ਜੇਐੱਨਐੱਨ, ਹੁਸ਼ਿਆਰਪੁਰ : ਪੰਜਾਬ ਪੁਲਿਸ ਨੇ 24 ਘੰਟਿਆਂ ਅੰਦਰ ਹੁਸ਼ਿਆਰਪੁਰ ਦੇ ਆੜ੍ਹਤੀ ਰਾਜਨ ਨੂੰ ਅਗ਼ਵਾਕਾਰਾਂ ਦੇ ਚੁੰਗਲ ਤੋਂ ਛੁਡਾ ਕੇ ਵੱਡੀ ਸਫ਼ਲਤਾ ਪ੍ਰਾਪਤ ਕੀਤੀ ਹੈ। ਪੁਲਿਸ ਨੇ ਇਸ ਮਾਮਲੇ ’ਚ ਇਕ ਦੋਸ਼ੀ ਨੂੰ ਗਿ੍ਰਫ਼ਤਾਰ ਕੀਤਾ ਹੈ। ਉਸ ਕੋਲੋਂ ਪੁਲਿਸ ਪੁੱਛਗਿੱਛ ਕਰ ਰਹੀ ਹੈ। ਸੂਤਰਾਂ ਅਨੁਸਾਰ ਪੁਲਿਸ ਨੇ ਦੇਰ ਰਾਤ ਰਾਜਨ ਨੂੰ ਅੰਮ੍ਰਿਤਸਰ ਤੋਂ ਬਰਾਮਦ ਕੀਤਾ ਹੈ। ਮੰਗਲਵਾਰ ਸਵੇਰੇ ਪੁਲਿਸ ਨੇ ਰਾਜਨ ਨੂੰ ਉਸਦੇ ਘਰ ਮਾਊਂਟ ਐਵੀਨਿਊ ਕਾਲੋਨੀ ’ਚ ਪਹੁੰਚਾ ਦਿੱਤਾ। ਪੁਲਿਸ ਨੇ ਇਸ ਮਾਮਲੇ ਨੂੰ 24 ਘੰਟਿਆਂ ’ਚ ਸੁਲਝਾਇਆ ਹੈ। ਰਾਜਨ ਨੂੰ ਘਰ ਦੇਖ ਕੇ ਪਰਿਵਾਰ ਨੇ ਵੀ ਸੁੱਖ ਦਾ ਸਾਹ ਲਿਆ ਹੈ।

ਅਗ਼ਵਾ ਕਰਕੇ ਮੰਗੀ ਸੀ 2 ਕਰੋੜ ਦੀ ਫਿਰੌਤੀ

ਦੱਸ ਦੇਈਏ ਕਿ ਰਹੀਮਪੁਰ ਮੰਡੀ ’ਚ ਮੈ. ਜਸਪਾਲ ਐਂਡ ਰਾਜਨ ਫਰੂਟ ਕੰਪਨੀ ਦੇ ਮਾਲਿਕ ਤੇ ਆੜ੍ਹਤੀ ਜੈਪਾਲ ਦੇ ਪੁੱਤਰ ਨੂੰ ਸੋਮਵਾਰ ਸਵੇਰੇ ਕੁਝ ਹਥਿਆਰਬੰਦ ਲੋਕਾਂ ਨੇ ਕਾਰ ਸਮੇਤ ਮੰਡੀ ਤੋਂ ਅਗ਼ਵਾ ਕਰ ਲਿਆ ਸੀ। ਕਿਡਨੈਪਿੰਗ ਦੀ ਸੂਚਨਾ ਮਿਲਦੇ ਹੀ ਥਾਣਾ ਮਾਡਲ ਟਾਊਨ ਦੀ ਪੁਲਿਸ ਮੌਕੇ ’ਤੇ ਪਹੁੰਚ ਗਈ ਸੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਇਸ ਦੌਰਾਨ ਅਗ਼ਵਾ ਕਰਨ ਵਾਲਿਆਂ ਨੇ ਪਰਿਵਾਰ ਵਾਲਿਆਂ ਤੋਂ ਰਾਜਨ ਬਦਲੇ 2 ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ। ਰਾਜਨ ਨੂੰ ਅਗ਼ਵਾ ਕਰਨ ਦੇ ਨਾਲ-ਨਾਲ ਦੋਸ਼ੀ ਰਾਜਨ ਦੀ ਕਾਰ ਵੀ ਆਪਣੇ ਨਾਲ ਲੈ ਗਏ ਸਨ। ਪੁਲਿਸ ਨੇ ਇਸ ਦੌਰਾਨ ਜਾਂਚ ਦੌਰਾਨ ਦੇਰ ਸ਼ਾਮ ਨੂੰ ਨਸਰਾਲਾ ਨੇੜਿਓਂ ਦੋਸ਼ੀਆਂ ਦੀ ਵਰਨਾ ਕਾਰ ਬਰਾਮਦ ਕਰ ਲਈ ਸੀ।

Posted By: Ramanjit Kaur