ਜੇਐੱਨਐੱਨ, ਹੁਸ਼ਿਆਰਪੁਰ : ਟਾਂਡਾ ਉੜਮੁੜ ਨੇੜਲੇ ਪਿੰਡ 'ਚ ਪਿਛਲੇ ਦਿਨੀਂ ਵਾਪਰੀ ਘਟਨਾ ਕਾਰਨ ਪੀੜਤ ਪਰਿਵਾਰ ਦੇ ਨਾਲ ਨਾਲ ਸਮਾਜ ਦਾ ਹਰ ਵਰਗ ਦੁਖੀ ਹੈ। ਇਸ ਘਟਨਾ ਨੇ ਹਰੇਕ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਹ ਵਿਚਾਰ ਵਿਜੇ ਸਾਂਪਲਾ ਸਾਬਕਾ ਕੇਂਦਰੀ ਮੰਤਰੀ ਤੇ ਸਾਬਕਾ ਸੂਬਾ ਪ੍ਰਧਾਨ ਨੇ ਪ੍ਰਗਟ ਕੀਤੇ। ਸਾਂਪਲਾ ਨੇ ਸੂਬੇ ਦੀ ਵਿਗੜਦੀ ਕਾਨੂੰਨ ਵਿਵਸਥਾ 'ਤੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਦੀ ਕਮਜੋਰੀ ਕਾਰਨ ਹੀ ਸੂਬੇ 'ਚ ਅਜਿਹੀਆਂ ਘਟਨਾਵਾਂ ਵੱਧ ਰਹੀਆਂ ਹਨ ਤੇ ਅਨੁਸੂਚਿਤ ਸਮਾਜ 'ਤੇ ਹੀ ਅਤਿਆਚਾਰ ਹੋ ਰਹੇ ਹਨ। ਸੂਬਾ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਉਣ 'ਚ ਅਸਫ਼ਲ ਹੈ। ਸਾਂਪਲਾ ਨੇ ਮੰਗ ਕੀਤੀ ਕਿ ਮੁਲਜ਼ਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ, ਤਾਂ ਜੋ ਦੁਬਾਰਾ ਅਜਿਹੀ ਘਟਨਾ ਨਾ ਵਾਪਰ ਸਕੇ। ਉਨ੍ਹਾਂ ਸੂਬਾ ਸਰਕਾਰ ਕੋਲੋਂ ਮੰਗ ਕੀਤੀ ਕਿ ਸਰਕਾਰ ਪੀੜਤ ਪਰਿਵਾਰ ਨੂੰ ਘੱਟ ਤੋਂ ਘੱਟ 25 ਲੱਖ ਦਾ ਮੁਆਵਜ਼ਾ ਤੇ ਇਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਵੀ ਦੇਵੇ।