ਦਲਵਿੰਦਰ ਸਿੰਘ ਮਨੌਚਾ, ਗੜ੍ਹਸ਼ੰਕਰ : ਬੀਤੇ ਇਲਾਕੇ 'ਚ ਪੈਂਦੇ ਪਿੰਡ ਮੈਰਾ ਦੀ ਮਹਿਲਾ ਸਰਪੰਚ ਵੱਲੋਂ ਜ਼ਹਿਰੀਲੀ ਦਵਾਈ ਖਾ ਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਗੜ੍ਹਸ਼ੰਕਰ ਦੀ ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਅਧਾਰ 'ਤੇ ਸਹੁਰਾ, ਜੇਠ ਤੇ ਜਠਾਣੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪਿੰਡ ਮੈਰਾ ਦੀ ਸੁਨੀਤਾ ਦੇਵੀ ਪਤਨੀ ਕੁਲਦੀਪ ਕੁਮਾਰ ਪਿੰਡ ਦੀ ਸਰਪੰਚ ਸੀ। ਸੁਨੀਤਾ ਦੇਵੀ ਨੇ 25 ਮਈ ਨੂੰ ਜ਼ਹਿਰੀਲੀ ਵਸਤੂ ਖਾ ਲਈ ਸੀ, ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਉਸ ਨੂੰ ਗੜ੍ਹਸ਼ੰਕਰ ਦੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਸੀ ਪਰ ਬੀਤੇ ਦਿਨੀਂ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਇਸ ਮਾਮਲੇ ਦਾ ਪਤਾ ਲੱਗਦਿਆਂ ਹੀ ਥਾਣਾ ਗੜ੍ਹਸ਼ੰਕਰ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਦਿੱਤੇ ਬਿਆਨਾਂ 'ਚ ਮ੍ਰਿਤਕ ਦੇ ਪਿਤਾ ਹਰਮੇਸ਼ ਸਿੰਘ ਪੁੱਤਰ ਗੁਰਦਾਸ ਰਾਮ ਵਾਸੀ ਨੈਨਵਾਂ ਨੇ ਦੱਸਿਆ ਕਿ ਸੁਨੀਤਾ ਦੇਵੀ ਦਾ ਵਿਆਹ 16 ਸਾਲ ਪਹਿਲਾ ਕੁਲਦੀਪ ਕੁਮਾਰ ਪੁੱਤਰ ਦਰਸ਼ਨ ਰਾਮ (ਸੇਵਾਮੁਕਤ ਅਧਿਆਪਕ) ਨਾਲ ਹੋਇਆ ਸੀ। ਕੁਝ ਸਮਾਂ ਪਹਿਲਾਂ ਸੁਨੀਤਾ ਦੇ ਸਹੁਰੇ ਦਰਸ਼ਨ ਰਾਮ ਨੇ ਆਪਣੀ ਵਸੀਅਤ ਸੰਦੀਪ ਕੁਮਾਰ, ਕੁਲਦੀਪ ਕੁਮਾਰ ਤੇ ਪ੍ਰਗਟ ਸਿੰਘ ਤਿੰਨਾਂ ਪੁੱਤਰਾਂ ਦੇ ਨਾਮ ਕਰ ਦਿੱਤੀ ਸੀ ਤੇ ਸਾਰਿਆਂ ਨੂੰ ਜ਼ਮੀਨ ਵੰਡਕੇ ਦੇ ਦਿੱਤੀ ਪਰ ਦਸੰਬਰ 2019 ਨੂੰ ਦਰਸ਼ਨ ਰਾਮ ਨੇ ਵਸੀਅਤ ਬਦਲ ਕੇ ਆਪਣੇ ਦੋ ਪੁੱਤਰਾਂ ਸੰਦੀਪ ਕੁਮਾਰ ਤੇ ਪ੍ਰਗਟ ਸਿੰਘ ਦੇ ਨਾਂ ਕਰ ਦਿੱਤੀ। ਜ਼ਮੀਨ ਨੂੰ ਲੈ ਕੇ ਸਰਪੰਚ ਸੁਨੀਤਾ ਦੇਵੀ ਨੂੰ ਸਹੁਰਾ ਦਰਸ਼ਨ ਰਾਮ, ਜੇਠ ਸੰਦੀਪ ਕੁਮਾਰ, ਜੇਠਾਣੀ ਰਣਜੀਤ ਕੌਰ ਹਮੇਸ਼ਾ ਤੰਗ ਪਰੇਸ਼ਾਨ ਕਰਦੇ ਸਨ ਤੇ 25 ਮਈ ਨੂੰ ਵੀ ਤਿੰਨਾਂ ਨੇ ਸੁਨੀਤਾ ਦੇਵੀ ਨੂੰ ਐਨਾ ਤੰਗ ਪਰੇਸ਼ਾਨ ਕੀਤਾ ਕਿ ਉਸ ਨੇ ਪਰੇਸ਼ਾਨ ਹੋ ਕੇ ਜ਼ਹਿਰੀਲੀ ਵਸਤੂ ਖਾ ਲਈ। ਜਦੋਂ ਉਸ ਦੇ ਪਤੀ ਨੂੰ ਪਤਾ ਲੱਗਾ ਤਾਂ ਉਹ ਸੁਨੀਤਾ ਨੂੰ ਤੁਰੰਤ ਨੇੜੇ ਦੇ ਨਿੱਜੀ ਹਸਪਤਾਲ ਵਿਖੇ ਲੈ ਗਿਆ, ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ।

Posted By: Amita Verma