ਗੁਰਬਿੰਦਰ ਸਿੰਘ ਪਲਾਹਾ, ਹੁਸ਼ਿਆਰਪੁਰ : ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੰਤ ਅਨੂਪ ਸਿੰਘ ਊਨਾ ਸਾਹਿਬ ਤੇ ਸਿੱਖ ਵੈੱਲਫੇਅਰ ਸੁਸਾਇਟੀ ਹੁਸ਼ਿਆਰਪੁਰ ਵੱਲੋਂ ਅਜਵਿੰਦਰ ਸਿੰਘ ਪ੍ਰਧਾਨ ਦੀ ਅਗਵਾਈ ਤੇ ਸੰਤ ਬਾਬਾ ਹਰਮਨਜੀਤ ਸਿੰਘ ਸਿੰਗੜੀਵਾਲਾ ਦੇ ਵਿਸ਼ੇਸ਼ ੳੇੁੱਦਮ ਸਦਕਾ ਹੇਠ ਰੌਸ਼ਨ ਗਰਾਊਂਡ ਹੁਸ਼ਿਆਰਪੁਰ ਵਿਖੇ 19 ਅਕਤੂਬਰ ਨੂੰ ਕਰਵਾਏ ਜਾ ਰਹੇ 29ਵੇਂ ਅੰਤਰਰਾਸ਼ਟਰੀ ਮਹਾਨ ਕੀਰਤਨ ਦਰਬਾਰ ਸਬੰਧੀ ਆਰੰਭੀ ਗੁਰਮਤਿ ਸਮਾਗਮਾਂ ਦੀ ਲੜੀ ਅਧੀਨ ਗੁਰਦੁਆਰਾ ਸੰਤ ਬਾਬਾ ਹੀਰਾ ਸਿੰਘ ਜੀ ਸਿੰਗੜੀਵਾਲਾ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਸਮਾਗਮ 'ਚ ਭਾਈ ਸੁਰਿੰਦਰਪਾਲ ਸਿੰਘ, ਜਗਦੀਪ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸ੍ਰੀ ਹਰਿ ਜੀ ਸਹਾਇ ਟਿੱਬਾ ਸਾਹਿਬ, ਬੀਬੀ ਗੁਰਦੀਪ ਕੌਰ, ਬੀਬੀ ਕੁਲਵਿੰਦਰ ਕੌਰ ਪਰਮਾਰ ਦੇ ਜਥਿਆਂ ਨੇ ਧੁਰ ਕੀ ਬਾਣੀ ਦਾ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸੰਤ ਬਾਬਾ ਹਰਮਨਜੀਤ ਸਿੰਘ ਸਿੰਗੜੀਵਾਲਾ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ 'ਗੁਰਬਾਣੀ ਇਸ ਜਗ ਮਹਿ ਚਾਨਣੁ' ਮਹਾਂਵਾਕ ਅਨੁਸਾਰ ਗੁਰਬਾਣੀ ਦੀ ਰੌਸ਼ਨੀ 'ਚ ਸਾਰੇ ਵਹਿਮਾਂ ਭਰਮਾਂ ਦਾ ਹਨ੍ਹੇਰਾ ਦੂਰ ਹੋ ਜਾਂਦਾ ਹੈ। ਇਸ ਲਈ ਕੇਵਲ ਸ਼ਬਦ ਗੁਰਬਾਣੀ ਦਾ ਓਟ-ਆਸਰਾ ਲੈ ਕੇ ਹੀ ਇਸ ਭਵਸਾਗਰ ਤੋਂ ਪਾਰ ਉਤਾਰਾ ਕੀਤਾ ਜਾ ਸਕਦਾ ਹੈ। ਜਸਵਿੰਦਰ ਸਿੰਘ ਪਰਮਾਰ ਜਨਰਲ ਸਕੱਤਰ ਸਿੱਖ ਵੈਲਫੇਅਰ ਸੁਸਾਇਟੀ ਹੁਸ਼ਿਆਰਪੁਰ ਨੇ ਕਿਹਾ ਕਿ ਸਿੱਖ ਵੈੱਲਫੇਅਰ ਸੁਸਾਇਟੀ ਹੁਸ਼ਿਆਰਪੁਰ ਵੱਲੋਂ ਅਜਵਿੰਦਰ ਸਿੰਘ ਪ੍ਰਧਾਨ ਦੀ ਅਗਵਾਈ ਹੇਠ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 29ਵਾਂ ਅੰਤਰਰਾਸ਼ਟਰੀ ਮਹਾਨ ਕੀਰਤਨ ਦਰਬਾਰ 19 ਨੂੰ ਕਰਵਾਇਆ ਜਾ ਰਿਹਾ ਹੈ। ਜਿਸ ਦੇ ਸਬੰਧ 'ਚ ਇਹ ਸ਼ਬਦ ਗੁਰੂ ਪ੍ਰਚਾਰ ਗੁਰਮਤਿ ਸਮਾਗਮਾਂ ਦੀ ਲੜੀ ਆਰੰਭ ਕੀਤੀ ਗਈ ਹੈ। ਉਨ੍ਹਾਂ ਸਮੰੂਹ ਸੰਗਤਾਂ ਨੂੰ ਤਨ ਮਨ ਧੰਨ ਨਾਲ ਸਹਿਯੋਗ ਦੇਣ ਅਤੇ ਹਾਜ਼ਰੀਆਂ ਭਰਨ ਦੀ ਅਪੀਲ ਕੀਤੀ। ਸਮਾਗਮ ਦੌਰਾਨ ਜਸਵਿੰਦਰ ਸਿੰਘ ਪਰਮਾਰ, ਸਵਰਨ ਸਿੰਘ ਵੇਰਕਾ ਅਤੇ ਭਾਈ ਸੁਰਿੰਦਰਪਾਲ ਸਿੰਘ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਬਜੀਤ ਸਿੰਘ ਧਾਮੀ, ਸਰਪੰਚ ਸੁਖਚੈਨ ਸਿੰਘ, ਚਰਨ ਵਰਿੰਦਰ ਸਿੰਘ, ਜਸਪਾਲ ਸਿੰਘ, ਹਰਮਨਜੀਤ ਸਿੰਘ, ਪ੍ਰਕਾਸ਼ ਸਿੰਘ, ਹਰਬਿੰਦਰ ਸਿੰਘ, ਜਰਨੈਲ ਸਿੰਘ, ਰਣਜੀਤ ਸਿੰਘ, ਅਮਰੀਕ ਸਿੰਘ, ਨਰਿੰਦਰ ਸਿੰਘ ਅਤੇ ਹੋਰ ਬਹੁਤ ਸਾਰੀਆਂ ਸੰਗਤਾਂ ਹਾਜ਼ਰ ਸਨ। ਇਸ ਮੌਕੇ ਸੰਗਤਾਂ ਨੂੰ ਧਾਰਮਿਕ ਸਾਹਿਤ ਵੀ ਵੰਡਿਆ ਗਿਆ। ਸਮਾਗਮ ਦੌਰਾਨ ਗੁਰੂ ਕਾ ਲੰਗਰ ਅਤੱੁਟ ਵਰਤਿਆ ।