ਗੁਰਬਿੰਦਰ ਸਿੰਘ ਪਲਾਹਾ, ਹੁਸ਼ਿਆਰਪੁਰ : ਕੋਰੋਨਾ ਨਾਲ ਸਮੁੱਚੇ ਸੰਸਾਰ ਭਰ ਦੇ ਲੋਕ ਜੰਗ ਲੜ ਰਹੇ ਹਨ। ਇਸ ਦੌਰ 'ਚ ਬਹੁਤ ਸਾਰੀਆਂ ਸੰਸਥਾਵਾਂ ਤੇ ਸ਼ਖ਼ਸੀਅਤਾਂ ਆਪਣੇ-ਆਪਣੇ ਵਿੱਤੀ ਸਾਧਨਾਂ ਅਨੁਸਾਰ ਕੋਰੋਨਾ ਨਾਲ ਜੂਝ ਰਹੇ ਲੋਕਾਂ ਦੀ ਮਦਦ ਕਰਨ ਲਈ ਕਈ ਸੰਸਥਾਵਾਂ ਤੇ ਸ਼ਖ਼ਸੀਅਤਾਂ ਅੱਗੇ ਆਈਆਂ ਹਨ, ਪਰ ਇਸ ਦੇ ਉਲਟ ਅਜਿਹੇ ਮੁਸ਼ਕਿਲ ਭਰੇ ਸਮੇਂ 'ਚ ਸੱਤਾਧਾਰੀ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਦੀ ਮਦਦ ਕਰਨ 'ਚ ਬੁਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ। ਮੁਸੀਬਤਾਂ ਦੇ ਮਾਰੇ ਲੋਕਾਂ ਤੇ ਮੋਟੇ ਬਿਜਲੀ ਬਿੱਲਾਂ ਅਤੇ ਭਾਰੀ ਟੈਕਸਾਂ ਦੇ ਨਾਲ ਨਾਲ ਆਏ ਦਿਨ ਸੱਤਾਧਾਰੀ ਕਾਂਗਰਸੀਆਂ ਦੀ ਸ਼ਹਿ 'ਤੇ ਕੀਤੇ ਘਪਲੇ ਸਾਹਮਣੇ ਆਉਣ ਨਾਲ ਕਾਂਗਰਸ ਸਰਕਾਰ ਦੀ ਪੋਲ ਖੁੱਲ੍ਹ ਗਈ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਰਣਧੀਰ ਸਿੰਘ ਭਾਰਜ ਮੈਂਬਰ ਕੋਰ ਕਮੇਟੀ ਯੂਥ ਅਕਾਲੀ ਦਲ ਅਤੇ ਪੰਜਾਬ ਪ੍ਰਧਾਨ ਯੂਥ ਵਿੰਗ ਰਾਮਗੜ੍ਹੀਆ ਸਿੱਖ ਆਰਗੇਨਾਈਜੇਸ਼ਨ ਨੇ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਵਿਚ ਪਿਛਲੇ ਦਿਨਾਂ 'ਚ ਸਰਕਾਰ ਦੇ ਨੁਮਾਇੰਦਿਆ ਵਲੋਂ ਪਹਿਲਾਂ ਪੀ.ਪੀ ਈ ਕਿੱਟਾਂ ਅਤੇ ਰਾਸ਼ਨ ਵੰਡ ਵਿਚ ਘਪਲਾ ਕੀਤਾ ਫਿਰ ਕਈ ਜ਼ਿਲਿ੍ਹਆਂ ਵਿਚ ਸ਼ਰਾਬ ਫੈਕਟਰੀਆਂ ਵਿਚ ਨਕਲੀ ਸ਼ਰਾਬ ਬਣਾ ਕੇ ਸਰਕਾਰ ਨੂੰ 5600 ਕਰੋੜ ਦਾ ਚੁਨਾ ਲਾਇਆ ਫਿਰ ਹੁਣ ਨਕਲੀ ਬੀਜ਼ ਬਣਾ ਕਿਸਾਨਾਂ ਨੂੰ ਵੇਚ ਕੇ ਘੋਟਾਲਾ ਕੀਤਾ ਹੈ ਅਤੇ ਇਨ੍ਹਾਂ ਸਾਰੇ ਘੋਟਾਲਿਆਂ ਦੇ ਉਜਾਗਰ ਹੋਣ ਦੇ ਬਾਅਦ ਇਨ੍ਹਾਂ ਘਪਲੇਬਾਜ਼ਾਂ ਦੀਆਂ ਨਜ਼ਦੀਕੀਆਂ ਸੱਤਾ 'ਚ ਬੈਠੇ ਮੰਤਰੀਆਂ ਨਾਲ ਹੋਣ ਨਾਲ ਕਾਂਗਰਸ ਸਰਕਾਰ ਦਾ ਅਸਲੀ ਚਿਹਰਾ ਜਨਤਾ ਦੇ ਸਾਹਮਣੇ ਆ ਗਿਆ ਹੈ।

ਭਾਰਜ ਨੇ ਕਿਹਾ ਕੇਪੀਆਰ -128 ਅਤੇ ਪੀ.ਆਰ-129 ਕਿਸਮ ਦੇ ਬੀਜ ਜੋ ਕਿਸਾਨਾਂ ਨੂੰ ਵੇਚਿਆ ਗਿਆ ਉਹ ਵਿਗਿਆਨਕ ਤਰੀਕੇ ਨਾਲ ਬੀਜਣ ਯੋਗ ਨਹੀਂ ਹੈ, ਜਿਸ ਨਾਲ ਪਹਿਲਾਂ ਤੋਂ ਹੀ ਘਾਟੇ 'ਚ ਕਿਸਾਨੀ ਨਾਲ ਸਰਾਸਰ ਧੋਖਾ ਕੀਤਾ ਗਿਆ ਹੈ। ਇਨ੍ਹਾਂ ਕਿਸਾਨਾਂ ਨੂੰ ਨਕਲੀ ਬੀਜ ਬੇਚ ਕੇ ਤਕਰੀਬਨ 4000 ਹਜਾਰ ਕਰੋੜ ਦੀ ਠਗੀ ਕੀਤੀ ਗਈ ਹੈ। ਭਾਰਜ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਮੁਹਾਜ 'ਤੇ ਫੇਲ੍ਹ ਸਾਬਤ ਹੋਈ ਹੈ ਅਤੇ ਪੰਜਾਬ 'ਚ ਕਾਨੂੰਨ ਦੀ ਵੀ ਬਹੁਤ ਮਾੜੀ ਹਾਲਤ ਹੋ ਚੱੁਕੀ ਹੈ। ਸਰਕਾਰ ਦਾ ਇਨ੍ਹਾਂ ਘੋਟਾਲਿਆਂ ਦੀ ਜਾਂਚ ਨੂੰ ਗੋਲ ਮੋਲ ਕਰਨਾ ਪੰਜਾਬ ਦੀ ਜਨਤਾ ਨਾਲ ਧੋਖਾ ਹੈ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਸਰਕਾਰ ਇਨ੍ਹਾਂ ਦੀ ਜਾਂਚ ਸਹੀ ਤਰੀਕੇ ਨਾਲ ਕਰਵਾ ਕੇ ਮੁਲਜ਼ਮਾਂ 'ਤੇ ਬਣਦੀ ਕਾਰਵਾਈ ਕਰੇ।