ਗੁਰਬਿੰਦਰ ਸਿੰਘ ਪਲਾਹਾ, ਹੁਸ਼ਿਆਰਪੁਰ : ਸ਼ਹਿਰ 'ਚ ਲੱਗਣ ਵਾਲੇ ਸੰਡੇ ਬਾਜ਼ਾਰ 'ਚ ਫੇਰੀ ਲਾਉਣ ਵਾਲੇ ਗੁਜਰਾਤੀ ਭਰਾ-ਭੈਣਾਂ ਨੂੰ ਨਗਰ ਨਿਗਮ ਹੁਸ਼ਿਆਰਪੁਰ ਦੇ ਤਹਿਬਜ਼ਾਰੀ ਵਿਭਾਗ ਦੀ ਕਰੋਪੀ ਦਾ ਸ਼ਿਕਾਰ ਹੋਣਾ ਪਿਆ। ਜਿਸ ਦੇ ਸਿੱਟੇ ਵੱਜੋਂ ਗੁਜਰਾਤੀ ਫੇਰੀ ਵਾਲਿਆਂ ਨੇ ਫਗਵਾੜਾ ਚੌਕ 'ਚ ਨਿਗਮ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੀ ਸੂਚਨਾ ਮਿਲਦਿਆਂ ਹੀ ਕੌਂਸਲਰ ਬਿੱਟੂ ਭਾਟੀਆ ਵੀ ਮੌਕੇ 'ਤੇ ਪਹੁੰਚੇ ਤੇ ਉਨ੍ਹਾਂ ਨੇ ਨਗਰ ਨਿਗਮ ਦੇ ਮੇਅਰ ਸ਼ਿਵ ਸੂਦ ਨੂੰ 'ਤੇ ਸਾਰੇ ਮਾਮਲੇ ਤੋਂ ਜਾਣੂੰ ਕਰਵਾਇਆ। ਜਿਸ 'ਤੇ ਮੇਅਰ ਸ਼ਿਵ ਸੂਦ ਨੇ ਨਿਗਮ ਸੁਪਰਡੇਂਟ ਸਵਾਮੀ ਸਿੰਘ ਅਤੇ ਇੰਸਪੈਕਟਰ ਸੰਜੀਵ ਅਰੋੜਾ ਨੂੰ ਮੌਕੇ 'ਤੇ ਭੇਜਿਆ। ਫੇਰੀ ਲਾਉਣ ਵਾਲਿਆਂ ਵੱਲੋਂ ਕੌਂਸਲਰ ਭਾਟੀਆ ਨੇ ਨਿਗਮ ਅਧਿਕਾਰੀਆਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਬੇਵਜਾ ਇਸ ਗੁਜਰਾਤੀ ਫੇਰੀ ਲਗਾਉਣ ਵਾਲਿਆਂ ਨੂੰ ਤੰਗ-ਪਰੇਸ਼ਾਨ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਾਰੇ ਫੇਰੀ ਵਾਲੇ ਆਪਣੀਆਂ ਦੁਕਾਨਾਂ ਤੈਅ ਸੀਮਾ ਦੇ ਅੰਦਰ ਹੀ ਲਾਉਂਦੇ ਹਨ। ਕੋਈ ਵੀ ਸੜਕ 'ਤੇ ਆ ਕੇ ਫੇਰੀ ਨਹੀਂ ਲਗਾ ਸਕਦਾ ਅਤੇ ਨਾ ਹੀ ਕਿਸੇ ਨੂੰ ਆਵਾਜਾਈ 'ਚ ਵਿਘਨ ਪਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਦੋਨਾਂ ਧਿਰਾਂ 'ਚ ਸਮਝੌਤਾ ਕਰਵਾ ਕੇ ਮਾਮਲਾ ਸ਼ਾਂਤ ਕਰਵਾਉਣ ਤੋਂ ਬਾਅਦ ਕੌਂਸਲਰ ਭਾਟੀਆ ਨੇ ਕਿਹਾ ਕਿ ਗੁਜਰਾਤ ਤੋਂ ਪੰਜਾਬ ਆ ਕੇ ਦੋ ਵਕਤ ਦੀ ਰੋਟੀ ਕਮਾਉਣ ਵਾਲੇ ਇਨ੍ਹਾਂ ਫੇਰੀ ਵਾਲਿਆਂ ਨੂੰ ਪਹਿਲਾਂ ਵੀ ਨਿਗਮ ਅਧਿਕਾਰੀਆਂ ਵੱਲੋਂ ਬੇਵਜ੍ਹਾ ਪਰੇਸ਼ਾਨ ਕੀਤਾ ਜਾਂਦਾ ਰਿਹਾ ਹੈ। ਸਾਰੇ ਗੁਜਰਾਤੀ ਲੋਕ ਇਸ ਮਾਮਲੇ ਨੂੰ ਸਾਬਕਾ ਕੈਬਿਨਟ ਮੰਤਰੀ ਤੀਕਸ਼ਣ ਸੂਦ ਨੂੰ ਮਿਲ ਕੇ ਆਪਣੀ ਵਿਥਿਆ ਸੁਣਾਉਂਦੇ ਰਹੇ ਹਨ ਅਤੇ ਸਮੇਂ-ਸਮੇਂ ਤੇ ਤੀਕਸ਼ਣ ਸੂਦ ਨੇ ਉਨ੍ਹਾਂ ਦੇ ਮਸਲੇ ਦਾ ਹੱਲ ਕਰਵਾਇਆ ਹੈ ਪਰ ਪਤਾ ਨਹੀ ਕਿਉਂ ਨਿਗਮ ਅਧਿਕਾਰੀਆਂ ਨੂੰ ਸਿਰਫ ਇਨ੍ਹਾਂ ਨੂੰ ਟਾਰਗੇਟ ਕਰਨ 'ਚ ਹੀ ਕੀ ਸੁਆਦ ਆਉਂਦਾ ਹੈ। ਕੌਂਸਲਰ ਭਾਟੀਆ ਨੇ ਕਿਹਾ ਕਿ ਹਰ ਘਰ ਨੌਕਰੀ ਦੇਣ ਦਾ ਵਾਅਦਾ ਕਰਨ ਵਾਲੀ ਕਾਂਗਰਸ ਸਰਕਾਰ ਪਹਿਲਾਂ ਦਿਹਾੜੀ ਕਰਨ ਵਾਲੇ ਲੋਕਾਂ ਨੂੰ ਤਾਂ ਆਰਾਮ ਨਾਲ ਕੰਮ ਕਰਨ ਦੇਵੇ, ਬਾਕੀ ਗੱਲਾਂ ਤਾਂ ਬਾਅਦ 'ਚ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਉਲੰਘਣਾ ਦੇ ਬਹਾਨੇ ਫੇਰੀ ਲਾਉਣ ਵਾਲਿਆਂ ਨੂੰ ਭਵਿੱਖ 'ਚ ਦੁਬਾਰਾ ਤੰਗ ਨਾ ਕੀਤਾ ਜਾਵੇ ਤੇ ਇਸ ਦਾ ਸਥਾਈ ਹੱਲ ਕੀਤਾ ਜਾਵੇ। ਇਸ ਮੌਕੇ ਨੀਰੂ ਗਰੋਵਰ, ਰਾਕੇਸ਼ ਕੁਮਾਰ, ਰਾਜੇਸ਼ ਕੁਮਾਰ, ਵਿਜੈ ਕੁਮਾਰ, ਧਰਮ ਕੁਮਾਰ, ਗੁਲਾਬ ਲਾਲ, ਰਮਨ ਕੁਮਾਰ, ਗੋਵਿੰਦ ਕੁਮਾਰ ਆਦਿ ਮੌਜੂਦ ਸਨ।