ਜੇਐੱਨਐੱਨ, ਹੁਸ਼ਿਆਰਪੁਰ : ਐਡਵੋਕੇਟ ਸਿਆ ਖੁੱਲਰ ਤੇ ਉਨ੍ਹਾਂ ਦੇ ਸੀਨੀਅਰ ਐਡਵੋਕੇਟ ਭਗਵੰਤ ਕਿਸ਼ੋਰ ਗੁਪਤਾ ਦੇ ਦੋਹਰੇ ਕਤਲ ਕਾਂਡ ਦੀ ਘਟਨਾ ਦਿਲ ਕੰਬਾਉਣ ਵਾਲੀ ਹੈ। ਪੁਲਿਸ ਜਾਂਚ 'ਚ ਇਹ ਗੱਲ ਸਾਹਮਣੇ ਆ ਚੁੱਕੀ ਹੈ ਕਿ ਸਿਆ ਖੁੱਲਰ ਦਾ ਦੂਜਾ ਵਿਆਹ ਹੋਇਆ ਸੀ। ਪਹਿਲੇ ਪਤੀ ਤੋਂ ਤਲਾਕ ਹੋ ਚੁੱਕਾ ਸੀ। ਕਰੀਬ ਦੋ ਸਾਲ ਪਹਿਲਾਂ ਸਿਆ ਖੁੱਲਰ ਦੀ ਫੇਸਬੁੱਕ 'ਤੇ ਨੋਇਡਾ ਦੇ ਰਹਿਣ ਵਾਲੇ ਆਸ਼ੀਸ਼ ਕੁਸ਼ਵਾਹਾ ਨਾਲ ਦੋਸਤੀ ਹੋਈ ਸੀ। ਚੈਟਿੰਗ ਕਰਦੇ-ਕਰਦੇ ਫੇਸਬੁੱਕ ਦੀ ਦੋਸਤੀ ਪ੍ਰੇਮ ਕਹਾਣੀ 'ਚ ਤਬਦੀਲ ਹੋ ਗਈ। ਉਸ ਤੋਂ ਬਾਅਦ ਨਾਲ ਜਿਊਣ-ਮਰਨ ਦਾ ਵਾਅਦਾ ਕਰਦੇ ਹੋਏ ਦੋਵਾਂ ਨੇ ਵਿਆਹ ਕਰਵਾ ਲਿਆ। ਸਿਆ ਖੁੱਲਰ ਕਿਰਾਏ ਦੇ ਮਕਾਨ 'ਚ ਹੁਸ਼ਿਆਰਪੁਰ ਰਹਿਣ ਲੱਗੀ, ਜਦਕਿ ਪਤੀ ਆਸ਼ੀਸ਼ ਕਦੇ ਕਦੇ ਆਉਂਦਾ ਸੀ। ਸਿਆ ਆਪਣਾ ਖੁਦ ਦਾ ਘਰ ਲੈਣਾ ਚਾਹੁੰਦੀ ਸੀ। ਜਦੋਂ ਉਹ ਆਸ਼ੀਸ਼ ਨੂੰ ਘਰ ਖ਼ਰੀਦਣ ਲਈ ਕਹਿੰਦੀ ਤਾਂ ਉਹ ਟਾਲਮਟੋਲ ਕਰ ਜਾਂਦਾ ਸੀ। ਇਸੇ ਕਾਰਨ ਦੋਵਾਂ 'ਚ ਕਲੇਸ਼ ਰਹਿਣ ਲੱਗਾ। ਜਦੋਂ ਵੀ ਦੋਵਾਂ ਦਾ ਝਗੜਾ ਹੁੰਦਾ ਤਾਂ ਸੀਨੀਅਰ ਐਡਵੋਕੇਟ ਭਗਵੰਤ ਕਿਸ਼ੋਰ ਗੁਪਤਾ ਉਨ੍ਹਾਂ 'ਚ ਦਖ਼ਲ ਦਿੰਦੇ, ਜੋ ਆਸ਼ੀਸ਼ ਨੂੰ ਪਸੰਦ ਨਹੀਂ ਸੀ। ਉਹ ਪਰੇਸ਼ਾਨ ਰਹਿਣ ਲੱਗਾ। ਛੁਟਕਾਰਾ ਪਾਉਣ ਲਈ ਉਸ ਨੇ ਸਿਆ ਤੇ ਗੁਪਤਾ ਦੀ ਮੌਤ ਦਾ ਪਲਾਨ ਤਿਆਰ ਕੀਤਾ। ਦੋਵਾਂ ਦਾ ਕਤਲ ਕਰ ਕੇ ਤੇ ਖੁਦ ਨੂੰ ਬਚਾਉਣ ਲਈ ਆਸ਼ੀਸ਼ ਨੇ ਕ੍ਰਾਈਮ ਪੈਟਰੋਲ ਵੇਖਿਆ ਸੀ। ਪੁਲਿਸ ਦੇ ਹੱਥੇ ਚੜ੍ਹੇ ਆਸ਼ੀਸ਼ ਦੇ ਨੌਕਰ ਕਪਿਲ ਨੇ ਇਹ ਖੁਲਾਸਾ ਕੀਤਾ। ਕ੍ਰਾਈਮ ਪੈਟਰੋਲ ਦਾ ਸੀਨ ਵੇਖ ਕੇ ਹੀ ਮੁਲਜ਼ਮ ਨੂੰ ਦੋਹਰੇ ਕਤਲ ਨੂੰ ਹਾਦਸੇ ਦਾ ਰੂਪ ਦੇਣ ਦਾ ਆਈਡੀਆ ਮਿਲਿਆ।

ਯੋਜਨਾ ਮੁਤਾਬਕ ਆਸ਼ੀਸ਼ ਦੀਵਾਲੀ ਤੋਂ ਪਹਿਲਾਂ ਹੀ ਹੁਸ਼ਿਆਰਪੁਰ ਆ ਗਿਆ। ਉਸ ਦੇ ਪਿੱਛੇ ਨੌਕਰ ਤੇ ਉਸਦਾ ਦੋਸਤ ਸੁਨੀਲ ਵੀ ਪਹੁੰਚ ਗਏ। ਦੀਵਾਲੀ ਦੀ ਰਾਤ ਆਸ਼ੀਸ਼ ਨੇ ਪਲਾਨ ਮੁਤਾਬਕ ਐਡਵੋਕੇਟ ਗੁਪਤਾ ਨੂੰ ਵੀ ਵਿਕ੍ਮ ਐਨਕਲੇਵ ਸਥਿਤ ਘਰ 'ਚ ਬੁਲਾਇਆ। ਇੱਥੇ ਖਾਣੇ 'ਚ ਜ਼ਹਿਰ ਮਿਲਾ ਕੇ ਦੋਵਾਂ ਦੀ ਹੱਤਿਆ ਕਰ ਦਿੱਤੀ।

ਸਾਥੀਆਂ ਦੀ ਮਦਦ ਨਾਲ ਮੁਲਜ਼ਮ ਕ੍ਰਾਈਮ ਪੈਟਰੋਲ ਦੇ ਸੀਨ ਮੁਤਾਬਕ ਦੋਵਾਂ ਦੀਆਂ ਲਾਸ਼ਾਂ ਕਾਰ 'ਚ ਪਾ ਕੇ ਪੁਰਹੀਰਾਂ ਬਾਈਪਾਸ ਲੈ ਗਿਆ। ਕਾਰ ਨੂੰ ਰੱੁਖ ਨਾਲ ਟਕਰਾ ਕੇ ਉਸ ਨੂੰ ਅੱਗ ਲਾ ਦਿੱਤੀ ਤੇ ਦੋਹਰੇ ਕਤਲ ਨੂੰ ਹਾਦਸਾ ਦੱਸਿਆ ਪਰ ਕਹਿੰਦੇ ਹਨ ਕਿ ਮੁਲਜ਼ਮ ਆਪਣਾ ਸੁਰਾਗ ਛੱਡ ਹੀ ਜਾਂਦਾ ਹੈ। ਇਹੀ ਇਨ੍ਹਾਂ ਮੁਲਜ਼ਮਾਂ ਨਾਲ ਹੋਇਆ। ਆਸ਼ੀਸ਼ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਹ ਸਾਢੇ ਅੱਠ ਵਜੇ ਦੇ ਕਰੀਬ ਹੁਸ਼ਿਆਰਪੁਰ ਤੋਂ ਨੋਇਡਾ ਲਈ ਨਿਕਲ ਗਿਆ ਸੀ ਪਰ ਰਸਤੇ 'ਚ ਸੀਸੀਟੀਵੀ ਫੁਟੇਜ ਖੰਗਾਲਣ 'ਤੇ ਪਤਾ ਲੱਗਾ ਕਿ ਉਹ ਦੇਰ ਰਾਤ ਤਕ ਹੁਸ਼ਿਆਰਪੁਰ 'ਚ ਹੀ ਸੀ। ਇਸੇ ਗੱਲ ਨੂੰ ਲੈ ਕੇ ਪੁਲਿਸ ਨੂੰ ਸ਼ੱਕ ਹੋਇਆ। ਪੁਲਿਸ ਨੇ ਜਾਂਚ ਨੂੰ ਅੱਗੇ ਵਧਾਇਆ ਤਾਂ ਮਾਮਲੇ ਦੀਆਂ ਪਰਤਾਂ ਖੁੱਲ੍ਹਦੀਆਂ ਗਈਆਂ। ਨੌਕਰ ਕਪਿਲ ਪੁਲਿਸ ਦੀ ਗਿ੍ਫ਼ਤ 'ਚ ਹੈ, ਜਦਕਿ ਆਸ਼ੀਸ਼ ਕੁਸ਼ਵਾਹਾ ਤੇ ਉਸ ਦਾ ਦੋਸਤ ਸੁਨੀਲ ਦੀ ਭਾਲ ਜਾਰੀ ਹੈ। ਥਾਣਾ ਮਾਡਲ ਟਾਊਨ ਦੇ ਮੁਖੀ ਇੰਸਪੈਕਟਰ ਕਰਨੈਲ ਸਿੰਘ ਨੇ ਦੱਸਿਆ ਕਿ ਹੱਤਿਆ ਦੀ ਗੁੱਥੀ ਸੁਲਝਾ ਲਈ ਗਈ ਹੈ। ਜਲਦ ਹੀ ਆਸ਼ੀਸ਼ ਤੇ ਦੂਜੇ ਮੁਲਜ਼ਮ ਨੂੰ ਵੀ ਗਿ੍ਫ਼ਤਾਰ ਕਰ ਲਿਆ ਜਾਵੇਗਾ। ਕਰਨੈਲ ਸਿੰਘ ਨੇ ਵੀ ਦੱਸਿਆ ਕਿ ਝਗੜੇ ਪਿੱਛੇ ਘਰ ਖ਼ਰੀਦਣਾ ਹੀ ਵੱਡਾ ਕਾਰਨ ਸੀ।