ਪੰਜਾਬੀ ਜਾਗਰਣ ਕੇਂਦਰ, ਹੁਸ਼ਿਆਰਪਰ : ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਖੁਰਾਕ ਮੰਤਰਾਲੇ ਦੀਆਂ ਹਦਾਇਤਾਂ ਅਨੁਸਾਰ ਕਣਕ ਦੀ ਸਰਕਾਰੀ ਖਰੀਦ 25 ਮਈ 2019 ਤਕ ਹੀ ਹੋਣੀ ਹੈ। ਇਸ ਲਈ ਜੇਕਰ ਹਾਲੇ ਵੀ ਕਿਸੇ ਕਿਸਾਨ ਨੇ ਕਣਕ ਦੀ ਵਿਕਰੀ ਨਹੀਂ ਕੀਤੀ ਤਾਂ ਕਿਸਾਨ 25 ਮਈ ਤੋਂ ਪਹਿਲਾਂ-ਪਹਿਲਾਂ ਮੰਡੀਆਂ ਵਿਚ ਕਣਕ ਵੇਚ ਸਕਦੇ ਹਨ। ਈਸ਼ਾ ਕਾਲੀਆ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ 62 ਮੰਡੀਆਂ ਵਿਚ ਬੁੱਧਵਾਰ ਸ਼ਾਮ ਤਕ 283023 ਮੀਟਿ੍ਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ, ਜਿਸ ਵਿਚੋਂ 283023 (ਸੌ ਫ਼ੀਸਦੀ) ਖਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਕੋਲ ਫਸਲ ਵੇਚਣ ਲਈ ਰੱਖੀ ਹੈ, ਤਾਂ ਉਹ ਤੁਰੰਤ ਇਸਦੀ ਵਿਕਰੀ ਕਰ ਦੇਣ ਕਿਉਂਕਿ ਭਾਰਤ ਸਰਕਾਰ ਦੇ ਹੁਕਮਾਂ ਅਨੁਸਾਰ 25 ਮਈ ਨੂੰ ਸਰਕਾਰੀ ਖਰੀਦ ਮੁਕੰਮਲ ਹੋ ਜਾਣੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤਕ ਖਰੀਦੀ ਗਈ ਕਣਕ ਵਿਚੋਂ ਪਨਗੇ੍ਨ ਵਲੋਂ 61667 ਮੀਟਿ੍ਕ ਟਨ, ਮਾਰਕਫੈੱਡ ਵਲੋਂ 57538 ਮੀਟਿ੍ਕ ਟਨ, ਪਨਸਪ ਵਲੋਂ 45930 ਮੀਟਿ੍ਕ ਟਨ, ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਵਲੋਂ 27942 ਮੀਟਿ੍ਕ ਟਨ, ਪੰਜਾਬ ਐਗਰੋ ਵਲੋਂ 25360 ਮੀਟਿ੍ਕ ਟਨ, ਐੱਫਸੀਆਈ ਵਲੋਂ 57838 ਮੀਟਿ੍ਕ ਟਨ ਅਤੇ ਪ੍ਰਰਾਈਵੇਟ ਵਪਾਰੀਆਂ ਵਲੋਂ 6748 ਮੀਟਿ੍ਕ ਟਨ ਕਣਕ ਦੀ ਖਰੀਦ ਹੀ ਹੋਈ ਹੈ।