ਪੰਜਾਬੀ ਜਾਗਰਣ ਕੇਂਦਰ, ਹੁਸ਼ਿਆਰਪੁਰ : ਜ਼ਿਲ੍ਹੇ 'ਚ ਗਰੀਬ ਪਰਿਵਾਰਾਂ ਨੂੰ ਜਿੱਥੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਲਾਭ ਦਿੱਤਾ ਜਾ ਰਿਹਾ ਹੈ, ਉਥੇ ਪੰਜਾਬ ਸਰਕਾਰ ਦੇ 'ਮਿਸ਼ਨ ਫ਼ਤਹਿ' ਤਹਿਤ ਇਸ ਯੋਜਨਾ ਅਧੀਨ ਅਨਾਜ ਦੀ ਸੁਚਾਰੂ ਢੰਗ ਨਾਲ ਵੰਡ ਵੀ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਰਜਨੀਸ਼ ਕੌਰ ਨੇ ਦੱਸਿਆ ਕਿ ਖ਼ੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦੀਆਂ ਹਦਾਇਤਾਂ ਅਨੁਸਾਰ ਪਾਰਦਰਸ਼ੀ ਤਰੀਕੇ ਨਾਲ ਅਨਾਜ ਦੀ ਵੰਡ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ 'ਚ 1,96,113 ਸਮਾਰਟ ਰਾਸ਼ਨ ਕਾਰਡ ਧਾਰਕਾਂ ਵਿਚੋਂ 1,69,387 ਲਾਭਪਾਤਰੀ ਪਰਿਵਾਰਾਂ ਨੂੰ ਰਾਸ਼ਨ ਦੀ ਵੰਡ ਕਰ ਦਿੱਤੀ ਗਈ ਹੈ, ਜਿਸ ਤਹਿਤ 96,832 ਕੁਇੰਟਲ ਕਣਕ ਅਤੇ 5050 ਕੁਇੰਟਲ ਦਾਲ ਵੰਡੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਅੱਜ 2152 ਲਾਭਪਾਤਰੀ ਪਰਿਵਾਰਾਂ ਨੂੰ 1198 ਕੁਇੰਟਲ ਕਣਕ ਅਤੇ 65 ਕੁਇੰਟਲ ਦਾਲ ਵੰਡੀ ਗਈ ਹੈ। ਉਨ੍ਹਾਂ ਦੱਸਿਆ ਕਿ ਜਲਦ ਹੀ ਅਨਾਜ ਦੀ ਵੰਡ 100 ਫ਼ੀਸਦੀ 'ਤੇ ਪੁੱਜ ਜਾਵੇਗੀ। ਇਸ ਅਨਾਜ ਵੰਡ ਤਹਿਤ ਗਰੀਬ ਪਰਿਵਾਰਾਂ ਨੂੰ 5 ਕਿੱਲੋਗ੍ਰਾਮ ਪ੍ਰਤੀ ਜੀਅ ਪ੍ਰਤੀ ਮਹੀਨਾ ਕਣਕ ਅਤੇ ਇੱਕ ਕਿੱਲੋਗ੍ਰਾਮ ਪ੍ਰਤੀ ਪਰਿਵਾਰ ਪ੍ਰਤੀ ਮਹੀਨਾ ਦਾਲ ਦਿੱਤੀ ਜਾ ਰਹੀ ਹੈ। ਇਹ ਅਨਾਜ ਅਪ੍ਰਰੈਲ ਤੋਂ ਜੂਨ ਤਕ ਤਿੰਨ ਮਹੀਨਿਆਂ ਦਾ ਦਿੱਤਾ ਜਾ ਰਿਹਾ ਹੈ, ਜਿਸ ਤਹਿਤ ਉਨ੍ਹਾਂ ਪਾਸੋਂ ਕੋਈ ਪੈਸਾ ਨਹੀਂ ਲਿਆ ਜਾ ਰਿਹਾ।

ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਅਨੁਸਾਰ ਜ਼ਿਲ੍ਹੇ 'ਚ 650 ਰਾਸ਼ਨ ਡਿਪੂਆਂ ਰਾਹੀਂ ਕੀਤੀ ਜਾ ਰਹੀ ਉਕਤ ਅਨਾਜ ਦੀ ਵੰਡ ਦੌਰਾਨ ਲੋਕਾਂ ਨੂੰ ਸਹੀ ਤੋਲ ਤੇ ਪੂਰੀ ਮਾਤਰਾ 'ਚ ਕਣਕ ਤੇ ਦਾਲ ਮੁਹੱਈਆ ਕਰਵਾਉਣ 'ਤੇ ਪੂਰਾ ਜ਼ੋਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ 'ਚ ਜਲਦ ਹੀ ਸਾਰੇ ਲਾਭਪਾਤਰੀ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਅਨਾਜ ਦੀ ਵੰਡ ਕਰ ਦਿੱਤੀ ਜਾਵੇਗੀ।