ਪੰਜਾਬੀ ਜਾਗਰਣ ਟੀਮ, ਹੁਸ਼ਿਆਰਪੁਰ : ਥਾਣਾ ਬੁੱਲ੍ਹੋਵਾਲ ਅਧੀਨ ਪੈਂਦੇ ਪਿੰਡ ਪੰਡੋਰੀ ਫੰਗੁੂੜੇ ਵਿਖੇ ਭਤੀਜੀ ਦੇ ਪਤੀ ਤੋਂ ਤੰਗ ਆ ਕੇ ਇਕ ਵਿਅਕਤੀ ਨੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਫਾਹਾ ਲੈ ਲਿਆ। ਪੁਲਿਸ ਨੇ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਰਖਵਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਸੁਰਿੰਦਰਪਾਲ ਸਿੰਘ (53) ਵਜੋਂ ਹੋਈ ਹੈ।

ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਕਰਵਾਉਣ ਆਏ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੇ ਉਸ ਦੇ ਵੱਡੇ ਭਰਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਕੁਆਰਾ ਸੀ ਤੇ ਉਹ ਆਪਣੇ ਮਾਤਾ-ਪਿਤਾ ਨਾਲ ਹੀ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਸੁਰਿੰਦਰਪਾਲ ਸਿੰਘ ਆਪਣੀ ਭਤੀਜੀ ਅਰਸ਼ਦੀਪ ਕੌਰ ਨਾਲ ਬਹੁਤ ਪਿਆਰ ਕਰਦਾ ਸੀ। ਅਰਸ਼ਦੀਪ ਕੌਰ ਦਾ ਵਿਆਹ 2018 ਨੂੰ ਤਰਨਤਾਰਨ ਦੇ ਪਿੰਡ ਹੋਠੀਆਂ ਦੇ ਜਰਮਨਜੀਤ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਨ੍ਹਾਂ ਜਰਮਨਜੀਤ ਨੂੰ 15-16 ਲੱਖ ਲਾ ਕੇ ਕੈਨੇਡਾ ਭੇਜ ਦਿੱਤਾ ਸੀ। ਕੈਨੇਡਾ ਜਾ ਕੇ ਜਰਮਨਜੀਤ ਨੇ ਅਰਸ਼ਦੀਪ ਕੌਰ ਨਾਲ ਫੋਨ ’ਤੇ ਗੱਲ ਕਰਨੀ ਬੰਦ ਕਰ ਦਿੱਤੀ, ਜੇ ਕਦੇ ਗੱਲਬਾਤ ਹੁੰਦੀ ਵੀ ਸੀ ਤਾਂ ਉਹ ਫੋਨ ’ਤੇ ਹੀ ਉਸ ਨਾਲ ਝਗੜਨਾ ਸ਼ੁਰੂ ਕਰ ਦਿੰਦਾ ਸੀ। ਅਰਸ਼ਦੀਪ ਕੌਰ ਨੂੰ ਉਸ ਦਾ ਸਹੁਰਾ ਪਰਿਵਾਰ ਵੱਲੋਂ ਵੀ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਬਾਅਦ ਉਹ ਹਰਜੀਤ ਕੌਰ 2019 ’ਚ ਆਪਣੇ ਕੋਲ ਲੈ ਆਏ ਸਨ ਜਿਸ ਦੀ ਹੁਣ ਤਿੰਨ ਸਾਲਾਂ ਦੀ ਇਕ ਬੱਚੀ ਵੀ ਹੈ।

ਬਲਵਿੰਦਰ ਸਿੰਘ ਨੇ ਦੱਸਿਆ ਕਿ ਲੜਕੀ ਦੇ ਸਹੁਰੇ ਪਰਿਵਾਰ ਨਾਲ ਕਈ ਵਾਰ ਰਾਜ਼ੀਨਾਮੇ ਲਈ ਗੱਲਬਾਤ ਕਰਨ ਲਈ ਕਿਹਾ ਗਿਆ ਸੀ ਪਰ ਉਨ੍ਹਾਂ ਵੱਲੋਂ ਲੜਕੀ ’ਤੇ ਤਲਾਕ ਲਈ ਦਬਾਅ ਪਾਇਆ ਜਾ ਰਿਹਾ ਸੀ। ਪੰਚਾਇਤ ’ਚ ਲੜਕੀ ਦੇ ਸਹੁਰੇ ਪਰਿਵਾਰ ਨੇ ਇਹ ਮੰਨਿਆ ਸੀ ਕਿ ਉਹ ਵਿਆਹ ਦੌਰਾਨ ਖਰਚੀ ਰਕਮ ਤੇ ਵਿਦੇਸ਼ ਭੇਜਣ ਲਈ ਲਾਏ ਪੈਸੇ ਵਾਪਸ ਕਰ ਦੇਣਗੇ ਪਰ ਦੋ ਸਾਲ ਲੰਘ ਜਾਣ ਤੋਂ ਬਾਅਦ ਵੀ ਨਾ ਤਾਂ ਉਨ੍ਹਾਂ ਨੇ ਲੜਕੀ ਨੂੰ ਤਲਾਕ ਦਿੱਤਾ ਤੇ ਨਾ ਰਕਮ ਮੋੜੀ। ਇਸੇ ਗੱਲ ਨੂੰ ਲੈ ਕੇ ਸੁਰਿੰਦਰਪਾਲ ਪਰੇਸ਼ਾਨ ਰਹਿੰਦਾ ਸੀ ਤੇ ਬੁੱਧਵਾਰ ਤੜਕਸਾਰ ਢਾਈ ਵਜੇ ਦੇ ਕਰੀਬ ਉਸ ਨੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਖ਼ੁਦਕੁਸ਼ੀ ਕਰ ਲਈ।

ਸੋਸ਼ਲ ਮੀਡੀਆ ਤੋਂ ਲੱਗਾ ਖ਼ੁਦਕੁਸ਼ੀ ਦਾ ਪਤਾ

ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਰਾਤ ਨੂੰ ਆਪਣੇ ਘਰ ਸੁੱਤੇ ਹੋਏ ਸਨ। ਸਵੇਰਸਾਰ ਢਾਈ ਵਜੇ ਦੇ ਕਰੀਬ ਪਿੰਡ ਦਾ ਇਕ ਵਿਅਕਤੀ ਉਨ੍ਹਾਂ ਦੇ ਘਰ ਆਇਆ ਜਿਸ ਨੇ ਦੱਸਿਆ ਕਿ ਉਸ ਨੂੰ ਕੈਨੇਡਾ ਤੋਂ ਪਿੰਡ ਦੇ ਹੀ ਵਿਅਕਤੀ ਨੇ ਫੋਨ ਕਰਕੇ ਦੱਸਿਆ ਕਿ ਸੁਰਿੰਦਰਪਾਲ ਸਿੰਘ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਖ਼ੁਦਕੁਸ਼ੀ ਕਰਨ ਲੱਗਾ ਹੈ, ਤੁਸੀਂ ਉਨ੍ਹਾਂ ਦੇ ਘਰ ਜਾ ਕੇ ਦੇਖੋ। ਜਦੋਂ ਉਹ ਸੁਰਿੰਦਰਪਾਲ ਦੇ ਕਮਰੇ ਵਿਚ ਪੁੱਜੇ ਤਾਂ ਉਸ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ।

ਮੰਮੀ ਡੈਡੀ ਮੈਨੂੰ ਮਾਫ਼ ਕਰ ਦਿਓ

ਸੋਸ਼ਲ ਮੀਡੀਆ ’ਤੇ 50 ਸੈਕੰਡ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਸੁਰਿੰਦਰਪਾਲ ਸਿੰਘ ਕਹਿ ਰਿਹਾ ਹੈ ਕੇ ਮੇਰੀ ਸਾਰੀ ਜਾਇਦਾਦ ਦੇ ਵਾਰਿਸ ਮੇਰੀਆਂ ਤਿੰਨ ਭੈਣਾਂ ਤੇ ਮੇਰਾ ਇਕ ਭਰਾ ਹੋਵੇਗਾ। ਵੀਡੀਓ ਵਿਚ ਉਸ ਨੇ ਦੱਸਿਆ ਕਿ ਉਸ ਦੀ ਭਤੀਜੀ ਅਰਸ਼ਦੀਪ ਕੌਰ ਨੂੰ ਉਸ ਦੇ ਸਹੁਰਾ ਪਰਿਵਾਰ ਨੇ ਬਹੁਤ ਤੰਗ ਕੀਤਾ ਹੈ ਜਿਸ ਤੋਂ ਅਸੀਂ ਬਹੁਤ ਦੁਖੀ ਹਾਂ। ਲੱਖਾਂ ਰੁਪਏ ਲੈ ਕੇ ਮੁੰਡਾ ਕੈਨੇਡਾ ਭੱਜ ਗਿਆ ਹੈ ਜਿਸ ਤੋਂ ਦੁਖੀ ਹੋ ਕੇ ਮੈਂ ਆਤਮਹੱਤਿਆ ਕਰਨ ਜਾ ਰਿਹਾ ਹਾਂ। ਵੀਡੀਓ ਦੇ ਅਖੀਰ ਵਿਚ ਸੁਰਿੰਦਰਪਾਲ ਨੇ ਕਿਹਾ ਕਿ ਮੈਨੂੰ ਮੇਰੇ ਫਾਦਰ ਤੇ ਮਦਰ ਮਾਫ ਕਰ ਦੇਣ, ਥੈਂਕਯੂ।

ਭਤੀਜੀ ਦੇ ਸਹੁਰਾ ਪਰਿਵਾਰ ਦੇ ਪੰਜ ਮੈਂਬਰਾਂ ’ਤੇ ਮਾਮਲਾ ਦਰਜ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਐੱਸਆਈ ਜਗਦੀਪ ਸਿੰਘ ਨੇ ਦੱਸਿਆ ਕਿ ਬਲਵਿੰਦਰ ਸਿੰਘ ਦੇ ਬਿਆਨਾਂ ’ਤੇ ਸੁਰਿੰਦਰਪਾਲ ਦੀ ਭਤੀਜੀ ਦੇ ਸਹੁਰਾ ਪਰਿਵਾਰ ਦੇ ਪੰਜ ਮੈਂਬਰਾਂ ਖ਼ਿਲਾਫ਼ ਧਾਰਾ 306 ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਅਰਸ਼ਦੀਪ ਕੌਰ ਦੇ ਪਤੀ ਜਰਮਨਜੀਤ ਸਿੰਘ, ਸੱਸ ਹਰਜੀਤ ਕੌਰ, ਨਨਾਣ ਰਾਜਵੀਰ ਕੌਰ ਤੇ ਸਰਬਜੀਤ ਕੌਰ ਅਤੇ ਵਿਚੋਲੇ ਗੁਰਵੀਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

Posted By: Jatinder Singh