ਭੂਪੇਸ਼ ਪ੍ਰਜਾਪਤੀ, ਹੁਸ਼ਿਆਰਪੁਰ : ਪੁਲਿਸ ਪ੍ਰਸ਼ਾਸਨ ਇਕ ਪਾਸੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕਰਦੇ ਨਹੀਂ ਥੱਕਦਾ, ਦੂਸਰੇ ਪਾਸੇ ਇਸ ਦੇ ਉਲਟ ਕਾਨੂੰਨ ਪ੍ਰਬੰਧਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਦਿਨ ਦਿਹਾੜੇ ਹੋ ਰਹੀਆਂ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ, ਜਿਸ ਦਾ ਸ਼ਹਿਰ ਦੀ ਸੁਰੱਖਿਆ ਪ੍ਰਬੰਧਾਂ 'ਤੇ ਸਵਾਲੀਆ ਨਿਸ਼ਾਨ ਲੱਗ ਰਹੇ ਹਨ। ਰਾਤ ਨੂੰ ਤਾਂ ਪੁਲਿਸੀਆਂ ਤੰਤਰ ਦਾ ਹਾਲ ਏਨਾ ਮਾੜਾ ਹੈ ਕਿ ਪੀਸੀਆਰ ਮੁਲਾਜ਼ਮ ਤੇ ਹੋਰ ਪੁਲਿਸ ਮੁਲਾਜ਼ਮ ਜੋ ਡਿਊਟੀ 'ਤੇ ਤਨਾਇਤ ਹੁੰਦੇ ਹਨ ਉਹ ਆਪਣੀ ਡਿਊਟੀ ਤਨਦੇਹੀ ਨਾਲ ਨਹੀਂ ਨਿਭਾ ਰਹੇ। ਰਾਤ ਦੇ ਸਮੇਂ ਸ਼ਹਿਰ ਦੇ ਚੌਕਾਂ ਦੀ ਹਾਲਤ ਇਹੋ ਜਿਹੀ ਹੁੰਦੀ ਹੈ ਕਿ ਪੁਲਿਸ ਮੁਲਾਜ਼ਮ ਤਾਂ ਡਿਊਟੀ 'ਤੇ ਦਿਖਾਈ ਨਹੀਂ ਦਿੰਦੇ। ਦੂਰ ਤਕ ਪੀਸੀਆਰ ਵੀ ਮੁਲਾਜ਼ਮ ਨਜ਼ਰ ਨਹੀਂ ਆਉਂਦੇ। ਰਾਤ ਦੇ ਸਮੇਂ ਜਦੋਂ 'ਪੰਜਾਬੀ ਜਾਗਰਣ' ਦੇ ਪੱਤਰਕਾਰ ਵੱਲੋਂ ਰਾਤ ਨੂੰ ਘੁੰਮ ਕੇ ਦੇਖਿਆ ਤਾਂ ਸ਼ਹਿਰ ਦੇ ਕਿਸੇ ਵੀ ਚੋਰਾਹੇ 'ਚ ਕੋਈ ਵੀ ਪੁਲਿਸ ਮੁਲਾਜ਼ਮ ਨਜ਼ਰ ਨਹੀਂ ਆਇਆ। ਇਥੋਂ ਤਕ ਕਿ ਪੀਸੀਆਰ ਦੀਆਂ ਰਾਤ-ਦਿਨ ਬੀਟਾਂ ਹੋਣ ਦੇ ਬਾਵਜੂਦ ਸਿਵਾਏ ਅਰਾਮ ਕਰਨ ਕੁਝ ਵੀ ਨਹੀਂ ਕਰਦੇ। ਇਸ ਸਬੰਧ 'ਚ ਪੀਸੀਆਰ ਦਫ਼ਤਰ ਦੇ ਮੁਨਸ਼ੀ ਅਮਰੀਕ ਸਿੰਘ ਨੇ ਬੀਟਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਿਨ ਦੇ ਸਮੇਂ 11 ਤੇ ਰਾਤ ਦੇ ਸਮੇਂ 10 ਬੀਟਾਂ ਤੇ ਕੁਲ 44 ਪੀਸੀਆਰ ਮੁਲਾਜ਼ਮ ਡਿਊਟੀ ਨਿਭਾ ਰਹੇ ਹਨ। ਇਸ ਦੇ ਬਾਵਜੂਦ ਵੀ ਰਾਤ ਸਮੇਂ ਮੁਲਾਜ਼ਮ ਨਜ਼ਰ ਨਹੀਂ ਆਉਂਦੇ। ਇਸ ਤੋਂ ਇਲਾਵਾ ਥਾਣਿਆਂ 'ਚ ਤਾਇਨਾਤ ਪੁਲਿਸ ਮੁਲਾਜ਼ਮ ਆਪਣੀ ਡਿਊਟੀ ਤੋਂ ਕੰਨੀ ਕਤਰਾਉਂਦੇ ਹਨ। ਸ਼ਹਿਰ ਦੇ ਚੋਰਾਹਿਆਂ 'ਚ ਤਾਂ ਥਾਣੇ ਦੇ ਮੁਨਸ਼ੀ ਵੱਲੋਂ ਡਿਊਟੀ ਤਾਂ ਲਾਈ ਜਾਂਦੀ ਹੈ, ਪਰ ਇਹ ਚੋਰਾਹਿਆਂ 'ਚ ਨਜ਼ਰ ਨਹੀਂ ਆਉਂਦੇ। ਇਨ੍ਹਾਂ 'ਚ ਹੋਮਗਾਰਡ ਦੇ ਮੁਲਾਜ਼ਮਾਂ ਦੀ ਡਿਊਟੀ ਲਗਾਈ ਗਈ ਹੁੰਦੀ ਹੈ, ਪਰ ਫਿਰ ਵੀ ਪਤਾ ਨਹੀਂ ਇਹ ਲੋਕ ਡਿਊੁਟੀ ਕਿਥੇ ਕਰਦੇ ਨੇ। ਸ਼ਹਿਰ ਦੇ ਮੁੱਖ ਚੋਰਾਹੇ ਸੈਸ਼ਨ ਚੌਕ, ਮਹਾਰਾਣਾ ਪ੍ਰਤਾਪ ਸਿੰਘ ਚੌਕ, ਸਰਕਾਰੀ ਕਾਲਜ ਚੌਕ, ਫਗਵਾੜਾ ਚੌਕ, ਬੱਸ ਅੱਡਾ ਚੌਕ, ਘੰਟਾਘਰ ਚੌਕ। ਰਾਤ ਨੂੰ ਇਨ੍ਹਾਂ ਚੌਕਾਂ 'ਚ ਪੁਲਿਸ ਮੁਲਾਜ਼ਮ ਤਾਇਨਾਤ ਨਾ ਹੋਣ ਕਰਕੇ ਸ਼ਰਾਰਤੀ ਅਤੇ ਭੈੜੇ ਅਨਸਰਾਂ ਦੇ ਹੌਸਲੇ ਖੁੱਲ੍ਹੇ ਹੋਏ ਹਨ ਜੋ ਕਿ ਬਿਨਾਂ ਕਿਸੇ ਡਰ ਦੇ ਲੁੱਟ-ਖੋਹ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ।

ਡਿਊਟੀ 'ਚ ਕੁਤਾਹੀ ਵਰਤਣ ਵਾਲੇ ਮੁਲਾਜ਼ਮਾਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ : ਐੱਸਐੱਸਪੀ

ਇਸ ਸਬੰਧ 'ਚ ਜ਼ਿਲ੍ਹਾ ਪੁਲਿਸ ਮੁਖੀ ਗੌਰਵ ਗਰਗ ਆਈਪੀਐੱਸ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਮੁਲਾਜ਼ਮਾਂ ਵੱਲੋਂ ਡਿਊਟੀ 'ਚ ਕੁਤਾਹੀ ਵਰਤਣ ਦੇ ਕਾਰਨ ਪਹਿਲਾਂ ਵੀ ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇ ਕੋਈ ਮੁਲਾਜ਼ਮ ਆਪਣੀ ਡਿਊਟੀ 'ਚ ਕੁਤਾਹੀ ਵਰਤਦਾ ਹੈ ਉਸ ਦੇ 'ਤੇ ਵੀ ਸਖ਼ਤੀ ਨਾਲ ਨਿਪਟਿਆ ਜਾਵੇਗਾ। ਉਨ੍ਹਾਂ ਤੁਰੰਤ ਇਸ ਮਸਲੇ ਦੀ ਡੀਐੱਸਪੀ ਹੈੱਡਕੁਆਟਰ ਦਲਜੀਤ ਸਿੰਘ ਖੱਖ ਨੂੰ ਹੁਸ਼ਿਆਰਪੁਰ ਦੇ ਸਾਰੇ ਚੌਕਾਂ ਦੀ ਜਾਂਚ ਕਰਨ ਲਈ ਕਿਹਾ। ਜ਼ਿਲ੍ਹਾ ਪੁਲਿਸ ਮੁਖੀ ਨੇ ਇਹ ਵੀ ਕਿਹਾ ਕਿ ਉਹ ਖ਼ੁਦ ਵੀ ਇਨ੍ਹਾਂ ਚੌਕਾਂ ਨੂੰ ਚੈੱਕ ਕਰਨਗੇ ਤੇ ਲੋੜੀਂਦੀ ਕਾਰਵਾਈ ਕਰਨਗੇ ।