ਸਟਾਫ ਰਿਪੋਰਟਰ, ਹੁਸ਼ਿਆਰਪੁਰ : ਸ਼ੁੱਕਰਵਾਰ ਦੇਰ ਸ਼ਾਮ ਤੇ ਸ਼ਨਿੱਚਰਵਾਰ ਨੂੰ ਹੋਏ ਤਿੰਨ ਵੱਖ-ਵੱਖ ਸੜਕੀ ਹਾਦਸਿਆਂ 'ਚ ਦੋ ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਤਿੰਨ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਪਹਿਲਾ ਹਾਦਸਾ ਸ਼ੁੱਕਰਵਾਰ ਦੇਰ ਸ਼ਾਮ ਟਾਂਡਾ ਬਾਈਪਾਸ 'ਤੇ ਹੋਇਆ, ਜਿਸ 'ਚ ਇਕ ਤੇਜ਼ ਰਫ਼ਤਾਰ ਮੋਟਰਸਾਈਕਲ ਸੜਕ 'ਤੇ ਖਿੱਲਰੀ ਹੋਈ ਬਜਰੀ ਕਾਰਨ ਸਲਿੱਪ ਹੋ ਗਿਆ। ਹਾਦਸੇ 'ਚ ਮੋਟਰਸਾਈਕਲ ਸਵਾਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਜਿਸ ਨੂੰ ਇਕ ਪ੍ਰਾਈਵੇਟ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਜਿੱਥੇ ਉਸ ਨੇ ਦਮ ਤੋੜ ਦਿੱਤਾ। ਜਦਕਿ ਦੂਜਾ ਹਾਦਸਾ ਹੁਸ਼ਿਆਰਪੁਰ-ਦਸੂਹਾ ਰੋਡ 'ਤੇ ਭੂੰਗਾ ਨੇੜੇ ਹੋਇਆ, ਜਿਸ 'ਚ ਇਕ ਟਰੈਕਟਰ-ਟਰਾਲੀ ਤੇ ਟਿੱਪਰ ਵਿਚਾਲੇ ਹੋਈ ਟੱਕਰ 'ਚ ਟਰੈਕਟਰ-ਟਰਾਲੀ ਚਾਲਕ ਦੀ ਮੌਤ ਹੋ ਗਈ ਜਦੋਂ ਕਿ ਟਿੱਪਰ ਚਾਲਕ ਜ਼ਖ਼ਮੀ ਹੋ ਗਿਆ।

ਮੋਟਰਸਾਈਕਲ ਸਲਿੱਪ ਹੋਣ ਕਰ ਕੇ ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨ ਦੀ ਪਛਾਣ ਜਤਿੰਦਰ ਸਿੰਘ (32) ਪੁੱਤਰ ਗੁਰਮੀਤ ਸਿੰਘ ਵਾਸੀ ਗੋਬਿੰਦਪੁਰ ਖੁਣਖੁਣ ਦੇ ਰੂਪ 'ਚ ਹੋਈ। ਜਤਿੰਦਰ ਸਿੰਘ ਸਕੂਲ ਬੱਸ ਚਲਾਉਂਦਾ ਸੀ। ਸ਼ੁੱਕਰਵਾਰ ਨੂੰ ਉਹ ਆਪਣੀ ਕਿਸੇ ਰਿਸ਼ਤੇਦਾਰੀ 'ਚ ਪਿੰਡ ਬਜਵਾੜਾ ਨੂੰ ਜਾ ਰਿਹਾ ਸੀ। ਇਸੇ ਦੌਰਾਨ ਟਾਂਡਾ ਰੋਡ 'ਤੇ ਅੰਬਰ ਪੈਲੇਸ ਨੇੜੇ ਉਸ ਦਾ ਮੋਟਰਸਾਇਕਲ ਸੜਕ 'ਤੇ ਖਿੱਲਰੀ ਬਜਰੀ 'ਤੇ ਸਲਿੱਪ ਹੋ ਗਿਆ। ਸਿੱਟੇ ਵੱਜੋਂ ਉਹ ਸੜਕ 'ਤੇ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਿਆ। ਹਾਦਸੇ ਦੌਰਾਨ ਜਤਿੰਦਰ ਦੇ ਸਿਰ 'ਤੇ ਡੂੰਘੀ ਸੱਟ ਲੱਗੀ ਤੇ ਉਹ ਬੇਹੋਸ਼ ਹੋ ਗਿਆ। ਰਾਹਗੀਰਾਂ ਨੇ ਉਸ ਨੂੰ ਤੁਰੰਤ ਟਾਂਡਾ ਚੌਕ ਨੇੜੇ ਸਥਿਤ ਇਕ ਪ੍ਰਾਈਵੇਟ ਹਸਪਤਾਲ 'ਚ ਦਾਖ਼ਲ ਕਰਵਾਇਆ, ਜਿੱਥੇ ਉਸ ਨੇ ਦੇਰ ਰਾਤ ਦਮ ਤੋੜ ਦਿੱਤਾ। ਪੁਲਿਸ ਨੇ ਮਿ੍ਰਤਕ ਦੇਹ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਸਾਂ ਨੂੰ ਸੌਂਪ ਦਿੱਤਾ ਹੈ।

ਦੂਜੇ ਹਾਦਸੇ 'ਚ ਮਾਰੇ ਗਏ ਟਰੈਕਟਰ-ਟਰਾਲੀ ਚਾਲਕ ਦੀ ਪਛਾਣ ਅਸ਼ਵਨੀ ਪੁੱਤਰ ਕਰਨੈਲ ਸਿੰਘ ਵਾਸੀ ਫੱਤੋਵਾਲ ਦੇ ਰੂਪ 'ਚ ਹੋਈ ਹੈ। ਸ਼ਨੀਵਾਰ ਸਵੇਰੇ ਕਰੀਬ ਸਾਢੇ ਛੇ ਵਜੇ ਅਸ਼ਵਨੀ ਲੱਕੜ ਨਾਲ ਭਰੀ ਟਰੈਕਟਰ-ਟਰਾਲੀ ਲੈ ਕੇ ਹੁਸ਼ਿਆਰਪੁਰ ਵੱਲ ਜਾ ਰਿਹਾ ਸੀ। ਇਸੇ ਦੌਰਾਨ ਟਰੈਕਟਰ-ਟਰਾਲੀ ਦੀ ਟੱਕਰ ਸਾਹਮਣੇ ਤੋਂ ਆ ਰਹੇ ਟਿੱਪਰ ਨੰਬਰ ਪੀਬੀ 07 ਏਐੱਸ 4071 ਨਾਲ ਹੋ ਗਈ। ਟੱਕਰ ਇੰਨੀ ਜਬਰਦਸਤ ਸੀ ਕਿ ਟਰੈਕਟਰ ਪਲਟ ਗਿਆ ਤੇ ਅਸ਼ਵਨੀ ਟਰੈਕਟਰ ਦੇ ਹੇਠਾਂ ਆ ਗਿਆ। ਸਿੱਟੇ ਵੱਜੋਂ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਇਸ ਹਾਦਸੇ 'ਚ ਟਿੱਪਰ ਚਾਲਕ ਵੀ ਗੰਭੀਰ ਰੂਪ ਨਾਲ ਜ਼ਖ਼ਮੀ ਹੋਇਆ ਹੈ, ਜੋ ਹੁਸ਼ਿਆਰਪੁਰ ਸਰਕਾਰੀ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ। ਟਿੱਪਰ ਚਾਲਕ ਦੀ ਪਛਾਣ ਵਰਿਦੰਰ ਪਾਲ ਦੇ ਰੂਪ 'ਚ ਹੋਈ ਹੈ। ਪੁਲਿਸ ਨੇ ਟਿੱਪਰ ਤੇ ਟਰੈਕਟਰ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -

ਕੁੱਝ ਸਮਾਂ ਪਹਿਲਾਂ ਅਸ਼ਵਨੀ ਦੇ ਭਰਾ ਦੀ ਵੀ ਹਾਦਸੇ 'ਚ ਹੋਈ ਸੀ ਮੌਤ

ਹਸਪਤਾਲ 'ਚ ਆਪਣੇ ਭਤੀਜੇ ਦੀ ਲਾਸ਼ ਲੈਣ ਪੁੱਜੇ ਮੇਜਰ ਸਿੰਘ ਨੇ ਦੱਸਿਆ ਕਿ ਅਸ਼ਵਨੀ ਦੇ ਵੱਡੇ ਭਰਾ ਚਰਨਜੀਤ ਸਿੰਘ ਦੀ ਕੁੱਝ ਸਮਾਂ ਪਹਿਲਾਂ ਹਾਦਸੇ 'ਚ ਹੀ ਮੌਤ ਹੋ ਗਈ ਸੀ। ਭਰਾ ਦੀ ਮੌਤ ਤੋਂ ਬਾਅਦ ਅਸ਼ਵਨੀ ਦੀ ਭਰਜਾਈ ਨੂੰ ਅਸ਼ਵਨੀ ਦੇ ਘਰ ਬਿਠਾ ਦਿੱਤਾ ਗਿਆ ਸੀ। ਜਦੋਂ ਚਰਨਜੀਤ ਦੀ ਮੌਤ ਹੋਈ ਸੀ ਤਾਂ ਉਸ ਦੇ ਘਰ 'ਚ ਇੱਕ ਧੀ ਸੀ। ਅਸ਼ਵਨੀ ਦੇ ਨਾਲ ਵਿਆਹ ਹੋਣ ਤੋਂ ਬਾਅਦ ਅਸ਼ਵਨੀ ਦੇ ਘਰ 'ਚ ਇਕ ਹੋਰ ਧੀ ਨੇ ਜਨਮ ਲਿਆ ਸੀ। ਮੇਜਰ ਸਿੰਘ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਅਸ਼ਵਨੀ 'ਤੇ ਪੂਰੇ ਪਰਿਵਾਰ ਦੀ ਜ਼ਿੰਮੇਦਾਰੀ ਸੀ। ਜ਼ਿਕਰਯੋਗ ਹੈ ਕਿ ਅਸ਼ਵਨੀ ਡਰਾਇਵਰ ਦੇ ਰੂਪ 'ਚ ਕਿਸੇ ਦਾ ਟਰੈਕਟਰ-ਟਰਾਲੀ ਚਲਾਉਂਦਾ ਸੀ।

ਮੋਟਰਸਾਈਕਲਾਂ ਦੀ ਟੱਕਰ 'ਚ ਦੋ ਗੰਭੀਰ ਜਖ਼ਮੀ

ਹਰਿਆਣਾ ਰੋਡ 'ਤੇ ਕਸਬਾ ਭੂੰਗਾ ਨੇੜੇ ਮੋਟਰਸਾਈਕਲਾਂ ਦੀ ਹੋਈ ਟੱਕਰ 'ਚ ਦੋ ਨੌਜਵਾਨ ਗੰਭੀਰ ਰੂਪ 'ਚ ਜਖ਼ਮੀ ਹੋ ਜਾਣ ਦਾ ਸਮਾਚਾਰ ਹੈ। ਜ਼ਖ਼ਮੀਆਂ ਦੀ ਪਛਾਣ ਅਮਨਪ੍ਰੀਤ ਸਿੰਘ ਪੁੱਤਰ ਬਹਾਦੁਰ ਸਿੰਘ ਵਾਸੀ ਦਿਪੜਾ ਥਾਣਾ ਗੜ੍ਹਦੀਵਾਲਾ ਤੇ ਬਲਜੀਤ ਪਾਲ ਪੁੱਤਰ ਕਿ੍ਰਸ਼ਨ ਲਾਲ ਵਾਸੀ ਨਜ਼ਦੀਕ ਡਾਕਖ਼ਾਨਾ ਗੜ੍ਹਦੀਵਾਲਾ ਦੇ ਰੂਪ 'ਚ ਹੋਈ ਹੈ। ਅਮਨਪ੍ਰੀਤ ਇਕ ਸਟੂਡੀਉ 'ਚ ਬਤੌਰ ਫੋਟੋਗ੍ਰਾਫ਼ਰ ਕੰਮ ਕਰਦਾ ਹੈ ਤੇ ਉਹ ਮੋਟਰਸਾਈਕਲ 'ਤੇ ਆਪਣੇ ਸਾਥੀ ਬਲਜੀਤ ਪਾਲ ਨਾਲ ਹੁਸ਼ਿਆਰਪੁਰ ਵੱਲੋਂ ਆ ਰਿਹਾ ਸੀ। ਇਸ ਦੌਰਾਨ ਉਨ੍ਹਾਂ ਦੇ ਮੋਟਰਸਾਈਕਲ ਦਾ ਤੇਲ ਖ਼ਤਮ ਹੋ ਗਿਆ, ਜਿਸ ਉਪਰੰਤ ਉਹ ਮੋਟਰਸਾਈਕਲ ਨੂੰ ਧੱਕਾ ਲਗਾ ਕੇ ਨਜ਼ਦੀਕੀ ਪੈਟਰੋਲ ਪੰਪ ਵੱਲ ਜਾ ਰਹੇ ਸਨ। ਇੰਨੇ ਨੂੰ ਪਿੱਿਛਓਂ ਇਕ ਤੇਜ਼ ਰਫ਼ਤਾਰ ਮੋਟਰਸਾਈਕਲ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਬਲਜੀਤ ਪਾਲ ਤੇ ਅਮਨਪ੍ਰੀਤ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਇਸ ਹਾਦਸੇ 'ਚ ਅਮਨਪ੍ਰੀਤ ਦੇ ਸਿਰ 'ਚ ਡੂੰਘੀ ਸੱਟ ਲੱਗੀ ਜਦਕਿ ਬਲਜੀਤ ਪਾਲ ਦੀ ਲੱਤ ਟੁੱਟ ਗਈ ਹੈ। ਟੱਕਰ ਮਾਰਨੇ ਵਾਲੇ ਮੋਟਰਸਾਇਕਲ ਸਵਾਰ ਵਿਅਕਤੀ ਦੀ ਪਛਾਣ ਵਰਿੰਦਰ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਮਾਨਗੜ੍ਹ ਥਾਣਾ ਗੜ੍ਹਦੀਵਾਲ ਦੇ ਰੂਪ 'ਚ ਹੋਈ ਹੈ। ਪੁਲਿਸ ਨੇ ਅਮਨਪ੍ਰੀਤ ਦੇ ਬਿਆਨਾਂ ਦੇ ਆਧਾਰ 'ਤੇ ਉਕਤ ਮੋਟਰਸਾਈਕਲ ਸਵਾਰ ਵਰਿੰਦਰ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ।