ਪੱਤਰ ਪੇ੍ਰਰਕ, ਟਾਂਡਾ ਉੜਮੁੜ : ਹਲਕਾ ਉੜਮੁੜ ਦੇ ਸ਼ਹਿਰ ਟਾਂਡਾ ਅਧੀਨ ਆਉਂਦੇ ਪਿੰਡ ਜਲਾਲਪੁਰ ਦੀ ਇਕ ਨਾਬਾਲਗ ਲੜਕੀ ਦੀ ਗ਼ਲਤ ਦਵਾਈ ਖਾਣ ਨਾਲ ਮੌਤ ਹੋ ਗਈ। ਮਿ੍ਤਕ ਨਾਬਾਲਗ ਲੜਕੀ ਦੀ ਪਛਾਣ ਸੁਖਮਿੰਦਰ ਕੌਰ (17) ਪੁੱਤਰੀ ਗੁਰਮੀਤ ਸਿੰਘ ਵਜੋਂ ਹੋਈ ਹੈ। ਗੁਰਮੀਤ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਉਹ ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ। ਗੁਰਮੀਤ ਸਿੰਘ ਦੀਆਂ ਦੋ ਲੜਕੀਆਂ ਹਨ। ਪਤਨੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਲੜਕੀ ਸੁਖਮਿੰਦਰ ਕੌਰ ਕੱਪੜੇ ਸਿਲਾਈ ਦਾ ਕੰਮ ਕਰਦੀ ਸੀ ਤੇ ਬਾਰ੍ਹਵੀਂ ਜਮਾਤ ਤਕ ਪੜ੍ਹੀ ਸੀ। ਸੁਖਮਿੰਦਰ ਆਪਣੀ ਮਾਤਾ ਦੇ ਮਰਨ ਤੋਂ ਬਾਅਦ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਸੀ ਤੇ ਉਸ ਦਾ ਇਲਾਜ ਚਲ ਰਿਹਾ ਸੀ। ਸੁਖਮਿੰਦਰ ਨੇ ਘਰ 'ਚ ਪਈ ਕੋਈ ਪੁਰਾਣੀ ਦਵਾਈ ਭੁਲੇਖੇ ਨਾਲ ਖਾ ਲਈ, ਜਿਸ ਕਾਰਨ ਉਸ ਦੀ ਸਿਹਤ ਵਿਗੜ ਗਈ। ਪਰਿਵਾਰਕ ਮੈਂਬਰਾਂ ਵੱਲੋਂ ਸੁਖਮਿੰਦਰ ਨੂੰ ਸਰਕਾਰੀ ਹਸਪਤਾਲ ਟਾਂਡਾ ਵਿਖੇ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਸੁਖਮਿੰਦਰ ਦੀ ਵਿਗੜਦੀ ਹਾਲਤ ਦੇਖਦੇ ਹੋਏ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਰੈਫਰ ਕਰ ਦਿੱਤਾ। ਗੁਰਮੀਤ ਸਿੰਘ ਸੁਖਮਿੰਦਰ ਨੂੰ ਜਲੰਧਰ ਦੇ ਕਿਸੇ ਨਿੱਜੀ ਹਸਪਤਾਲ 'ਚ ਇਲਾਜ ਕਰਵਾਉਣ ਲਈ ਲੈ ਕੇ ਜਾ ਰਹੇ ਸਨ, ਪਰ ਜਦੋਂ ਰਾਸਤੇ 'ਚ ਪਿੰਡ ਖੱਖਾਂ ਲਾਗੇ ਪੁੱਜੇ ਤਾਂ ਸੁਖਮਿੰਦਰ ਦੀ ਮੌਤ ਹੋ ਗਈ। ਟਾਂਡਾ ਪੁਲਿਸ ਨੇ ਗੁਰਮੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਕਰਕੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ।