ਗੁਰਬਿੰਦਰ ਸਿੰਘ ਪਲਾਹਾ, ਹੁਸ਼ਿਆਰਪੁਰ : ਨਗਰ ਨਿਗਮ ਹੁਸ਼ਿਆਰਪੁਰ 'ਚ ਭਿ੍ਸ਼ਟਾਚਾਰ ਆਪਣੀ ਚਰਮ ਸੀਮਾ 'ਤੇ ਪੱੁਜ ਗਿਆ ਹੈ। ਪਿਛਲੇ ਸਮਿਆਂ ਦੌਰਾਨ ਅਜਿਹੇ ਕੰਮਾਂ ਦੇ ਨਾਮ 'ਤੇ ਕਰੋੜਾਂ ਰੁਪਏ ਖਰਚ ਦਿੱਤੇ ਜੋ ਕਦੇ ਹੋਏ ਹੀ ਨਹੀਂ। ਇਹ ਵਰਤਾਰਾ ਨਾ ਸਿਰਫ ਲੋਕਾਂ ਦੇ ਖੂਨ ਪਸੀਨੇ ਨਾਲ ਦਿੱਤੇ ਗਏ ਟੈਕਸ ਦੇ ਪੈਸਿਆਂ ਦੀ ਭਾਰੀ ਦੁਰਵਰਤੋਂ ਦਾ ਹੈ ਸਗੋਂ ਸਰਕਾਰੀ ਖਜ਼ਾਨੇ ਦੀ ਵੱਡੇ ਪੱਧਰ 'ਤੇ ਲੁੱਟ ਮਚਾ ਕੇ ਸਰਕਾਰ ਨਾਲ ਠੱਗੀ ਕਰਨ ਦਾ ਵੀ ਹੈ। ਇਸ ਸਬੰਧੀ ਖੁਲਾਸਾ ਕਰਦਿਆਂ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਸੂਚਨਾ ਅਧਿਕਾਰ ਐਕਟ 2005 ਅਧੀਨ ਨਗਰ ਨਿਗਮ ਹੁਸ਼ਿਆਰਪੁਰ ਵੱਲੋਂ ਵੱਖ-ਵੱਖ ਵਿਕਾਸ ਕਾਰਜਾਂ ਲਈ ਖਰਚ ਕੀਤੇ ਪੈਸਿਆਂ ਸੰਬੰਧੀ ਪ੍ਰਰਾਪਤ ਕੀਤੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਨਗਰ ਨਿਗਮ ਵੱਲੋਂ ਸ਼ਹਿਰ ਅੰਦਰ ਸਾਫ ਸਫਾਈ ਅਤੇ ਹਾਈਜੈਨਿਕ ਬਣਾਉਣ ਦੇ ਨਾਮ 'ਤੇ ਲੱਖਾਂ ਰੁਪਇਆ ਖਰਚਿਆ ਜਾ ਰਿਹਾ ਹੈ, ਪਰ ਵਿਕਾਸ ਅਤੇ ਸਵੱਛਤਾ ਦੀਆਂ ਡੀਂਗਾਂ ਮਾਰਨ ਵਾਲਿਆਂ ਦੇ ਸਾਰੇ ਕੰਮਾਂ ਦੇ ਨਤੀਜੇ ਉਲਟੀ ਦਿਸ਼ਾ ਵੱਲ ਜਾ ਰਹੇ ਹਨ। ਧੀਮਾਨ ਨੇ ਸੂਚਨਾ ਅਧਿਕਾਰ ਐਕਟ 2005 ਦੁਆਰਾ ਇਕ ਪ੍ਰਰਾਪਤ ਕੀਤੀ ਸੂਚਨਾ ਦੇ ਅਧਾਰ 'ਤੇ ਦੱਸਿਆ ਕਿ ਨਗਰ ਨਿਗਮ ਨੇ ਸਾਲ 2007 ਤੋਂ ਲੈ ਕੇ 2018 ਤਕ ਸਫਾਈ ਕਰਮਚਾਰੀਆਂ ਨੂੰ ਕੰਮ ਕਰਨ ਤੋਂ ਬਾਅਦ ਹੱਥ ਧੋਣ ਲਈ ਲਾਇਫਵਾਏ ਸਾਬਣ ਦੇਣ ਲਈ 11 ਲੱਖ, 66 ਹਜ਼ਾਰ 278 ਰੁਪਏ ਖਰਚ ਕੀਤੇ ਵਿਖਾਏ, ਪਰ ਅਮਲੀ ਤੌਰ 'ਤੇ ਸਫਾਈ ਕਰਮਚਾਰੀਆਂ ਨੂੰ ਨੈਸ਼ਨਲ ਸਫਾਈ ਕਰਮਚਾਰੀ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕੁੱਝ ਵੀ ਨਹੀਂ ਦਿਤਾ ਜਾ ਰਿਹਾ, ਕੰਮ ਕਰਨ ਤੋਂ ਬਾਅਦ ਉਨ੍ਹਾਂ ਮਿਹਨਤੀ ਸਫਾਈ ਕਰਮਚਾਰੀਆਂ ਨੂੰ ਵਰਦੀਆਂ, ਹੱਥਾਂ ਦੇ ਦਸਤਾਨੇ, ਵਾਸ਼ਰੂਮ, ਐਂਟੀਬਾਓਟਿਕ ਸਾਬਨ ਆਦਿ ਵੀ ਮੁੱਹਈਆ ਕਰਵਾਉਣਾ ਹੁੰਦਾ ਹੈ।

ਪਿੱਪਲਾਂਵਾਲਾ ਡੰਪਿੰਗ ਸਥਾਨ 'ਤੇ ਨਹੀਂ ਕੋਈ ਬਾਉਂਡਰੀ ਵਾਲ; ਪਰ ਖਰਚੇ 9 ਲੱਖ 70 ਹਜ਼ਾਰ, 988 ਰੁਪਏ

ਜੈ ਗੋਪਾਲ ਧੀਮਾਨ ਨੇ ਦੱਸਿਆ ਕਿ ਪਿਪਲਾਂਵਾਲਾ ਡੰਪਿਗ ਸਥਾਨ ਦੇ ਆਲੇ ਦੁਆਲੇ ਕਾਗਜਾਂ ਵਿਚ ਬਾਉਂਡਰੀ ਵਾਲ ਬਣਾਉਣ 'ਤੇ 9 ਲੱਖ 70 ਹਜ਼ਾਰ, 988 ਰੁਪਏ ਖਰਚ ਕੀਤੇ ਦੱਸਿਆ ਗਿਆ ਹੈ, ਪਰ ਉੱਥੇ ਬਾਊਂਡਰੀ ਵਾਲ ਤਾਂ ਵੇਖਣ ਨੂੰ ਵੀ ਨਸੀਬ ਨਹੀਂ ਹੋ ਰਹੀ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਪੈਸਾ ਕਿਥੇ ਗਿਆ। ਉਨ੍ਹਾਂ ਦੱਸਿਆ ਕਿ ਨਿਯਮਾਂ ਅਨੁਸਾਰ ਡੰਪਿਗ ਸਥਾਨ ਅੰਦਰ ਇਕ ਸੜਕ ਵੀ ਬਣਾਉਣੀ ਹੁੰਦੀ ਹੈ ਉਹ ਵੀ ਨਹੀਂ ਬਣਾਈ ਗਈ। ਧੀਮਾਨ ਨੇ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਸੋਲਿਡ ਵੇਸਟ ਮੈਨਜਮੈਂਟ ਰੂਲਜ਼ 2016 ਨੂੰ ਲਾਗੂ ਕਰਵਾਉਣ ਲਈ ਨਗਰ ਨਿਗਮ ਨੂੰ ਹਿਦਾਇਤਾਂ ਅਨੁਸਾਰ ਕੰਮ ਕਰਨ ਨੂੰ ਪਤੱਰ ਲਿਖ ਕੇ ਆਪਣਾ ਪੱਲਾ ਝਾੜ ਲੈਂਦੇ ਹਨ, ਇਸੇ ਤਰ੍ਹਾਂ ਮਿਤੀ 1 ਫਰਵਰੀ 2019 ਨੂੰ ਇਨਵਾਇਰਨਮੈਂਟ ਇੰਜੀਨੀਅਰ ਵਲੋਂ ਨਗਰ ਨਿਗਮ ਹੁਸ਼ਿਆਰਪੁਰ ਨੂੰ ਪੱਤਰ ਲਿਖਣ ਦੀ ਕਾਰਵਾਈ ਪਾ ਕੇ ਪਾਸਾ ਵੱਟ ਲਿਆ। ਲਿਖੇ ਗਏ ਪੱਤਰ ਅਨੁਸਾਰ ਡੰਪਿੰਗ ਸਾਇਟ 'ਤੇ ਗ੍ਰੀਨ ਬੈਲਟ, ਕੂੜੇ ਅਤੇ ਉਸ ਦੇ ਆਲੇ ਦੁਆਲੇ ਮੀਥੇਨ ਦੀ ਫੋਗਿੰਗ ਕਰਨੀ ਹੁੰਦੀ ਹੈ ਤਾਂ ਕਿ ਮੱਖੀਆਂ ਮੱਛਰਾਂ ਦੀ ਵੱਧ ਰਹੀ ਅਬਾਦੀ ਨੂੰ ਖਤਮ ਕੀਤਾ ਜਾ ਸਕੇ। ਪੱਤਰ ਅਨੁਸਾਰ ਜੁਨੀਅਰ ਵਾਤਾਵਰਨ ਇੰਜੀਨੀਅਰ ਨੇ 30 ਜਨਵਰੀ 2019 ਦੀ ਵਿਜ਼ਟ ਰਿਪੋਰਟ ਅਨੁਸਾਰ ਮੰਨਿਆ ਕਿ ਨਗਰ ਨਿਗਮ ਹੁਸ਼ਿਆਰਪੁਰ ਵੱਲੋਂ ਸੋਲਿਡ ਵੇਸਟ ਮੈਨਜਮੈਂਟ ਰੂਲਜ 2016 ਦੇ ਨਿਯਮਾਂ ਨੂੰ ਨਹੀਂ ਲਾਗੂ ਕੀਤਾ ਜਾ ਰਿਹਾ ਉਨ੍ਹਾਂ ਰਿਪੋਰਟ 'ਚ ਲਿਖਿਆ ਹੈ ਕਿ ਡੰਪਿਗ ਥਾਂ 'ਤੇ ਕੂੜੇ ਦੀਆਂ ਢੇਰੀਆਂ ਨੂੰ ਸਾੜਿਆ ਜਾਂਦਾ ਹੈ ਤੇ ਉੱਥੇ ਹਮੇਸ਼ਾ ਧੂੰਏਂ ਦੀ ਚਾਦਰ ਬਣੀ ਰਹਿੰਦੀ ਹੈ ਅਤੇ ਨਾ ਹੀ ਡੰਪਿਗ ਸਥਾਨ 'ਤੇ ਕੋਈ ਬਾਉਂਡਰੀ ਵਾਲ ਤਕ ਨਹੀਂ ਪਰ ਨਗਰ ਨਿਗਮ ਨੇ ਸ਼ਹਿਰੀ ਲੋਕਾਂ ਦੇ ਪੈਸੇ ਨੂੰ ਲੋਕਾਂ ਦੀ ਭਲਾਈ ਲਈ ਵਰਤਣ ਦੀ ਥਾਂ 'ਤੇ ਕਾਗਜ਼ਾਂ 'ਚ ਹੀ 9 ਲੱਖ 70 ਹਜ਼ਾਰ, 988 ਰੁਪਏ ਖਰਚ ਕੀਤੇ ਵਿਖਾ ਦਿੱਤੇ।

ਸੋਲਿਡ ਵੇਸਟ ਮੈਨੇਜਮੈਂਟ ਦੇ ਨਿਯਮ 2016 ਅਨੁਸਾਰ ਕੂੜੇ ਤੇ ਕਿਸੇ ਤਰ੍ਹਾਂ ਦੇ ਵੇਸਟ ਨੂੰ ਸਾੜਨਾ ਗਲਤ

ਧੀਮਾਨ ਨੇ ਦੱਸਿਆ ਕਿ ਇੰਨਵਾਇਰਨਮੈਂਟ ਇੰਜੀਨੀਅਰ ਨੇ ਇਹ ਵੀ ਮੰਨਿਆ ਕਿ ਡੰਪਿਗ ਸਾਈਟ 'ਤੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਸਪਰੇਅ ਤਕ ਨਹੀਂ ਕੀਤੀ ਅਤੇ ਬਹੁਤ ਜ਼ਿਾਦਾ ਮੱਖੀਆਂ ਉਥੇ ਪਾਈਆਂ ਗਈਆਂ। ਧੀਮਾਨ ਨੇ ਦਸਿਆ ਕਿ ਸ਼ਹਿਰ ਅੰਦਰ ਨਗਰ ਨਿਗਮ ਦੀਆਂ ਅਣਗਹਿਲੀਆਂ ਕਾਰਨ ਸਾਰੇ ਸਹਿਰ ਦਾ ਵਾਤਾਵਰਨ ਤੇਜ਼ੀ ਨਾਲ ਰਹਿਣ ਦੇ ਅਯੋਗ ਹੋ ਰਿਹਾ ਹੈ, ਜਿਸ ਦਾ ਸਿੱਧਾ ਅਸਰ ਸਾਰੇ ਸਹਿਰ ਵਾਸੀਆਂ ਦੀ ਸਿਹਤ 'ਤੇ ਪੈ ਰਿਹਾ ਹੈ ਪਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੀ ਕਾਰਵਾਈ ਕਰਨ ਲਈ ਅੱਗੇ ਆਵੇ ਭਾਵੇਂ ਸਾਡੇ ਕੋਲ ਹਵਾ ਦੀ ਕੁਵਾਲਿਟੀ ਬਣਾ ਕੇ ਰੱਖਣ ਵਾਲੇ ਵਾਤਾਵਰਨ ਇੰਜੀਨੀਅਰ ਮੌਜੂਦ ਹਨ, ਪਰ ਇਸ ਸਭ ਦੇ ਬਾਵਜੂਦ ਸ਼ਰਮ ਵਾਲੀ ਗੱਲ ਹੈ ਕਿ ਹਰ ਰੋਜ਼ ਬਿਨਾਂ ਕਿਸੇ ਰੋਕ ਟੋਕ ਤੋਂ ਪਲਾਸਟਿਕ ਅਤੇ ਕੂੜੇ ਦੀਆਂ ਢੇਰੀਆਂ ਨੂੰ ਅੱਗ ਲਗਾ ਕੇ ਕੈਂਸਰ ਪੈਦਾ ਕਰਨ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਸੋਲਿਡ ਵੇਸਟ ਮੈਨੇਜਮੈਂਟ ਦੇ ਨਿਯਮ 2016 ਅਨੁਸਾਰ ਕੂੜੇ ਅਤੇ ਕਿਸੇ ਤਰ੍ਹਾਂ ਦੇ ਵੇਸਟ ਨੂੰ ਸਾੜਨਾ ਗਲਤ ਹੈ ਤੇ ਅਜਿਹਾ ਕਰਨ ਵਾਲੇ ਦੇ ਵਿੱਰੁਧ ਕਾਰਵਾਈ ਕੀਤੀ ਜਾਣੀ ਬਣਦੀ ਹੈ ਪਰ ਨਿਗਮ ਦੀ ਭਿ੍ਸ਼ਟ ਸੋਚ ਇਸ ਵਰਤਾਰੇ ਨੂੰ ਰੋਕਣ 'ਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋ ਰਹੀ ਹੈ। ਧੀਮਾਨ ਨੇ ਪੜ੍ਹੇ ਲਿਖੇ ਸ਼ਹਿਰੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਿ੍ਸ਼ਟ ਨਗਰ ਨਿਗਮ ਨੂੰ ਬਦਲਣ ਲਈ ਇੱਕਜੁਟ ਹੋਣ ਤਾਂ ਕਿ ਸ਼ਹਿਰੀ ਵਾਤਾਵਰਨ ਵਿਚਲੀ ਗੰਦਗੀ ਖਤਮ ਹੋਵੇ ਅਤੇ ਸ਼ਹਿਰੀ ਲੋਕਾਂ ਨੂੰ ਧੂੜ ਮਿੱਟੀ ਅਤੇ ਧੂੰਏਂ ਦੇ ਮਿਸ਼ਰਨ ਸਮੋਗ ਤੋਂ ਛੁਟਕਾਰਾ ਮਿਲ ਸਕੇ।