ਸੁਖਵਿੰਦਰ ਸੁੱਖੀ, ਹੁਸ਼ਿਆਰਪੁਰ : ਹਲਕਾ ਹਰਿਆਣਾ ਅਧੀਨ ਪੈਂਦੇ ਪਿੰਡ ਬੱਸੀ ਨੌ ਦੇ ਇਕ ਵਿਅਕਤੀ ਨੇ ਫਾਹਾ ਲੈ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ। ਥਾਣਾ ਹਰਿਆਣਾ ਦੀ ਪੁਲਿਸ ਨੇ ਲਾਸ਼ ਆਪਣੇ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਿ੍ਤਕ ਦੀ ਪਛਾਣ ਜਸਵਿੰਦਰ ਸਿੰਘ (35) ਪੁੱਤਰ ਬਲਵਿੰਦਰ ਸਿੰਘ ਵਾਸੀ ਬੱਸੀ ਨੌ ਥਾਣਾ ਹਰਿਆਣਾ ਵਜੋਂ ਹੋਈ ਹੈ।

ਮਿ੍ਤਕ ਦੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਜਸਵਿੰਦਰ ਸਿੰਘ ਰਾਜ ਮਿਸਤਰੀ ਦਾ ਕੰਮ ਕਰਦਾ ਸੀ, ਜੋ ਲਾਕ ਡਾਊਨ ਤੋਂ ਬਾਅਦ ਕੰਮ ਨਾ ਮਿਲ ਕਰ ਕੇ ਪਰੇਸ਼ਾਨ ਰਹਿੰਦਾ ਸੀ। ਇਸ ਕਾਰਨ ਪਤੀ-ਪਤਨੀ ਦਾ ਆਪਸ 'ਚ ਝੱਗੜਾ ਵੀ ਹੁੰਦਾ ਰਹਿੰਦਾ ਸੀ।

ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਜਸਵਿੰਦਰ ਆਪਣੇ ਕਮਰੇ 'ਚ ਸੌਣ ਲਈ ਚਲਾ ਗਿਆ। ਸ਼ਨਿਚਰਵਾਰ ਸਵੇਰੇ ਪਤਨੀ ਉਸ ਨੂੰ ਉਠਾਉਣ ਲਈ ਗਈ ਪਰ ਦਰਵਾਜਾ ਬੰਦ ਸੀ। ਜਦੋਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਦਰਵਾਜਾ ਤੋੜਿਆ ਤਾਂ ਅੰਦਰ ਜਸਵਿੰਦਰ ਸਿੰਘ ਦੀ ਲਾਸ਼ ਗਾਰਡਰ ਨਾਲ ਲਟਕ ਰਹੀ ਸੀ।

ਸੂਚਨਾ ਮਿਲਦਿਆਂ ਹੀ ਥਾਣਾ ਹਰਿਆਣਾ ਦੀ ਪੁਲਿਸ ਮੌਕੇ 'ਤੇ ਪਹੁੰਚੀ ਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਰੱਖਵਾਇਆ। ਏਐੱਸਆਈ ਸੋਹਨ ਲਾਲ ਨੇ ਦੱਸਿਆ ਕਿ ਮਿ੍ਤਕ ਦੇ ਪਿਤਾ ਬਲਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 174 ਦੀ ਕਾਰਵਾਈ ਕੀਤੀ ਹੈ। ਪੋਸਟ ਮਾਰਟਮ ਕਰਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ। ਮਿ੍ਤਕ ਆਪਣੇ ਪਿੱਛੇ ਪਤਨੀ ਤੇ ਦੋ ਛੋਟੇ ਬੱਚਿਆਂ ਨੂੰ ਛੱਡ ਗਿਆ ਹੈ।