ਸੁਖਵਿੰਦਰ ਸਰਮਾਲ, ਹੁਸ਼ਿਆਰਪੁਰ : ਨਾਬਾਲਿਗਾ ਨਾਲ ਜਬਰ ਜਨਾਹ ਕਰਨ ਦੇ ਮਾਮਲੇ 'ਚ ਐਡੀਸ਼ਨਲ ਸੈਸ਼ਨ ਜੱਜ ਨੀਲਮ ਅਰੋੜਾ ਦੀ ਅਦਾਲਤ ਨੇ ਚਾਰ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਸਜ਼ਾ ਸੁਣਾਈ ਹੈ। ਦੋਸ਼ੀ ਗੁਰਪ੍ਰੀਤ ਸਿੰਘ ਗੋਪੀ ਵਾਸੀ ਉੱਚਾ ਪਿੰਡ ਜ਼ਿਲ੍ਹਾ ਜਲੰਧਰ ਅਤੇ ਮਨਦੀਪ ਸਿੰਘ ਸੁਦਾਮਾ ਵਾਸੀ ਚੱਕ ਰਾਜੂ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਉਮਰ ਕੈਦ ਅਤੇ 75-75 ਹਜ਼ਾਰ ਰੁਪਏ ਦੀ ਸਜ਼ਾ ਸੁਣਾਈ ਹੈ।ਜੁਰਮਾਨਾ ਨਾ ਦੇਣ 'ਤੇ ਦੋਸ਼ੀਆਂ ਨੂੰ 6-6 ਮਹੀਨੇ ਹੋਰ ਜੇਲ੍ਹ ਕੱਟਣੀ ਹੋਵੇਗੀ।

ਇਸ ਤਰ੍ਹਾਂ ਦੋਸ਼ੀ ਮਨਜਿੰਦਰ ਸਿੰਘ ਵਾਸੀ ਚੱਕ ਰਾਜੂ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਤਰਨਜੀਤ ਸਿੰਘ ਤਰਨਾ ਵਾਸੀ ਕੰਦੋਲਾ (ਆਦਮਪੁਰ) ਨੂੰ 7-7 ਸਾਲ ਦੀ ਕੈਦ ਤੇ 26-26 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਨਾ ਦੇਣ 'ਤੇ ਢਾਈ-ਢਾਈ ਮਹੀਨੇ ਹੋਰ ਸਜ਼ਾ ਕੱਟਣੀ ਹੋਵੇਗੀ।

ਜ਼ਿਕਰਯੋਗ ਹੈ ਕਿ ਇਸ ਮਾਮਲੇ 'ਚ ਪ੍ਰਦੀਪ ਕੁਮਾਰ ਨਾਂ ਦਾ ਇਕ ਮੁਲਜ਼ਮ ਅਦਾਲਤ ਵੱਲੋਂ ਭਗੌੜਾ ਹੈ। ਥਾਣਾ ਬੁੱਲੋਵਾਲ ਦੀ ਪੁਲਿਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ 'ਤੇ 23 ਜੂਨ 2018 ਨੂੰ ਉਕਤ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਚਾਰ ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਲਿਆ ਸੀ।