ਹਰਵਿੰਦਰ ਭੁੰਗਰਨੀ, ਮੇਹਟੀਆਣਾ : ਭਾਰੀ ਮੀਂਹ ਅਤੇ ਗੜੇਮਾਰੀ ਕਾਰਨ ਜਿੱਥੇ ਖੇਤਾਂ 'ਚ ਬੀਜੀ ਆਲੂਆਂ ਦੀ ਫ਼ਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਉੱਥੇ ਕਿਸਾਨਾਂ ਵਲੋਂ ਖੇਤਾਂ 'ਚ ਆਲੂਆਂ ਦੀਆਂ ਪੁੱਟ ਕੇ ਲਾਈਆਂ ਗਈਆਂ ਢੇਰੀਆਂ ਵੀ ਪਾਣੀ ਭਰ ਜਾਣ ਕਾਰਨ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ।

ਇਸ ਸਬੰਧੀ ਪਿੰਡ ਹੇੜੀਆਂ ਕਿਸਾਨ ਸੁਖਵਿੰਦਰ ਸਿੰਘ, ਜਸਵੀਰ ਸਿੰਘ ਅਤੇ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਪਿੰਡ ਦੇ ਨਜ਼ਦੀਕ ਹੀ ਆਪਣੇ ਖੇਤਾਂ ਅਤੇ ਠੇਕੇ 'ਤੇ ਲਈ ਜ਼ਮੀਨ 'ਤੇ ਖੇਤੀ ਕਰਦੇ ਹਨ। ਉਨ੍ਹਾਂ ਦੱਸਿਆ ਕਿ ਕੁੱਲ 5 ਕਿੱਲੇ ਰਕਬੇ 'ਚੋਂ ਉਨ੍ਹਾਂ ਨੇ 3 ਕਿੱਲੇ ਆਲੂ ਤੇ 2 ਕਿੱਲੇ ਕਣਕ ਦੀ ਫ਼ਸਲ ਬੀਜੀ ਸੀ ਪਰ ਪਿੰਡ ਦੇ ਹੀ ਇਕ ਕਿਸਾਨ ਵਲੋਂ ਕਥਿਤ ਤੌਰ 'ਤੇ ਆਪਣੇ ਖੇਤਾਂ ਨਜ਼ਦੀਕ ਸੜਕ ਕਿਨਾਰੇ ਉੱਚਾ ਬੰਨ੍ਹ ਬਣਾ ਲੈਣ ਕਾਰਨ ਪਾਣੀ ਦੀ ਨਿਕਾਸੀ ਪੂਰੀ ਤਰ੍ਹਾਂ ਰੁਕ ਗਈ ਹੈ ਜਿਸ ਕਾਰਨ ਉਨ੍ਹਾਂ ਦੇ ਸਾਰੇ ਆਲੂ ਅਤੇ ਕਣਕ ਸਮੇਤ ਹੋਰ ਫ਼ਸਲ ਪੂਰੀ ਤਰ੍ਹਾਂ ਖਰਾਬ ਹੋ ਚੁੱਕੀ ਹੈ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਆਲੂਆਂ ਦਾ ਇਸ ਵਾਰ ਨਵਾਂ ਬੀਜ 800 ਰੁਪਏ ਪ੍ਤੀ ਗੱਟਾ ਦੇ ਹਿਸਾਬ ਨਾਲ ਲਿਆ ਸੀ ਅਤੇ ਆਲੂਆਂ ਦੀ ਫ਼ਸਲ 'ਤੇ ਕਰੀਬ 1 ਏਕੜ 'ਤੇ 15 ਤੋਂ 20 ਹਜ਼ਾਰ ਰੁਪਏ ਦਾ ਖਰਚਾ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਜ਼ਮੀਨ ਵੀ 35 ਹਜ਼ਾਰ ਕਿੱਲੇ ਦੇ ਹਿਸਾਬ ਨਾਲ ਠੇਕੇ 'ਤੇ ਲਈ ਹੋਈ ਹੈ। ਉਨ੍ਹਾਂ ਕਿਹਾ ਕਿ ਪਾਣੀ ਨਾਲ ਭਿੱਜੇ ਆਲੂ ਹੁਣ ਖਰਾਬ ਹੋ ਜਾਣਗੇ ਅਤੇ ਇਨ੍ਹਾਂ ਨੂੰ ਵੇਚ ਕੇ ਲੇਬਰ ਦਾ ਖਰਚ ਵੀ ਪੂਰਾ ਨਹੀਂ ਹੋਵੇਗਾ।

ਉਨ੍ਹਾਂ ਦੱਸਿਆ ਕਿ ਪਿਛਲੀ ਸਰਕਾਰ ਸਮੇਂ ਉਨ੍ਹਾਂ ਦੇ ਖੇਤਾਂ ਨਜ਼ਦੀਕ ਰੈਂਪ ਮਨਜ਼ੂਰ ਹੋਇਆ ਸੀ ਜੋ ਅਜੇ ਤੱਕ ਬਣ ਨਹੀਂ ਸਕਿਆ ਹੈ। ਉਨ੍ਹਾਂ ਕਿਹਾ ਕਿ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਹਰੇਕ ਸਾਲ ਉਨ੍ਹਾਂ ਦੀ ਫ਼ਸਲ ਇਸੇ ਤਰ੍ਹਾਂ ਬਰਬਾਦ ਹੋ ਜਾਂਦੀ ਹੈ ਤੇ ਉਹ ਇਸ ਸਬੰਧੀ ਕਈ ਵਾਰ ਡਿਪਟੀ ਕਮਿਸ਼ਨਰ ਕੋਲ ਵੀ ਮੰਗ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ ਤਾਂ ਜੋ ਉਨ੍ਹਾਂ ਸਮੇਤ ਪਿੰਡ ਵਾਸੀਆਂ ਨੂੰ ਰਾਹਤ ਮਿਲ ਸਕੇ।