤਾ
Publish Date: Tue, 09 Jun 2026 01:26 PM (IST)
Updated Date: Tue, 09 Jun 2026 01:28 PM (IST)

ਜਗਮੋਹਨ ਸ਼ਰਮਾ, ਪੰਜਾਬੀ ਜਾਗਰਣ, ਤਲਵਾੜਾ : ਕੰਢੀ ਖੇਤਰ ਦੇ ਕਸਬਾ ਤਲਵਾੜਾ ਦੀ ਹੋਣਹਾਰ ਧੀ ਗੁਰਸਲੀਨ ਕੌਰ ਨੇ ਭਾਰਤੀ ਹਵਾਈ ਫੌਜ (ਏਅਰ ਫੋਰਸ) ਵਿੱਚ ਕਮਿਸ਼ਨਡ ਅਫ਼ਸਰ ਵਜੋਂ ਚੁਣੇ ਜਾ ਕੇ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਸਮੁੱਚੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। 8 ਜੂਨ 2026 ਨੂੰ ਐਲਾਨੇ ਗਏ ਨਤੀਜਿਆਂ ਵਿੱਚ ਗੁਰਸਲੀਨ ਕੌਰ ਨੇ ਦੇਸ਼ ਭਰ ਦੇ ਕਰੀਬ 6 ਤੋਂ 7 ਲੱਖ ਪਰੀਖਿਆਰਥੀਆਂ ਵਿੱਚੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 35ਵਾਂ ਰੈਂਕ ਹਾਸਲ ਕੀਤਾ ਹੈ, ਜੋ ਇਲਾਕੇ ਲਈ ਮਾਣ ਵਾਲੀ ਗੱਲ ਹੈ।ਜਾਣਕਾਰੀ ਅਨੁਸਾਰ ਪੰਜਾਬ ਵਿੱਚੋਂ ਇਸ ਭਰਤੀ ਪ੍ਰਕਿਰਿਆ ਲਈ ਸਿਰਫ਼ ਦੋ ਲੜਕੀਆਂ ਦੀ ਚੋਣ ਹੋਈ ਹੈ। ਇਨ੍ਹਾਂ ਵਿੱਚੋਂ ਇੱਕ ਰੋਪੜ ਜ਼ਿਲ੍ਹੇ ਦੀ ਉਮੀਦਵਾਰ ਹੈ, ਜਿਸ ਨੇ ਪਹਿਲਾ ਰੈਂਕ ਹਾਸਲ ਕੀਤਾ, ਜਦਕਿ ਦੂਜੀ ਹੋਣਹਾਰ ਧੀ ਗੁਰਸਲੀਨ ਕੌਰ ਤਲਵਾੜਾ ਨਾਲ ਸੰਬੰਧਿਤ ਹੈ। ਇਸ ਪ੍ਰਾਪਤੀ ਨੇ ਨਾ ਸਿਰਫ਼ ਤਲਵਾੜਾ, ਸਗੋਂ ਪੂਰੇ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਮਾਣ ਮਹਿਸੂਸ ਕਰਵਾਇਆ ਹੈ।
ਗੁਰਸਲੀਨ ਕੌਰ ਨੇ ਆਪਣੀ ਮੁੱਢਲੀ ਸਿੱਖਿਆ ਬੀ.ਬੀ.ਐੱਮ.ਬੀ. ਡੀ.ਏ.ਵੀ. ਪਬਲਿਕ ਸਕੂਲ, ਤਲਵਾੜਾ ਤੋਂ ਪ੍ਰਾਪਤ ਕੀਤੀ ਅਤੇ ਇੱਥੋਂ ਹੀ 12ਵੀਂ (ਨਾਨ-ਮੈਡੀਕਲ) ਦੀ ਪੜ੍ਹਾਈ ਪੂਰੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਬੀ.ਐੱਸ.ਸੀ. (ਆਨਰਜ਼) ਫਿਜ਼ਿਕਸ ਅਤੇ ਐੱਮ.ਐੱਸ.ਸੀ. ਫਿਜ਼ਿਕਸ ਦੀ ਉੱਚ ਸਿੱਖਿਆ ਹਾਸਲ ਕੀਤੀ। ਭਾਰਤੀ ਹਵਾਈ ਫੌਜ ਵਿੱਚ ਸੇਵਾ ਕਰਨ ਦੇ ਆਪਣੇ ਸੁਪਨੇ ਨੂੰ ਸਾਕਾਰ ਕਰਨ ਲਈ ਉਨ੍ਹਾਂ ਨੇ ਸਿੱਖਿਆ ਦੇ ਨਾਲ-ਨਾਲ ਮੁਕਾਬਲੇ ਦੀਆਂ ਪਰੀਖਿਆਵਾਂ ਦੀ ਤਿਆਰੀ ਵੀ ਜਾਰੀ ਰੱਖੀ ਅਤੇ ਪੰਜਾਬ ਯੂਨੀਵਰਸਿਟੀ ਤੋਂ ਹੀ ਐੱਮ.ਏ. ਅੰਗਰੇਜ਼ੀ ਦੀ ਪੜ੍ਹਾਈ ਕੀਤੀ, ਜੋ ਸਾਲ 2025 ਵਿੱਚ ਮੁਕੰਮਲ ਹੋਈ। ਗੁਰਸਲੀਨ ਕੌਰ ਦੀ ਇਹ ਸਫ਼ਲਤਾ ਉਨ੍ਹਾਂ ਦੀ ਲਗਨ, ਦ੍ਰਿੜ ਇਰਾਦੇ ਅਤੇ ਸਖ਼ਤ ਮਿਹਨਤ ਦਾ ਨਤੀਜਾ ਹੈ। ਉਹ ਇਸ ਤੋਂ ਪਹਿਲਾਂ ਤਿੰਨ ਵਾਰ ਸਰਵਿਸ ਸਿਲੈਕਸ਼ਨ ਬੋਰਡ (ਐੱਸ.ਐੱਸ.ਬੀ.) ਅਤੇ ਏਅਰ ਫੋਰਸ ਸਿਲੈਕਸ਼ਨ ਬੋਰਡ (ਏ.ਐੱਫ਼.ਐੱਸ.ਬੀ.) ਲਈ ਰਿਕਮੈਂਡ ਹੋ ਚੁੱਕੀ ਸੀ। ਅਗਸਤ 2025 ਵਿੱਚ ਹੋਈ ਲਿਖਤੀ ਪਰੀਖਿਆ ਦਾ ਨਤੀਜਾ ਹੁਣ ਐਲਾਨਿਆ ਗਿਆ ਹੈ, ਜਿਸ ਵਿੱਚ ਉਨ੍ਹਾਂ ਨੇ ਸ਼ਾਨਦਾਰ ਸਫ਼ਲਤਾ ਹਾਸਲ ਕਰਦਿਆਂ ਭਾਰਤੀ ਹਵਾਈ ਫੌਜ ਵਿੱਚ ਕਮਿਸ਼ਨਡ ਅਫ਼ਸਰ ਬਣਨ ਦਾ ਸੁਪਨਾ ਸਾਕਾਰ ਕਰ ਲਿਆ।
ਗੁਰਸਲੀਨ ਕੌਰ ਦੇ ਪਿਤਾ ਧਰਮਿੰਦਰ ਸਿੰਘ ਬੜੈਚ ਬੀ.ਬੀ.ਐੱਮ.ਬੀ. ਵਿੱਚ ਐੱਸ.ਡੀ.ਓ. ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ, ਜਦਕਿ ਉਨ੍ਹਾਂ ਦੀ ਮਾਤਾ ਜਸਪਾਲ ਕੌਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਤਲਵਾੜਾ ਵਿੱਚ ਲੈਕਚਰਾਰ ਵਜੋਂ ਕਾਰਜਰਤ ਹਨ। ਪਰਿਵਾਰ ਦੇ ਸਿੱਖਿਆ ਅਤੇ ਅਨੁਸ਼ਾਸਨ ਭਰੇ ਮਾਹੌਲ ਨੇ ਗੁਰਸਲੀਨ ਕੌਰ ਦੀ ਸਫ਼ਲਤਾ ਵਿੱਚ ਅਹਿਮ ਯੋਗਦਾਨ ਪਾਇਆ ਹੈ।ਗੁਰਸਲੀਨ ਕੌਰ ਦੀ ਇਸ ਮਿਸਾਲੀ ਉਪਲਬਧੀ 'ਤੇ ਇਲਾਕੇ ਦੀਆਂ ਸਮਾਜਿਕ, ਧਾਰਮਿਕ, ਸਿੱਖਿਆਕ ਅਤੇ ਰਾਜਨੀਤਿਕ ਸ਼ਖ਼ਸੀਅਤਾਂ ਵੱਲੋਂ ਪਰਿਵਾਰ ਨੂੰ ਲਗਾਤਾਰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਗੁਰਸਲੀਨ ਕੌਰ ਦੀ ਇਹ ਪ੍ਰਾਪਤੀ ਖੇਤਰ ਦੀਆਂ ਧੀਆਂ ਲਈ ਪ੍ਰੇਰਣਾ ਸਰੋਤ ਬਣੇਗੀ ਅਤੇ ਨੌਜਵਾਨਾਂ ਨੂੰ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਮਿਹਨਤ ਕਰਨ ਦਾ ਸੰਦੇਸ਼ ਦੇਵੇਗੀ। ਤਲਵਾੜਾ ਦੀ ਇਸ ਹੋਣਹਾਰ ਧੀ ਨੇ ਸਾਬਤ ਕਰ ਦਿੱਤਾ ਹੈ ਕਿ ਮਿਹਨਤ, ਲਗਨ ਅਤੇ ਦ੍ਰਿੜ ਇਰਾਦੇ ਨਾਲ ਕੋਈ ਵੀ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ।