ਪੱਤਰ ਪ੍ਰੇਰਕ, ਮਾਹਿਲਪੁਰ : ਪਿੰਡ ਦਾਤਾ ਦੇ ਸਰਪੰਚ ਨੇ ਆਪਣੇ ਹੀ ਗੁਆਂਢ ਰਹਿੰਦੇ ਇਕ ਵਿਅਕਤੀ ਦੇ ਕਾਗਜ਼ ਇਸ ਕਰਕੇ ਤਸਦੀਕ ਨਹੀਂ ਕੀਤੇ ਕਿਉਂਕਿ ਲੜਕੀ ਵਾਲਿਆਂ ਨੇ ਸਰਪੰਚ ਨੂੰ ਵਿਆਹ 'ਚ ਸੱਦਾ ਪੱਤਰ ਨਹੀਂ ਭੇਜਿਆ ਸੀ। ਇਸ ਮਾਮਲੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਨਮੋਸ਼ੀ 'ਚ ਫ਼ਸੇ ਸਰਪੰਚ ਨੇ ਆਪਣੀ ਰਾਜਨੀਤਿਕ ਪਹੁੰਚ ਨਾਲ ਉਕਤ ਪਰਿਵਾਰ ਨੂੰ ਥਾਣੇ ਸੱਦ ਕੇ ਜ਼ਬਰਦਸਤੀ ਮਾਫ਼ੀ ਮੰਗਵਾ ਕੇ ਉਸ ਦੀ ਵੀ ਵੀਡੀਓ ਵਾਇਰਲ ਕਰ ਦਿੱਤੀ, ਜਿਸ ਕਾਰਨ ਇਹ ਮਾਮਲਾ ਪੂਰੇ ਇਲਾਕੇ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਯੁੱਧਵੀਰ ਪੁੱਤਰ ਰਵਿੰਦਰ ਦੱਤ ਵਾਸੀ ਦਾਤਾ ਨੇ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ ਹਿਮਾਚਲ ਪ੍ਰਦੇਸ਼ 'ਚ ਹੋਇਆ ਸੀ। ਉਸ ਨੇ ਦੱਸਿਆ ਕਿ ਪੰਜਾਬ ਤੇ ਕੇਂਦਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿਆਦਾ ਇਕੱਠ ਨਹੀਂ ਕੀਤਾ ਸੀ, ਪਰ ਫਿਰ ਵੀ ਉਨ੍ਹਾਂ ਸਰਪੰਚ ਦੇ ਘਰ ਵਿਆਹ ਦੀ ਮਿਠਾਈ ਭੇਜੀ ਸੀ ਜੋ ਕਿ ਉਸ ਨੇ ਮੋੜ ਦਿੱਤੀ। ਉਸ ਨੇ ਦੱਸਿਆ ਕਿ ਉਸ ਨੇ ਆਪਣੀ ਭੈਣ ਦੇ ਕਾਗਜ਼ ਪੱਤਰ ਤਸਦੀਕ ਕਰਵਾਉਣ ਲਈ ਪਿੰਡ ਦੇ ਪੰਚ ਨੂੰ ਭੇਜਿਆ ਸੀ ਜਿਸ ਨੂੰ ਇਹ ਕਹਿ ਕੇ ਸਰਪੰਚ ਨੇ ਮੋੜ ਦਿੱਤਾ ਸੀ ਕਿ ਉਹ ਆਪ ਆਉਣ।

ਉਨ੍ਹਾਂ ਦੱਸਿਆ ਕਿ ਸਰਪੰਚ ਦੇ ਹੁਕਮਾਂ ਅਨੁਸਾਰ ਉਹ ਆਪ ਕਾਗਜ਼ ਲੈ ਕੇ ਸਰਪੰਚ ਗੋਪਾਲ ਦੱਤ ਕੋਲ ਉਸ ਦੀ ਦੁਕਾਨ 'ਤੇ ਗਿਆ ਤਾਂ ਸਰਪੰਚ ਸਾਹਿਬ ਨੇ ਇਹ ਕਹਿ ਕੇ ਸਾਈਨ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਨੇ ਸਰਪੰਚ ਨੂੰ ਵਿਆਹ 'ਤੇ ਨਹੀਂ ਬੁਲਾਇਆ ਇਸ ਲਈ ਉਹ ਕਾਗਜਾਂ 'ਤੇ ਸਾਈਨ ਨਹੀਂ ਕਰੇਗਾ। ਉਸ ਨੇ ਦੱਸਿਆ ਕਿ ਉਸ ਨੇ ਸਰਪੰਚ ਦੀ ਲਾਈਵ ਵੀਡੀਓ ਬਣਾ ਲਈ ਤਾਂ ਅੱਗ ਬਗੂਲਾ ਹੋਏ ਸਰਪੰਚ ਨੇ ਉਸ ਨੂੰ ਰਾਜਸੀ ਪਹੁੰਚ ਨਾਲ ਥਾਣੇ ਸੱਦ ਲਿਆ ਜਿੱਥੇ ਕੋਟਫ਼ਤੂਹੀ ਦੇ ਚੌਕੀ ਇੰਚਾਰਜ ਨੇ ਉਸ ਨੂੰ ਪਰਚਾ ਦਰਜ ਕਰਨ ਦਾ ਡਰਾਵਾ ਦੇ ਕੇ ਰਾਜੀਨਾਮਾ ਲਿਖਵਾ ਲਿਆ।

ਇਸ ਸਬੰਧੀ ਸਰਪੰਚ ਗੋਪਾਲ ਦੱਤ ਨਾਲ ਸੰਪਰਕ ਕੀਤਾ ਤਾਂ ਉਸ ਨੇ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਥਾਣੇਦਾਰ ਬੁੱਧ ਸਿੰਘ ਨੇ ਦੱਸਿਆ ਕਿ ਉਸ ਨੇ ਕੋਈ ਜ਼ਬਰਦਸਤੀ ਰਾਜ਼ੀਨਾਮਾ ਨਹੀਂ ਕਰਵਾਇਆ। ਆਪਸੀ ਸਹਿਮਤੀ ਨਾਲ ਰਾਜ਼ੀਨਾਮਾ ਹੋਇਆ ਹੈ। ਦੋਵਾਂ ਧਿਰਾਂ ਵੱਲੋਂ ਵੀਡੀਓ ਵਾਇਰਲ ਕਰਨਾ ਗਲਤ ਹੈ।

Posted By: Jagjit Singh