ਸੁਰਿੰਦਰ ਿਢੱਲੋਂ, ਟਾਂਡਾ ਉੜਮੁੜ : ਮਿਊਂਸੀਪਲ ਪੈਨਸ਼ਨਰਜ਼ ਦੀਆਂ ਅਕਤੂਬਰ ਤੇ ਨਵੰਬਰ ਮਹੀਨੇ ਦੀਆਂ ਪੈਨਸ਼ਨਾਂ ਨਾ ਮਿਲਣ ਅਤੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਸਰਕਾਰ ਵੱਲੋਂ ਪ੍ਰਵਾਨ ਨਾ ਕੀਤੇ ਜਾਣ ਦੇ ਰੋਸ ਵਜੋਂ ਮੰਗਲਵਾਰ ਮਿਊਂਸੀਪਲ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸ਼ਿੰਗਾਰਾ ਸਿੰਘ ਦੀ ਅਗਵਾਈ ਹੇਠ ਇਕ ਅਹਿਮ ਮੀਟਿੰਗ ਸ਼ਿਮਲਾ ਪਹਾੜੀ ਉੜਮੁੜ ਵਿਖੇ ਹੋਈ। ਜਿਸ ਵਿਚ ਸਮੂਹ ਪੈਨਸ਼ਨਰ ਮੈਂਬਰਾਂ ਨੇ ਰੋਸ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਸਰਕਾਰ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਸ਼ਿੰਗਾਰਾ ਸਿੰਘ ਨੇ ਕਿਹਾ ਕਿ ਸਾਡੀ ਐਸੋਸੀਏਸ਼ਨ ਵੱਲੋਂ ਕਾਫੀ ਸਮੇਂ ਤੋਂ ਇਹ ਮੰਗਾਂ ਕਿ ਡੀਏ ਦਾ ਬਕਾਇਆ ਅਤੇ ਡੀਏ ਦੀਆਂ ਬਣਦੀਆਂ ਕਿਸ਼ਤਾਂ ਦਿੱਤੀਆਂ ਜਾਣ ਤੋਂ ਇਲਾਵਾ ਪੇ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ ਤੇ ਪੈਨਸ਼ਨਰਾਂ ਦਾ ਮੈਡੀਕਲ ਭੱਤਾ ਵਧਾਇਆ ਜਾਵੇ ਪਰ ਸਰਕਾਰ ਨੇ ਸਾਡੀ ਇੰਨ੍ਹਾਂ ਜਾਇਜ਼ ਮੰਗਾਂ ਨੂੰ ਪ੍ਰਵਾਨ ਕਰਨ ਦੀ ਬਜਾਏ ਪੈਨਸ਼ਨਰਾਂ ਦੀ ਅਕਤੂਬਰ ਤੇ ਨਵੰਬਰ ਮਹੀਨੇ ਦੀ ਪੈਨਸ਼ਨ ਵੀ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਪੈਨਸ਼ਨਰਾਂ ਦਾ ਆਪਣਾ ਕੋਈ ਕਾਰੋਬਾਰ ਨਹੀਂ ਹੈ ਅਤੇ ਨਾ ਹੀ ਹੋਰ ਕੋਈ ਆਮਦਨ ਦਾ ਜ਼ਰੀਆ ਹੈ, ਜਿਸ ਕਾਰਨ ਪੈਨਸ਼ਨਰਾਂ ਨੂੰ ਪੈਨਸ਼ਨ ਨਾ ਮਿਲਣ ਕਾਰਨ ਰੋਜ਼ੀ ਰੋਟੀ ਦੇ ਲਾਲੇ ਪਏ ਹੋਏ ਹਨ। ਉਨ੍ਹਾਂ ਕਿਹਾ ਕਿ ਇਕ ਪਾਸੇ ਕੈਪਟਨ ਸਰਕਾਰ ਆਏ ਦਿਨ ਖ਼ਜ਼ਾਨਾ ਖ਼ਾਲੀ ਹੋਣ ਦਾ ਿਢੰਡੋਰਾ ਪਿੱਟ ਰਹੇ ਹਨ ਦੂਜੇ ਪਾਸੇ ਆਪਣੇ ਚਹੇਤੇ ਵਿਧਾਇਕਾਂ ਨੂੰ ਮੁੱਖ ਮੰਤਰੀ ਦੇ ਸਲਾਹਕਾਰ ਨਿਯੁਕਤ ਕਰਕੇ ਮੰਤਰੀਆਂ ਵਾਲੀ ਸਹੂਲਤਾ ਪ੍ਰਦਾਨ ਕਰਕੇ ਖਜ਼ਾਨੇ ਤੇ ਫਾਲਤੂ ਬੋਝ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੈਨਸ਼ਨਰ ਦੀਆਂ ਪੈਨਸ਼ਨਾਂ ਬੰਦ ਕਰਨ ਦੀ ਬਜਾਏ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਤਨਖ਼ਾਹਾਂ ਬੰਦ ਕੀਤੀਆਂ ਜਾਣ ਅਤੇ ਪੈਨਸ਼ਨਰਾਂ ਨੂੰ ਪੈਨਸ਼ਨ ਸਮੇਂ ਸਿਰ ਦਿੱਤੀ ਜਾਵੇ ਤਾਂ ਜੋ ਪੈਨਸ਼ਨਰ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਸਹੀ ਢੰਗ ਨਾਲ ਕਰ ਸਕੇ ।

ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਪੈਨਸ਼ਨਰਜ਼ ਦੀ ਪੈਨਸ਼ਨ ਜਲਦ ਨਾ ਦਿੱਤੀ ਗਈ ਅਤੇ ਸਾਡੀਆਂ ਮੰਗਾਂ ਪ੍ਰਵਾਨ ਨਾ ਕੀਤੀਆਂ ਗਈਆਂ ਤਾਂ ਐਸੋਸੀਏਸ਼ਨ ਵੱਲੋਂ ਰੋਸ ਪ੍ਰਗਟਾਵੇ ਅਤੇ ਸੜਕ ਜਾਮ ਲਗਾਏ ਜਾਣਗੇ। ਇਸ ਮੌਕੇ ਤੇ ਸਮੂਹ ਮੈਂਬਰਾਂ ਨੇ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਗਟਾਵਾ ਕਰਦੇ ਹੋਏ ਨਾਅਰੇਬਾਜ਼ੀ ਕੀਤੀ।

ਇਸ ਮੌਕੇ 'ਤੇ ਅਸ਼ੋਕ ਕੁਮਾਰ, ਰਤਨ ਸਿੰਘ, ਐੱਨ ਪੀ ਸਿੰਘ, ਅੱਛਰ ਰਾਮ, ਧਰਮ ਚੰਦ, ਗੁਰਦਿਆਲ ਸਿੰਘ, ਅਮਰੀਕ ਸਿੰਘ, ਧਰਮ ਚੰਦ, ਚਮਨ ਲਾਲ, ਦੇਵ ਰਾਜ, ਤਰਸੇਮ ਲਾਲ, ਨਿਰੰਜਨ ਸਿੰਘ, ਬੂਆ ਸਿੰਘ, ਚਿਮਨ ਲਾਲ, ਕਮਲਾ, ਦੀਪੋ , ਬੋਧ ਰਾਜ, ਸ਼ਾਂਤੀ, ਕਮਲਾ ਅਤੇ ਹੋਰ ਪੈਨਸ਼ਨਰ ਹਾਜ਼ਰ ਸਨ।