ਪੱਤਰ ਪ੍ਰਰੇਰਕ, ਹੁਸ਼ਿਆਰਪੁਰ : ਮਨਰੇਗਾ ਵਰਕਰ ਯੂਨੀਅਨ ਪੰਜਾਬ ਦੇ ਹੁਸ਼ਿਆਰਪੁਰ ਬਲਾਕ-1 ਦੇ ਵਰਕਰਾਂ ਵੱਲੋਂ ਬੀਡੀਪੀਓ ਬਲਾਕ-1 ਦੇ ਦਫਤਰ ਅੱਗੇ ਰੋਹ ਭਰਪੂਰ ਧਰਨਾ ਬਲਾਕ ਪ੍ਰਧਾਨ ਜਸਵੀਰ ਕੌਰ ਦੀ ਪ੍ਰਧਾਨਗੀ ਹੇਠ ਦਿੱਤਾ ਗਿਆ। ਧਰਨੇ 'ਚ ਮਨਰੇਗਾ ਵਰਕਰਾਂ ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ। ਧਰਨੇ 'ਚ ਸੂਬਾ ਪ੍ਰਧਾਨ ਪਸਸਫ ਸਤੀਸ਼ ਰਾਣਾ ਅਤੇ ਸੂਬਾ ਕੈਸ਼ੀਅਰ ਮਨਜੀਤ ਸਿੰਘ ਸੈਣੀ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਧਰਨੇ ਨੂੰ ਸੰਬੋਧਨ ਕਰਦਿਆ ਸਤੀਸ਼ ਰਾਣਾ ਨੇ ਕਿਹਾ ਕਿ ਮਾਨਯੋਗ ਏਡੀਸੀ ਵਿਕਾਸ ਵਲੋਂ ਜਾਰੀ ਪੱਤਰ ਨੂੰ ਲਾਗੂ ਕਰਾਉਣ ਲਈ ਕਈ ਵਾਰ ਸਥਾਨਕ ਯੂਨਿਟ ਦੇ ਆਗੂਆ ਰਾਹੀਂ ਅਧਿਕਾਰੀਆਂ ਨੂੰ ਅਪੀਲ ਕੀਤੀ ਜਾ ਚੁੱਕੀ ਹੈ। ਪਰ ਬੀਡੀਪੀਓ ਪੱਧਰ 'ਤੇ ਬਿਨਾਂ ਕਿਸੇ ਕਾਰਨ ਏਡੀਸੀ ਵਿਕਾਸ ਵਲੋਂ ਜਾਰੀ ਹਦਾਇਤਾਂ ਨੂੰ ਲਾਗੂ ਨਕ ਕਰਨ ਅਤੇ ਹੋਰ ਮੰਗਾਂ ਨੂੰ ਲਾਗੂ ਕਰਨ ਵਿੱਚ ਦੇਰੀ ਕਰਕੇ ਵਰਕਰਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਜਿਸ ਦਾ ਵਰਕਰਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਜਿਸ ਲਈ ਉਨ੍ਹਾਂ ਨੂੰ ਇਹ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ।

ਬੁਲਾਰਿਆਂ ਨੇ ਮੰਗ ਕੀਤੀ ਕਿ ਕੰਮ ਤੋਂ ਹਟਾਈਆਂ ਮੇਹਟਾਂ ਬਹਾਲ ਕੀਤੀਆ ਜਾਣ, ਕੰਮ ਵਾਲੀ ਥਾਂ ਤੇ ਪਾਣੀ, ਛਾਂ ਅਤੇ ਫਸਟ ਏਡ ਬਾਕਸ ਦਾ ਪ੍ਰਬੰਧ ਕੀਤਾ ਜਾਵੇ। ਕੰਮ ਲਈ ਅੌਜਾਰ ਦਿੱਤੇ ਜਾਣ, ਪਿੰਡਾਂ ਅੰਦਰ ਬਰਾਬਰ ਕੰਮ ਸਭ ਨੂੰ ਦਿੱਤਾ ਜਾਵੇ। ਆਗੂਆਂ ਨੇ ਦੋਸ਼ ਲਾਇਆ ਕਿ ਜਿੰਨ੍ਹਾਂ ਮੇਹਟਾਂ ਨੂੰ ਕੰਮ ਤੇ ਸਰਪੰਚ ਨਹੀ ਰੱਖ ਰਹੇ ਉਹ ਸਿਆਸੀ ਕਿੜਾਂ ਕੱਢ ਰਹੇ ਹਨ। ਉਨ੍ਹਾਂ ਇਸ ਦਾ ਠੋਸ ਹੱਲ ਕੀਤੇ ਜਾਣ ਦੀ ਮੰਗ ਕੀਤੀ। ਧਰਨੇ ਦੇ ਰੋਹ ਨੂੰ ਵੇਖਦਿਆਂ ਬੀ.ਡੀ.ਪੀ.ਓ. ਦੇ ਗੈਰ ਮੌਜੂਦਗੀ ਵਿੱਚ ਬਲਾਕ-1 ਦੇ ਪੰਚਾਇਤ ਅਫਸਰ ਸੋਢੀ ਰਾਮ ਨੇ ਬੀ.ਡੀ.ਪੀ.ਓ. ਵੱਲੋਂ ਧਰਨੇ ਵਿੱਚ ਆ ਕੇ ਪੱਤਰ ਨੂੰ ਲਾਗੂ ਕਰਨ ਦਾ ਵਿਸ਼ਵਾਸ਼ ਦਿੱਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸਤਨਾਮ ਕੌਰ, ਜਸਵਿੰਦਰ ਕੌਰ, ਬਲਵਿੰਦਰ ਕੌਰ ਫੱਤੋਵਾਲ, ਸੰਦੇਸ਼ ਕੁਮਾਰੀ ਸ਼ੇਰਪੁਰ ਬਾਹਤੀਆਂ, ਸੁਰਜੀਤ ਕੋਰ ਡਾਡਾ, ਰਾਜ ਕੁਮਾਰ ਹਰਖੋਵਾਲ, ਅਮਰਜੀਤ ਸਿੰਘ ਪਿਆਲਾ, ਬਲਰਾਜ ਕੁਮਾਰ, ਅਨਿਲ ਕੁਮਾਰ ਮੁੱਖ ਸਲਾਹਕਾਰ, ਸੁਰਿੰਦਰ ਕੌਰ ਆਦਿ ਨੇ ਸੰਬੋਧਨ ਕੀਤਾ।