ਹਰਜਿੰਦਰ ਹਰਗੜ੍ਹੀਆ, ਹੁਸ਼ਿਆਰਪੁਰ-ਪਿਛਲੇ ਹਫ਼ਤਿਆਂ ਤੋਂ ਚਲ ਰਹੇ ਵਿਆਹਾਂ ਦੇ ਦੌਰਾਨ ਦਸ ਰੁਪਏ ਦੇ ਨਵੇਂ ਨੋਟ ਲੈਣ ਲਈ ਸ਼ਹਿਰ ਦੇ ਦਰਜ਼ਨਾਂ ਦੁਕਾਨਦਾਰਾਂ ਵਲੋਂ ਆਮ ਲੋਕਾਂ ਦੀ ਸ਼ਰੇਆਮ ਲੱੁਟ ਕੀਤੇ ਜਾਣ ਦੇ ਚਰਚੇ ਆਮ ਲੋਕਾਂ ਵਿੱਚ ਹਨ। ਜਾਣਕਾਰੀ ਮੁਤਾਬਿਕ ਆਮ ਲੋਕਾਂ ਨੂੰ ਜਦੋਂ ਵਿਆਹਾਂ ਵਿੱਚ ਵਰਤੋਂ ਲਈ ਦਸ ਰੁਪਏ ਦੀ ਜ਼ਰੂਰਤ ਹੁੰਦੀ ਹੈ ਤਾਂ ਉਹ ਆਪਣੇ ਬੈਂਕਾਂ ਨਾਲ ਰਾਬਤਾ ਕਰਦੇ ਹਨ। ਲੇਕਿਨ ਅਕਸਰ ਹੀ ਬੈਂਕਾਂ ਵਿੱਚੋਂ ਕਥਿਤ ਤੌਰ ਤੇ ਆਮ ਗ੍ਰਾਹਕਾਂ ਲਈ ਦਸ ਰੁਪਏ ਦੇ ਨਵੇਂ ਨੋਟ ਨਾ ਮਿਲਣ ਕਾਰਨ ਲੋਕਾਂ ਨੂੰ ਸ਼ਹਿਰ ਦੀਆਂ ਮਨਿਆਰੀ ਦੇ ਸਮਾਨ ਨਾਲ ਜੁੜੀਆਂ ਦੁਕਾਨਾਂ ਤੋਂ ਇਹ ਨੋਟ ਪ੍ਰਰਾਪਤ ਕਰਨੇ ਪੈਂਦੇ ਹਨ। ਉਕਤ ਦੁਕਾਨਾਂ ਤੋਂ ਇੱਕ ਹਜ਼ਾਰ ਰੁਪਏ ਦੇ ਨਵੇਂ ਨੋਟ ਪ੍ਰਰਾਪਤ ਕਰਨ ਲਈ ਢਾਈ ਸੌ ਤੋਂ ਤਿੰਨ ਸੌ ਰੁਪਏ ਵਾਧੂ ਅਦਾ ਕਰਨੇ ਪੈਂਦੇ ਹਨ। ਆਮ ਲੋਕਾਂ ਨੂੰ ਮਜ਼ਬੂਰੀ ਵਸ ਇਹ ਵਾਧੂ ਪੈਸੇ ਦੇਣੇ ਪੈਂਦੇ ਹਨ। ਆਮ ਲੋਕਾਂ ਦਾ ਕਹਿਣਾ ਹੈ ਕਿ ਕੋਰੋਨਾ ਮਹਾਮਾਰੀ ਦੇ ਚਲਦਿਆਂ ਪਹਿਲਾਂ ਹੀ ਲੋਕ ਆਰਥਿਕ ਤੌਰ ਤੇ ਕਾਫ਼ੀ ਮੁਸ਼ਕਿਲ ਸਮੇਂ ਵਿੱਚੋਂ ਲੰਘ ਰਹੇ ਹਨ। ਉਪਰੋਂ ਦੁਕਾਨਦਾਰਾਂ ਵੱਲੋਂ ਨਵੇਂ ਨੋਟਾਂ ਬਦਲੇ ਕੀਤੀ ਜਾ ਰਹੀ ਇਸ ਕਥਿਤ ਲੱੁਟ ਨੇ ਆਮ ਲੋਕਾਂ ਤੇ ਵਾਧੂ ਬੋਝ ਪਾਇਆ ਹੋਇਆ ਹੈ।

ਕੋਰੋਨਾ ਮਹਾਂਮਾਰੀ ਦੌਰਾਨ ਵੀ ਲੋਕਾਂ ਦੀ ਲੱੁਟ ਮੰਦਭਾਗੀ : ਖੇੜਾ

ਇਸ ਸਬੰਧੀ ਗੱਲਬਾਤ ਕਰਦਿਆਂ ਸੋਸ਼ਲਿਸਟ ਪਾਰਟੀ (ਇੰਡੀਆ) ਦੇ ਆਗੂ ਅਤੇ ਸਮਾਜ ਸੇਵੀ ਬਲਵੰਤ ਸਿੰਘ ਖੇੜਾ ਨੇ ਕਿਹਾ ਕਿ ਕੋਰੋਨਾ ਦੀ ਮਹਾਂਮਾਰੀ ਦੌਰਾਨ ਵੀ ਆਮ ਲੋਕਾਂ ਦੀ ਅਜਿਹੀ ਲੱੁਟ ਮੰਦਭਾਗੀ ਹੈ ਤੇ ਪੰਜਾਬ ਸਰਕਾਰ ਨੂੰ ਇਸ ਸਬੰਧੀ ਬਣਦਾ ਕਦਮ ਉਠਾਉਣਾ ਚਾਹੀਦਾ ਹੈ।

ਗੈਰ ਕਾਨੂੰਨੀ ਧੰਦੇ ਨੂੰ ਪਾਈ ਜਾਵੇ ਨੱਥ : ਪ੍ਰਰੋ. ਹਰਬੰਸ ਸਿੰਘ

ਇਸ ਸਬੰਧੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪ੍ਰਰੋ ਹਰਬੰਸ ਸਿੰਘ ਨੇ ਕਿਹਾ ਕਿ ਇਹ ਕੰਮ ਗੈਰ ਕਾਨੂੰਨੀ ਹੈ ਤੇ ਇਸ ਸਬੰਧੀ ਸਬੰਧਿਤ ਵਿਭਾਗ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਉਹਨਾਂ ਅੱਗੇ ਕਿਹਾ ਕਿ ਜਦ ਦੁਕਾਨਾਂ ਵਾਲੇ ਇਹ ਨੋਟ ਲੋਕਾਂ ਨੂੰ ਵੱਧ ਪੈਸੇ ਲੈ ਕੇ ਦੇ ਰਹੇ ਹਨ ਤਾਂ ਇਸਦੀ ਜਾਂਚ ਹੋਣੀ ਚਾਹੀਦੀ ਹੈ ਕਿ ਇਹ ਨੋਟ ਉਕਤ ਦੁਕਾਨਦਾਰਾਂ ਕੋਲ ਕਿੱਥੋਂ ਆ ਰਹੇ ਹਨ। ਇਸ ਲਈ ਆਮ ਲੋਕਾਂ ਨੂੰ ਇਸ ਲੱੁਟ ਤੋਂ ਬਚਾਉਣ ਲਈ ਪ੍ਰਸ਼ਾਸ਼ਨ ਨੂੰ ਕਦਮ ਉਠਾ ਕੇ ਜੋ ਵੀ ਦੋਸ਼ੀ ਪਾਇਆ ਜਾਂਦਾ ਹੈ ਉਸ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।

ਬਣਦੀ ਕਾਰਵਾਈ ਕਰਾਂਗੇ : ਏਡੀਸੀ

ਇਸ ਸਬੰਧੀ ਪੁੱਛਣ ਤੇ ਏਡੀਸੀ (ਜ) ਅਮਿਤ ਕੁਮਾਰ ਪੰਚਾਲ ਨੇ ਕਿਹਾ ਕਿ ਕਿਉਂਕਿ ਇਹ ਨੋਟਾਂ ਦਾ ਮਾਮਲਾ ਹੈ ਤਾਂ ਇਸ ਸਬੰਧੀ ਉਹ ਐਸਡੀਐਮ ਨਾਲ ਗੱਲਬਾਤ ਕਰਨਗੇ ਅਤੇ ਜੋ ਵੀ ਬਣਦਾ ਕਦਮ ਹੋਵੇਗਾ ਉਹ ਉਠਾਇਆ ਜਾਵੇਗਾ।