ਦਲਵਿੰਦਰ ਸਿੰਘ ਮਨੌਚਾ, ਗੜ੍ਹਸ਼ੰਕਰ

ਕਿਰਤੀ ਕਿਸਾਨ ਯੂਨੀਅਨ ਵੱਲੋਂ ਐਤਵਾਰ ਨੂੰ ਇੱਥੋਂ ਦੇ ਵੱਖ-ਵੱਖ ਪਿੰਡਾਂ ਵਿਚ ਸ਼ੋ੍ਮਣੀ ਅਕਾਲੀ ਦਲ ਦੇ ਆਗੂਆਂ ਨੂੰ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀਬਾੜੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਵਿਰੋਧ ਝੱਲਣਾ ਪਿਆ। ਸ਼ੋ੍ਮਣੀ ਅਕਾਲੀ ਦਲ ਬਸਪਾ ਦੇ ਸਮਝੌਤਾ ਹੋਣ ਤੋਂ ਬਾਅਦ ਸ਼ੋ੍ਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਵੱਖ-ਵੱਖ ਪਿੰਡਾਂ ਵਿੱਚ ਸਿਆਸੀ ਸਰਗਰਮੀਆਂ ਅਚਨਚੇਤ ਤੇਜ਼ ਕੀਤੀਆਂ ਹੋਈਆਂ ਸਨ। ਸ਼ੋ੍ਮਣੀ ਅਕਾਲੀ ਦਲ ਦੀਆਂ ਇਹਨਾਂ ਹਰਕਤਾਂ ਤੋਂ ਖ਼ਫ਼ਾ ਹੋ ਕੇ ਕਿਸਾਨ ਆਗੂਆਂ ਨੇ ਆਪਣੇ ਮਨ ਦੀ ਭੜਾਸ ਕੱਢਦੇ ਹੋਏ ਪਿੰਡ ਰੁੜਕੀ ਖਾਸ ਅਤੇ ਗੋਲੇਵਾਲ ਵਿਚ ਕਾਲੇ, ਲਾਲ ਝੰਡੇ ਹੱਥਾਂ ਵਿਚ ਚੁੱਕ ਕੇ 'ਭੁੱਲੇਵਾਲ ਰਾਠਾਂ ਵਾਪਸ ਜਾਓ ਭੁੱਲੇਵਾਲ ਰਾਠਾਂ ਵਾਪਸ ਜਾਓ' ਅਤੇ 'ਅਕਾਲੀ ਦਲ ਮੁਰਦਾਬਾਦ' ਦੇ ਨਾਅਰੇ ਲਾਏ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਇਨ੍ਹਾਂ ਪਿੰਡਾਂ ਵਿੱਚ ਉਹੀ ਲੋਕ ਦਾਖਲ ਹੋ ਸਕਦੇ ਹਨ ਜੋ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹੋਣਗੇ। ਕਿਸਾਨਾਂ ਦਾ ਰੋਹ ਵੇਖ ਕੇ ਜਾਪ ਰਿਹਾ ਸੀ ਕਿ ਜਦ ਤੱਕ ਤਿੰਨ ਕਾਲੇ ਕਾਨੂੰਨ ਵਾਪਸ ਨਹੀਂ ਹੋ ਜਾਂਦੇ ਤਦ ਤੱਕ ਕਿਸੇ ਵੀ ਸਿਆਸੀ ਪਾਰਟੀ ਦਾ ਘੱਟੋ ਘੱਟ ਇਨਾਂ੍ਹ ਪਿੰਡਾਂ ਵਿੱਚ ਦਾਖਲਾ ਸੰਭਵ ਨਹੀਂ। ਕਿਸਾਨਾਂ ਦੀ ਪੂਰੀ ਤਿਆਰੀ ਵੇਖਦੇ ਹੋਏ ਸਥਾਨਕ ਸ਼ੋ੍ਮਣੀ ਅਕਾਲੀ ਦਲ ਦੇ ਵਰਕਰਾਂ ਨੇ ਆਪਣੇ ਆਗੂ ਨੂੰ ਨਾ ਵੜਨ ਦਾ ਸੁਨੇਹਾ ਭੇਜ ਕੇ ਪਿਛਲੇ ਪਿੰਡ ਤੋਂ ਹੀ ਵਾਪਸ ਮੋੜ ਦਿੱਤਾ।

ਸ਼ੋ੍ਮਣੀ ਅਕਾਲੀ ਦਲ ਦੇ ਗੜ੍ਹ ਵਾਲੇ ਇਨਾਂ੍ਹ ਪਿੰਡਾਂ ਵਿਚ ਪਾਰਟੀ ਆਗੂ ਦੇ ਇਸ ਤਰਾਂ੍ਹ ਹੋਏ ਵਿਰੋਧ ਨੇ ਰਾਜਨੀਤਕ ਸਫਾਂ ਵਿੱਚ ਇਹ ਚਰਚਾ ਛੇੜ ਦਿੱਤੀ ਹੈ ਕਿ ਸ਼ੋ੍ਮਣੀ ਅਕਾਲੀ ਦਲ ਨੂੰ ਹਾਲ ਦੀ ਘੜੀ ਬੈਕਫੁਟ ਤੇ ਧੱਕ ਦਿੱਤਾ ਹੈ।