ਪੱਤਰ ਪ੍ਰੇਰਕ, ਟਾਂਡਾ/ਹੁਸ਼ਿਆਰਪੁਰ : ਜਿੱਥੇ ਪੰਜਾਬੀ ਸਮਾਜ ਵਿਚ ਫਿੱਕ ਪਾਉਣ ਵਾਲੇ ਫ਼ਿਰਕੂ ਅਨਸਰ ਸਰਗਰਮ ਹਨ, ਜਦਕਿ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਆਪਣਾ ਕਿਰਦਾਰ, ਬਾਖ਼ੂਬੀ ਨਿਭਾਅ ਰਹੇ ਹਨ। ਇਵੇਂ ਹੀ ਪਿੰਡ ਲਿੱਟਾਂ ਵਿਚ ਰਹਿੰਦੀ ਮਾਤਾ ਅਮਰ ਕੌਰ ਦਾ ਲਹਿੰਦੇ ਪੰਜਾਬ ਵਿਚ ਰਹਿੰਦੇ ਭਰਾ ਰਾਣਾ ਅਮੀਰ ਅਲੀ ਤੇ ਹੋਰ ਰਿਸ਼ਤੇਦਾਰਾਂ ਨਾਲ ਮੇਲ ਮਿਲਾਪ ਕਰਵਾਇਆ ਗਿਆ ਹੈ। ਦੱਸਣਯੋਗ ਹੈ ਕਿ ਲਹਿੰਦੇ ਪੰਜਾਬ ਤੋਂ ਸਾਊਦੀ ਅਰਬ ਵਿਚ ਕੰਮ-ਕਾਰ ਦੇ ਸਿਲਸਿਲੇ ਵਿਚ ਗਏ ਕਿਰਤੀ ਰਾਸ਼ਿਦ ਨੇ ਭਾਰਤੀ ਪੰਜਾਬੀ ਕਿਰਤੀਆਂ ਦੇ ਵ੍ਹਟਸਐਪ ਗਰੁੱਪਾਂ ਵਿਚ ਵਾਇਸ ਮੈਸੇਜ ਪਾਇਆ ਸੀ ਕਿ ਉਹ ਪਿੱਛੋਂ ਪਿੰਡ ਜੌੜਾ ਬਘਿਆੜੀ, ਟਾਂਡਾ ਦੇ ਵਸਨੀਕ ਸਨ। ਮੁਲਕ ਦੀ ਵੰਡ ਪੈਣ ਮੌਕੇ ਹਿਜਰਤ ਕਰ ਕੇ, ਲਾਇਲਪੁਰ ਚਲੇ ਗਏ ਸਨ, ਜੇ ਹੋ ਸਕੇ ਤਾਂ ਸਾਡੀ ਫੂਫੀ ਨੂੰ ਲੱਭ ਕੇ ਇਤਲਾਹ ਕਰੋ।

ਇਸ ਬਾਰੇ 'ਧਰਤੀ ਦੇਸ਼ ਪੰਜਾਬ ਦੀ' ਦੇ ਹਰਜੀਤ ਸਿੰਘ ਜੰਡਿਆਲਾ ਤੇ ਸੁਖਵਿੰਦਰ ਸਿੰਘ ਗਿੱਲ ਨੇ ਅਮਤਲ ਹਫ਼ੀਜ਼ ਦਾ ਪਤਾ ਪਿੰਡ ਲਿੱਟਾਂ ਤੋਂ ਕੱਢ ਲਿਆ ਤੇ ਮੁਲਾਕਾਤ ਕੀਤੀ। ਇਸ ਕਾਰਜ ਵਿਚ ਸੁਖਵਿੰਦਰ ਸਿੰਘ ਗਿੱਲ ਦਾ ਵੱਡਾ ਯੋਗਦਾਨ ਹੈ। ਇਵੇਂ ਹੀ ਮਾਤਾ ਅਮਰ ਕੌਰ ਦੇ ਲਹਿੰਦੇ ਪੰਜਾਬ ਵਿਚ ਰਹਿੰਦੇ ਭਰਾ ਰਾਣਾ ਅਮੀਰ ਅਲੀ ਨਾਲ ਮੁਲਾਕਾਤ ਕਰਨ ਦਾ ਕਾਰਜ ਪੱਤਰਕਾਰ ਨਾਸਿਰ ਕਸਾਨਾ ਨੇ ਕੀਤਾ ਹੈ। ਉਸ ਨੇ ਚੱਕ ਨੰਬਰ 82 ਜ਼ਿਲ੍ਹਾ ਲਾਇਲਪੁਰ (ਫੈਸਲਾਬਾਦ) ਵਿਚ ਵੱਸਦੇ ਰਾਣਾ ਅਮੀਰ ਅਲੀ ਨਾਲ ਮੁਲਾਕਾਤ ਕੀਤੀ। ਅਮੀਰ ਅਲੀ ਨੇ ਦੱਸਿਆ ਕਿ ਉਨਾਂ ਦੀ ਭੈਣ ਅਮਤਲ ਹਫੀਜ਼ਾ (ਫੀਜਾ) ਰੌਲਿਆਂ ਦੌਰਾਨ ਓਥੇ ਰਹਿ ਗਈ ਸੀ। ਉਹ ਲਹਿੰਦੇ ਪੰਜਾਬ ਵਿਚ ਚਲੇ ਗਏ ਤੇ ਹੁਣ ਪੁੱਤਰ ਰਾਸ਼ਿਦ ਸਾਊਦੀ ਅਰਬ ਰੋਜ਼ੀ ਰੋਜ਼ੀ ਕਮਾਉਣ ਗਿਆ ਤਾਂ ਭਾਰਤੀ ਪੰਜਾਬੀ ਕਿਰਤੀਆਂ ਦੇ ਸੰਪਰਕ ਵਿਚ ਆਇਆ ਸੀ। ਦੱਸਣਯੋਗ ਹੈ ਕਿ ਇਸ ਦੌਰਾਨ ਵ੍ਹਟਸਐਪ ਉੱਤੇ ਭਰਾ ਅਮੀਰ ਅਲੀ ਦੀ ਗੱਲਬਾਤ ਅਮਤਲ ਹਫ਼ੀਜ਼ ਨਾਲ ਹੋ ਚੁੱਕੀ ਹੈ। ਬੀਬੀ ਅਮਰ ਕੌਰ (ਅਮਤਲ ਹਫ਼ੀਜ਼) ਦਾ ਵਿਆਹ ਚੰਨਣ ਸਿੰਘ ਨਾਲ ਹੋਇਆ ਸੀ, ਉਨ੍ਹਾਂ ਦਾ ਪੋਤਰਾ ਕਤਰ ਰਿਆਸਤ ਵਿਚ ਕੰਮ ਕਰਨ ਗਿਆ ਸੀ, ਉਸ ਦੇ ਕੋਲ ਹੀ ਰਾਸ਼ਿਦ ਨੇ ਆਪਣਾ ਦੋਸਤ ਦੀਦਾਵਰ ਘੱਲਿਆ ਸੀ, ਇਸ ਤਰ੍ਹਾਂ ਸਾਰੇ ਵੇਰਵੇ ਮੇਲ ਖਾ ਗਏ ਸਨ।

Posted By: Jagjit Singh