ਸੁਰਿੰਦਰ ਢਿੱਲੋਂ, ਟਾਂਡਾ ਉੜਮੁੜ: ਨੇੜਲੇ ਪਿੰਡ ਵਿਚ ਹੋਏ ਜਬਰ ਜਨਾਹ ਤੇ ਹੱਤਿਆ ਕਾਂਡ ਵਿਚ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਮੰਗਲਵਾਰ ਦੁਪਹਿਰੇ ਵਿਧਾਇਕ ਤੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਪੀੜਤ ਪਰਿਵਾਰ ਦੇ ਘਰ ਪੁੱਜੇ। ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਵਿਧਾਇਕ ਬੈਂਸ ਨੇ ਕਿਹਾ ਕਿ ਬੱਚੀ ਨਾਲ ਜੋ ਘਿਨਾਉਣਾ ਕਾਂਡ ਵਾਪਰਿਆ ਹੈ ਉਹ ਬਹੁਤ ਜ਼ਿਆਦਾ ਨਿੰਦਣਯੋਗ ਤੇ ਘਟੀਆ ਹਰਕਤ ਹੈ।

ਬੈਂਸ ਨੇ ਸੂਬੇ ਦੀ ਕੈਪਟਨ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਪੀੜਤ ਪਰਿਵਾਰ ਨੂੰ ਸੂਬਾ ਸਰਕਾਰ ਵੱਲੋਂ 4 ਲੱਖ ਰੁਪਏ ਦੀ ਇਮਦਾਦੀ ਰਕਮ ਭੇਟ ਕੀਤੀ ਗਈ ਹੈ, ਇਹ ਬਹੁਤ ਘੱਟ ਹੈ। ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦੇ ਹਨ ਕਿ ਪੀੜਤ ਪਰਿਵਾਰ ਨੂੰ ਘੱਟੋ ਘੱਟ ਇਕ ਕਰੋੜ ਰੁਪਏ ਦੀ ਇਮਦਾਦੀ ਰਕਮ ਮਦਦ ਵਜੋਂ ਦਿੱਤੀ ਜਾਵੇ। ਬੈਂਸ ਨੇ ਕਿਹਾ ਕਿ ਉਹ ਡੀਜੀਪੀ ਪੰਜਾਬ ਦਿਨਕਰ ਗੁਪਤਾ ਨੂੰ ਅਪੀਲ ਕਰਦੇ ਹਨ ਕਿ ਦੋਸ਼ੀਆਂ ਖ਼ਿਲਾਫ਼ ਚਾਲਾਨ ਜਲਦੀ ਤੋਂ ਜਲਦੀ ਅਦਾਲਤ ਵਿਚ ਪੇਸ਼ ਕਰਨ ਤਾਂ ਜੋ ਇਸ ਕਾਂਡ ਦੇ ਗ਼ੁਨਾਹਗਾਰਾਂ ਨੂੰ ਸਜ਼ਾ ਜਲਦੀ ਮਿਲ ਸਕੇ।