ਸੁਰਿੰਦਰ ਢਿੱਲੋਂ, ਟਾਂਡਾ ਉੜਮੁੜ : ਬੀਤੀ ਰਾਤ ਕੁੱਝ ਸ਼ਰਾਰਤੀ ਲੋਕਾਂ ਵੱਲੋਂ ਟਾਂਡਾ ਇਲਾਕੇ 'ਚ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਪੁਲ਼ ਤੇ ਅੰਡਰ ਪਾਸ ਦੀਆਂ ਕੰਧਾਂ ਤੇ ਟਾਂਡਾ ਹੁਸ਼ਿਆਰਪੁਰ ਰੋਡ 'ਤੇ ਉਹੜਪੁਰ ਨੇੜੇ ਪੁਲੀ 'ਤੇ ਨੈਣੋਵਾਲ ਵੈਦ ਪੁਲ 'ਤੇ "ਕਿਸਾਨ ਹੱਲ ਖਾਲਿਸਤਾਨ" ਦੇ ਨਾਅਰੇ ਲਿਖ ਕੇ ਦੁਬਾਰਾ ਪੰਜਾਬ ਦਾ ਮਹੌਲ ਖ਼ਰਾਬ ਕਰਨ ਤੇ ਲੋਕਾਂ 'ਚ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਇਸ ਦੀ ਸੂਚਨਾ ਟਾਂਡਾ ਪੁਲਿਸ ਨੂੰ ਮਿਲੀ ਤਾਂ ਟਾਂਡਾ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਉਕਤ ਨਾਅਰਿਆ ਨੂੰ ਮਿਟਾਇਆ ਗਿਆ।

ਇਸ ਸਬੰਧੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ੋਨ ਪ੍ਰਧਾਨ ਪਰਮਜੀਤ ਸਿੰਘ ਭੁੱਲਾ ਬਾਠ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਕੁੱਝ ਸ਼ਰਾਰਤੀ ਲੋਕਾਂ ਦਾ ਕੰਮ ਜੋ ਸਿਰਫ ਕਿਸਾਨ ਅੰਦੋਲਨ ਨੂੰ ਖਾਲਿਸਤਾਨ ਨਾਲ ਜੋੜ ਕੇ ਬਦਨਾਮ ਤੇ ਫੇਲ੍ਹ ਕਰਨਾ ਚਹੁੰਦੇ ਹਨ, ਪਰ ਕਿਸਾਨ ਅੰਦੋਲਨ ਨੂੰ ਅਜਿਹੀਆਂ ਕੋਝੀਆਂ ਹਰਕਤਾਂ ਕਰਨ ਵਾਲੇ ਲੋਕਾਂ ਦੀ ਇੰਨ੍ਹਾਂ ਕਰਤੂਤਾਂ ਨਾਲ ਕੋਈ ਫ਼ਰਕ ਨਹੀਂ ਪੈਂਦਾ ਤੇ ਕਿਸਾਨ ਅੰਦੋਲਨ ਜਦੋਂ ਤਕ ਤਿੰਨ ਖੇਤੀ ਬਿੱਲ ਰੱਦ ਨਹੀਂ ਹੁੰਦੇ ਲਗਾਤਾਰ ਜਾਰੀ ਰਹੇਗਾ।

ਇਸ ਸਬੰਧੀ ਜਦੋਂ ਦੋਆਬਾ ਕਿਸਾਨ ਕਮੇਟੀ ਦੇ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਤਿੰਨ ਕਿਸਾਨ ਵਿਰੋਧੀ ਬਿੱਲਾ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕੀਤਾ ਜਾ ਰਿਹਾ ਹੈ। ਕਿਸਾਨ ਜਥੇਬੰਦੀਆਂ ਪਹਿਲਾਂ ਵੀ ਕਹਿ ਚੁੱਕੀਆਂ ਹਨ ਕਿ ਇਸ ਅੰਦੋਲਨ ਨੂੰ ਧਾਰਮਿਕ ਜਾਂ ਸਿਆਸੀ ਰੰਗਤ ਦੇਣ ਦੀ ਕੋਸ਼ਿਸ਼ ਪਹਿਲਾਂ ਵੀ ਕੁੱਝ ਸ਼ਰਾਰਤੀ ਲੋਕਾਂ ਵੱਲੋਂ ਕੀਤੀ ਗਈ ਹੈ ਤੇ ਹੁਣ ਵੀ ਜੋ ਟਾਂਡਾ ਸ਼ਹਿਰ ਜਾ ਕਿਤੇ ਹੋਰ ਜਗ੍ਹਾ ਕਿਸਾਨਾਂ ਦਾ ਨਾਮ ਖਾਲਿਸਤਾਨ ਨਾਲ ਜੋੜ ਨਾਅਰੇਬਾਜ਼ੀ ਲਿਖੀ ਗਈ ਹੈ ਇਹ ਸਿਰਫ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਕਿਸੇ ਏਜੰਸੀ ਜਾਂ ਕੁਝ ਸ਼ਰਾਰਤੀ ਲੋਕਾਂ ਦਾ ਕੰਮ ਹੋ ਸਕਦਾ। ਅਜਿਹੇ ਘਟੀਆ ਕੰਮਾਂ ਨਾਲ ਕਿਸਾਨ ਜਥੇਬੰਦੀਆਂ ਦਾ ਕੋਈ ਲੈਣਾਂ ਦੇਣਾ ਨਹੀਂ ਹੈ। ਕਿਸਾਨ ਅੰਦੋਲਨ ਨਿਰਪੱਖ ਹੈ ਤੇ ਤਿੰਨ ਕਿਸਾਨ ਵਿਰੋਧੀ ਬਿੱਲ ਰੱਦ ਕਰਵਾਉਣ ਲਈ ਹੀ ਸ਼ੁਰੂ ਕੀਤਾ ਗਿਆ ਹੈ, ਇਸ ਤੋਂ ਇਲਾਵਾ ਕਿਸਾਨ ਅੰਦੋਲਨ ਦਾ ਕਿਸੇ ਸਿਆਸੀ ਜਾ ਧਾਰਮਿਕ ਗਤੀਵਿਧੀਆਂ ਨਾਲ ਕੋਈ ਸਬੰਧ ਨਹੀਂ ਹੈ।

Posted By: Sarabjeet Kaur