ਦਲਵਿੰਦਰ ਸਿੰਘ ਮਨੌਚਾ, ਗੜ੍ਹਸ਼ੰਕਰ : ਬੀਤੀ 11 ਦਸੰਬਰ ਨੂੰ ਗੜ੍ਹਸ਼ੰਕਰ ਦੇ ਪਿੰਡ ਸੇਖੋਵਾਲ ਦੇ ਇਕ ਨੌਜਵਾਨ ਦਵਿੰਦਰ ਕੁਮਾਰ ਬੰਟੀ ਦੇ ਹੋਏ ਕਤਲ ਮਾਮਲੇ 'ਚ ਸਾਰੇ ਕਾਤਲਾਂ ਨੂੰ ਪੁਲਿਸ ਵੱਲੋਂ ਗਿ੍ਫ਼ਤਾਰ ਨਾ ਕਰਨ ਦੇ ਵਿਰੋਧ 'ਚ ਪਰਿਵਾਰਕ ਮੈਂਬਰਾਂ ਤੇ ਸਥਾਨਕ ਲੋਕਾਂ ਵੱਲੋਂ ਇੱਥੋਂ ਦੇ ਬੰਗਾ ਚੌਂਕ 'ਚ ਚੱਕਾ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਬੰਟੀ ਨੂੰ ਦਰਜਨ ਦੇ ਕਰੀਬ ਲੋਕਾਂ ਵੱਲੋਂ ਘਰ 'ਚ ਵੜ ਕੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ। ਉਕਤ ਨੌਜਵਾਨ ਦੀ ਮਿ੍ਤਕ ਦੇਹ ਪਿਛਲੇ ਤਿੰਨ ਦਿਨਾਂ ਤੋਂ ਸਰਕਾਰੀ ਹਸਪਤਾਲ 'ਚ ਪਈ ਹੋਈ ਹੈ ਅਤੇ ਉਸ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ। ਪਰਿਵਾਰ ਵਾਲਿਆਂ ਦੀ ਮੰਗ ਹੈ ਕਿ ਜਦੋਂ ਤਕ ਸਾਰੇ ਮੁਲਜ਼ਮ ਗਿ੍ਫ਼ਤਾਰ ਨਹੀਂ ਕੀਤੇ ਜਾਂਦੇ, ਉਦੋਂ ਤਕ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ। ਉਨ੍ਹਾਂ ਵੱਲੋਂ ਸਥਾਨਕ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਵੀ ਕੀਤੀ ਗਈ। ਦੱਸਣਯੋਗ ਹੈ ਕਿ 12 ਦਸੰਬਰ ਨੂੰ ਵੀ ਪਰਿਵਾਰਕ ਮੈਂਬਰਾਂ ਵੱਲੋਂ ਇਸੇ ਤਰ੍ਹਾਂ ਚੱਕਾ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਤੇ ਪੁਲਿਸ ਵੱਲੋਂ ਸਾਰੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ 24 ਘੰਟੇ ਦਾ ਸਮਾਂ ਲਿਆ ਗਿਆ ਸੀ, ਪਰ 48 ਘੰਟੇ ਬੀਤ ਜਾਣ ਤੋਂ ਬਾਅਦ ਵੀ ਸਾਰੇ ਮੁਲਜ਼ਮਾਂ ਨੂੰ ਕਾਬੂ ਨਾ ਕਰ ਸਕਣ ਕਾਰਨ ਪਰਿਵਾਰ ਵਾਲਿਆਂ ਦਾ ਗੁੱਸਾ ਭੜਕ ਗਿਆ।

ਕੌਣ-ਕੌਣ ਹਨ ਨਾਮਜ਼ਦ

ਦਵਿੰਦਰ ਬੰਟੀ ਦੇ ਕਤਲ ਕੇਸ 'ਚ ਪੁਲਿਸ ਵੱਲੋਂ ਦਰਸ਼ਨ ਲਾਲ, ਮਹਿੰਦਰ ਪਾਲ, ਅਜੇ ਕੁਮਾਰ, ਲਵਲੀ, ਅਸ਼ੋਕ ਕੁਮਾਰ, ਗੋਲੂ, ਮੱਟੂ ਤੇ ਕੁਝ ਅਣਪਛਾਤੇ ਲੋਕਾਂ ਖ਼ਿਲਾਫ਼ ਧਾਰਾ 302, 452, 427, 146, 149 ਅਤੇ 25, 27, 54, 59 ਮਾਮਲਾ ਦਰਜ ਕੀਤਾ ਗਿਆ ਸੀ ਜਦਕਿ ਗੁਰਮੁਖ ਸਿੰਘ ਦਾ ਨਾਂ ਬਾਅਦ 'ਚ ਸ਼ਾਮਲ ਕੀਤਾ ਗਿਆ ਸੀ।

ਡੀਐੱਸਪੀ ਗੜ੍ਹਸ਼ੰਕਰ ਤੇ ਭੜਕੇ ਲੋਕ

ਧਰਨੇ 'ਚ ਸ਼ਾਮਲ ਲੋਕਾਂ ਨੂੰ ਸ਼ਾਂਤ ਕਰਨ ਲਈ ਆਪਣੀ ਪੁਲਿਸ ਫੋਰਸ ਨਾਲ ਪਹੁੰਚੇ ਸਥਾਨਕ ਡੀਐੱਸਪੀ ਦਾ ਲੋਕਾਂ ਵੱਲੋਂ ਨਾਅਰੇਬਾਜ਼ੀ ਕਰਕੇ ਵਿਰੋਧ ਕੀਤਾ ਗਿਆ। ਲੋਕਾਂ ਦਾ ਦੋਸ਼ ਸੀ ਕਿ ਡੀਐੱਸਪੀ ਵੱਲੋਂ ਉਨ੍ਹਾਂ ਨਾਲ ਸੱਭਿਅਕ ਤਰੀਕੇ ਨਾਲ ਪੇਸ਼ ਨਹੀਂ ਆਇਆ ਗਿਆ ਤੇ ਉਨ੍ਹਾਂ ਦਾ ਰਵੱਈਆ ਠੀਕ ਨਹੀਂ। ਇਕ ਤਾਂ ਉਨ੍ਹਾਂ ਦੇ ਨੌਜਵਾਨ ਪੁੱਤਰ ਦਾ ਕਤਲ ਹੋਇਆ ਹੈ ਉੱਤੋਂ ਪੁਲਿਸ ਮੁਲਜ਼ਮਾਂ ਨੂੰ ਕਾਬੂ ਨਾ ਕਰਕੇ ਉਨ੍ਹਾਂ ਨਾਲ ਧੱਕਾ ਕਰ ਰਹੀ ਹੈ। ਉਨ੍ਹਾਂ ਬੀਣੇਵਾਲ ਚੌਂਕੀ ਇੰਚਾਰਜ ਦਾ ਕਾਤਲਾਂ ਨਾਲ ਮਿਲੇ ਹੋਣ ਦਾ ਦੋਸ਼ ਵੀ ਲਗਾਇਆ। ਇਸ ਉਪਰੰਤ ਐੱਸਪੀ ਰਕੇਸ਼ ਕੁਮਾਰ ਨੇ ਲੋਕਾਂ ਨੂੰ ਸ਼ਾਂਤ ਕੀਤਾ।

ਗਵਾਹਾਂ ਨੂੰ ਮਿਲੇ ਪੁਲਿਸ ਸੁਰੱਖਿਆ

ਇਸ ਸਬੰਧੀ ਗੱਲਬਾਤ ਕਰਦਿਆਂ ਸਾਬਕਾ ਬਲਾਕ ਸੰਮਤੀ ਮੈਂਬਰ ਰਵਿੰਦਰ ਪੁਰੀ ਨੇ ਕਤਲ ਦੇ ਚਸ਼ਮਦੀਦ ਮਿ੍ਤਕ ਬੰਟੀ ਦੇ ਭਰਾ ਆਕਾਸ਼ ਰਾਣਾ ਨੂੰ ਪੁਲਿਸ ਸੁਰੱਖਿਆ ਪ੍ਰਦਾਨ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਮੌਕੇ ਦਾ ਇਕੋ ਇਕ ਗਵਾਹ ਅਕਾਸ਼ ਹੈ ਜਿਸ ਦੀ ਜਾਨ ਨੂੰ ਖਤਰਾ ਹੈ। ਇਸ ਲਈ ਅਕਾਸ਼ ਨੂੰ ਐੱਸਐੱਚਓ ਪੱਧਰ ਦੀ ਪੁਲਿਸ ਸੁਰੱਖਿਆ ਪ੍ਰਦਾਨ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਬੀਣੇਵਾਲ ਚੌਕੀ ਇੰਚਾਰਜ ਨੂੰ ਤੁਰੰਤ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ ਕਿਉਂਕਿ ਇਸ ਘਟਨਾ ਦੀ ਜ਼ਿੰਮੇਵਾਰੀ ਉਸਦੀ ਹੈ, ਜੇਕਰ ਉਸ ਨੇ ਸਮੇਂ ਸਿਰ ਕਾਰਵਾਈ ਕੀਤੀ ਹੁੰਦੀ ਫਿਰ ਨਾ ਤਾਂ ਨੌਜਵਾਨ ਦਾ ਕਤਲ ਹੁੰਦਾ ਤੇ ਨਾ ਹੀ ਉਸ ਦੀ ਮਾਤਾ ਦੇ ਸੱਟਾਂ ਲੱਗਦੀਆਂ।

ਦੋ ਦਿਨ 'ਚ ਰਹਿੰਦੇ ਮੁਲਜ਼ਮ ਹੋਣਗੇ ਅੰਦਰ : ਰਕੇਸ਼ ਕੁਮਾਰ

ਪਰਿਵਾਰ ਵਾਲਿਆਂ ਨੂੰ ਭਰੋਸਾ ਦਿੰਦਿਆਂ ਐੱਸਪੀ ਰਕੇਸ਼ ਕੁਮਾਰ ਨੇ ਕਿਹਾ ਕਿ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਪਹਿਲਾਂ ਹੀ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਜਾ ਚੁੱਕਾ ਹੈ ਤੇ ਬਾਕੀ ਮੁਲਜ਼ਮਾਂ ਨੂੰ ਵੀ ਜਲਦ ਗਿ੍ਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਵੱਲੋਂ 48 ਘੰਟੇ 'ਚ ਮੁਲਜ਼ਮਾਂ ਨੂੰ ਕਾਬੂ ਕਰਨ ਦਾ ਭਰੋਸਾ ਮਿਲਣ 'ਤੇ ਪਰਿਵਾਰ ਵਾਲਿਆਂ ਨੇ ਧਰਨਾ ਚੁੱਕ ਲਿਆ ਤੇ ਗਿ੍ਫ਼ਤਾਰੀ ਨਾ ਹੋਣ 'ਤੇ ਸੋਮਵਾਰ ਦਸ ਵਜੇ ਦੁਆਰਾ ਧਰਨਾ ਦੇਣ ਤੇ ਉਦੋਂ ਤਕ ਸਸਕਾਰ ਨਾ ਕਰਨ ਦੀ ਗੱਲ ਕਹੀ।