ਪੱਤਰ ਪ੍ਰਰੇਰਕ, ਹੁਸ਼ਿਆਰਪੁਰ - ਆਮ ਆਦਮੀ ਪਾਰਟੀ ਦੇ ਵਿਧਾਇਕ ਜੈ ਕਿ੍ਸ਼ਨ ਸਿੰਘ ਰੌੜੀ ਨੇ ਹੁਸ਼ਿਆਰਪੁਰ ਦੇ ਪਾਰਟੀ ਆਗੂਆਂ 'ਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵੱਲੋਂ ਪਰਚਾ ਦਰਜ ਕਰਵਾਉਣ ਦਾ ਸਖ਼ਤ ਨੋਟਿਸ ਲੈਂਦੇ ਹੋਏ ਕੇਂਦਰੀ ਮੰਤਰੀ ਦੀ ਇਸ ਕਾਰਵਾਈ ਨੂੰ ਬਹੁਤ ਹੀ ਗੈਰ ਜਿੰਮੇਦਾਰਾਨਾ ਤੇ ਆਪਹੁਦਰੀ ਕਾਰਵਾਈ ਕਰਾਰ ਦਿੱਤਾ ਹੈ।

ਵਿਧਾਇਕ ਰੌੜੀ ਨੇ ਕਿਹਾ ਕਿ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵਲੋਂ ਆਮ ਆਦਮੀ ਪਾਰਟੀ ਦੇ ਸੂਬਾ ਉਪ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਇੰਚਾਰਜ ਸੰਦੀਪ ਸਣੀ ਅਤੇ ਹੋਰ ਸਾਥੀਆਂ 'ਤੇ ਐਫਆਈਆਰ ਦਰਜ ਕਰਾਉਣਾ ਉਨ੍ਹਾਂ ਦੀ ਬਦਹਵਾਸੀ ਦਾ ਨਤੀਜਾ ਹੈ, ਜੋ ਕਿ ਇੱਕ ਗੈਰ ਸਿਆਸਤਦਾਨ ਵੱਲੋਂ ਹੀ ਕੀਤਾ ਜਾ ਸਕਦਾ ਹੈ।

ਵਿਧਾਇਕ ਰੌੜੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਸੰਦੀਪ ਸੈਣੀ ਅਤੇ ਸਾਰੇ ਵਰਕਰ ਸਾਥੀਆਂ ਦੇ ਨਾਲ ਚੱਟਾਨ ਦੀ ਤਰ੍ਹਾਂ ਖੜੀ ਹੈ ਅਤੇ ਇਸ ਗੱਲ ਨਾਲ ਆਮ ਜਨਤਾ ਨੂੰ ਜਾਣੂ ਕਰਾਉਂਦੀ ਰਹੇਗੀ ਕਿ ਉਨ੍ਹਾਂ ਨੇ ਸੋਮ ਪ੍ਰਕਾਸ਼ ਨੂੰ ਲੋਕ ਸਭਾ ਮੈਂਬਰ ਚੁਣ ਕੇ ਬਹੁਤ ਵੱਡੀ ਗਲਤੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ 'ਚ ਇਹ ਪਹਿਲਾ ਸੰਸਦ ਮੈਂਬਰ ਹੈ ਜਿਨ੍ਹੇ ਇਹ ਇਤਹਾਸ ਬਣਾਇਆ ਹੈ ਕਿ ਜੇਕਰ ਉਸ ਦੇ ਖਿਲਾਫ਼ ਕੋਈ ਪ੍ਰਦਰਸ਼ਨ ਕਰੇਗਾ ਤਾਂ ਉਹ ਉਸਦੇ ਖਿਲਾਫ਼ ਐਫ.ਆਈ.ਆਰ. ਉਹ ਆਪ ਜਾ ਕੇ ਦਰਜ ਕਰਵਾਏਗਾ। ਜੋ ਕਿ ਮੋਦੀ ਸਰਕਾਰ ਦੀ ਤਾਨਾਸ਼ਾਹੀ ਸੋਚ ਨੂੰ ਉਜਾਗਰ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਜੋ ਸੰਸਦ ਮੈਂਬਰ ਆਪਣੇ ਲੋਕ ਸਭਾ ਖੇਤਰ ਵਿੱਚ ਆਪਣੀ ਆਮ ਜਨਤਾ ਦੀ ਦੁੱਖ ਤਕਲੀਫ ਨਹੀਂ ਸੁਣਦਾ ਉਸ ਨੂੰ ਕੁਰਸੀ 'ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ ਅਤੇ ਅਜਿਹੇ ਸੰਸਦ ਅਤੇ ਮੰਤਰੀ ਨੂੰ ਕੇਂਦਰ ਸਰਕਾਰ ਨੂੰ ਤੱਤਕਾਲ ਅਹੁਦੇ ਤੋਂ ਹਟਾ ਦੇਣਾ ਚਾਹੀਦਾ ਹੈ। ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਪਾਬਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਜਿਹੀ ਕਾਰਵਾਈਆਂ ਨਾਲ ਡਰਨ ਵਾਲੀ ਨਹੀਂ ਹੈ ਕਿਉਂਕਿ ਆਮ ਆਦਮੀ ਪਾਰਟੀ ਦਾ ਜਨਮ ਹੀ ਇੱਕ ਮਹੱਤਵਪੂਰਣ ਅੰਦੋਲਨ ਨਾਲ ਹੋਇਆ ਹੈ ਅਤੇ ਸੰਸਦ ਅਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦਾ ਆਮ ਆਦਮੀ ਪਾਰਟੀ ਪੂਰੇ ਲੋਕ ਸਭਾ ਖੇਤਰ ਵਿੱਚ ਸਮੇਂ-ਸਮੇਂ ਤੇ ਰੋਸ਼ ਪ੍ਰਦਰਸ਼ਨ ਕਰਕੇ ਸਵਾਗਤ ਕਰੇਗੀ। ਉਨ੍ਹਾਂ ਨੇ ਕਿਹਾ ਕਿ ਸਾਨੂੰ ਅਜਿਹੇ ਸੰਸਦ ਦੀ ਜਰੂਰਤ ਨਹੀਂ ਹੈ ਜੋ ਆਪਣੀ ਹੀ ਲੋਕ ਸਭਾ ਖੇਤਰ ਦੇ ਲੋਕਾਂ 'ਤੇ ਝੂਠੀ ਐਫ.ਆਈ.ਆਰ. ਦਰਜ ਕਰਵਾਉਂਦਾ ਫਿਰੇ।