ਗੁਰਬਿੰਦਰ ਸਿੰਘ ਪਲਾਹਾ, ਹੁਸ਼ਿਆਰਪੁਰ : ਬਾਦਸ਼ਾਹ ਦਰਵੇਸ਼, ਸ਼ਾਹ-ਏ-ਸ਼ਹਿਨ ਸ਼ਾਹ, ਸਾਹਿਬ-ਏ-ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਸੰਬੰਧੀ ਡੇਰਾ ਗੁਰਦੁਆਰਾ ਟਿੱਬਾ ਸਾਹਿਬ ਹਸ਼ਿਆਰਪੁਰ ਤੋਂ ਮਹਾਨ ਨਗਰ ਕੀਰਤਨ ਸੰਤ ਕਰਮਜੀਤ ਸਿੰਘ ਅਤੇ ਸੰਤ ਬਲਬੀਰ ਸਿੰਘ ਦੀ ਦੇਖ-ਰੇਖ ਹੇਠ ਸਜਾਏ ਗਏ। ਤਖਤ ਸ਼੍ਰੀ ਕੇਸਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਵੱਲੋਂ ਕੀਤੀ ਅਰਦਾਸ ਉਪਰੰਤ ਜੈਕਾਰਿਆਂ ਦੀ ਗੂੰਜ ਵਿੱਚ ਆਰੰਭ ਹੋਏ ਇਸ ਨਗਰ ਕੀਰਤਨ 'ਚ ਜੱਗੋ-ਜੁੱਗ ਅਟੱਲ ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਸਵਾਰੀ ਅਤਿਅੰਤ ਖ਼ੂਬਸੂਰਤੀ ਨਾਲ ਸਜਾਏ ਹੋਏ ਪਾਲਕੀ ਸਾਹਿਬ ਵਾਹਨ ਵਿੱਚ ਸੁਸ਼ੋਭਿਤ ਸੀ। ਜਿਸ ਦੀ ਅਗਵਾਈ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਤੋਂ ਵਿਸ਼ੇਸ਼ ਤੌਰ 'ਤੇ ਆਏ ਕੇਸਰੀ ਪਹਿਰਾਵਿਆਂ 'ਚ ਸਜੇ ਹੋਏ ਪੰਜ ਪਿਆਰੇ ਕਰ ਰਹੇ ਸਨ।ਸਭ ਤੋਂ ਅੱਗੇ ਬਾਬਾ ਹਰੀ ਸਿੰਘ ਨਲੂਆ ਗਤਕਾ ਅਖਾੜਾ ਦੇ ਸਿੰਘ ਅਤੇ ਭੁਝੰਗੀ ਖਾਲਸਾਈ ਜੰਗਜੂ ਕਰੱਤਬਾਂ ਦੀ ਖੂਬਸੂਰਤ ਪੇਸ਼ਕਾਰੀ ਕਰਦੇ ਹੋਏ ਸੰਗਤ ਦੇ ਆਕਰਸ਼ਣ ਦੇ ਕੇਂਦਰ ਬਣੇ ਹੋਏ ਸਨ।

ਇਸ ਦੇ ਪਿੱਛੇ ਵੱਖ-ਵੱਖ ਵਾਹਨਾਂ ਅਤੇ ਟਰਾਲੀਆਂ 'ਚ ਸਵਾਰ ਸੰਗਤ ਸ਼ਬਦ ਗੁਰਬਾਣੀ ਦਾ ਰਸਭਿੰਨਾ ਕੀਰਤਨ ਕਰਦੀਆਂ ਹੋਈਆਂ ਨਗਰ ਕੀਰਤਨ ਦੇ ਨਾਲ ਚੱਲ ਰਹੀਆਂ ਸਨ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਗਿਆਨੀ ਸੁਖਵਿੰਦਰ ਸਿੰਘ ਸਾਬਕਾ ਹੈੱਡ ਗ੍ਰੰਥੀ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ, ਗਿਆਨੀ ਤਰਲੋਚਨ ਸਿੰਘ ਡੇਰਾ ਗੁਰਦੁਆਰਾ ਅੰਗੀਠਾ ਸਾਹਿਬ, ਸ਼ੁਕਲਾ ਸ਼ਰਮਾ ਡਿਪਟੀ ਮੇਅਰ, ਅਸ਼ੋਕ ਕੁਮਾਰ ਸ਼ੋਕੀ ਕੌਂਸਲਰ, ਬਿਕਰਮਜੀਤ ਸਿੰਘ ਕਲਸੀ ਕੌਂਸਲਰ, ਰੂਪ ਲਾਲ ਥਾਪਰ ਕੌਂਸਲਰ, ਅਵਤਾਰ ਸਿੰਘ ਜੌਹਲ ਕੌਂਸਲਰ, ਮੋਹਨ ਸਿੰਘ ਕੋਚ, ਹਰਭਗਤ ਸਿੰਘ ਤੁਲੀ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਹੋਈ।

ਇਸ ਨਗਰ ਕੀਰਤਨ ਦਾ ਸ਼ਹਿਰ ਦੀ ਸੰਗਤ ਤੇ ਵੱਖ-ਵੱਖ ਗੁਰਦੁਆਰਾ ਕਮੇਟੀਆਂ ਨੇ ਭਰਵਾਂ ਸਵਾਗਤ ਕੀਤਾ ਅਤੇ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਨਾਲ ਬੜੀ ਸ਼ਰਧਾ ਨਾਲ ਸੇਵਾ ਕੀਤੀ। ਪ੍ਰਭਾਤ ਚੌਂਕ, ਬੱਸ ਸਟੈਂਡ, ਘੰਟਾ ਘਰ, ਸੈਸ਼ਨ ਚੌਂਕ, ਰਹੀਮਪੁਰ ਰੋਡ, ਪੁਰ ਹੀਰਾਂ, ਗੁਰਦੁਆਰਾ ਜ਼ਾਹਰਾ ਜ਼ਹੂਰ, ਪਿੱਪਲਾਂ ਵਾਲਾ, ਡਗਾਣਾ ਕਲਾਂ ਰੋਡ, ਦਸ਼ਮੇਸ਼ ਨਗਰ, ਸੰਤ ਬਾਬਾ ਸੋਹਣ ਸਿੰਘ ਕਾਲੋਨੀ ਆਦਿ ਆਬਾਦੀ ਤੋਂ ਹੰੁਦਾ ਹੋਇਆ ਵਾਪਸ ਗੁਰਦੁਆਰਾ ਟਿੱਬਾ ਸਾਹਿਬ ਵਿਖੇ ਸੰਪੂਰਨ ਹੋਇਆ। ਸੰਤ ਬਾਬਾ ਕਰਮਜੀਤ ਸਿੰਘ ਤੇ ਸੰਤ ਬਾਬਾ ਬਲਬੀਰ ਸਿੰਘ ਨੇ ਆਈ ਸੰਗਤ ਅਤੇ ਸਹਿਯੋਗ ਦੇਣ ਵਾਲੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।