ਗੁਰਬਿੰਦਰ ਸਿੰਘ ਪਲਾਹਾ, ਹੁਸ਼ਿਆਰਪੁਰ : ਹੁਸ਼ਿਆਰਪੁਰ ਸ਼ਹਿਰ ਵਿਚ ਆਵਾਰਾ ਤੇ ਬੇਲਗਾਮ ਪਸ਼ੂਆਂ ਕਾਰਨ ਹੋ ਰਹੀਆਂ ਮੌਤਾਂ, ਸਫਾਈ ਪ੍ਰਬੰਧਾਂ ਦੇ ਖਸਤਾ ਹਾਲਤ ਅਤੇ ਬਲਾਕ ਹੋਏ ਸੀਵਰੇਜ਼ ਨੂੰ ਖੱੁਲ੍ਹਵਾਉਣ ਲਈ ਵਾਧੂ ਪੈਸੇ ਚਾਰਜ ਕਰਨ ਦੇ ਰੋਸ ਵਜੋਂ ਨਗਰ ਨਿਗਮ ਹੁਸ਼ਿਆਰਪੁਰ ਦੇ ਗੇਟ 'ਤੇ ਸੰਘਰਸ਼ ਕਮੇਟੀ ਵੱਲੋਂ ਕਰਮਵੀਰ ਬਾਲੀ ਦੀ ਅਗਵਾਈ ਹੇਠ ਸ਼ਹਿਰ ਵਾਸੀਆਂ ਵੱਲੋਂ ਧਰਨਾ ਲਾਇਆ ਗਿਆ। ਇਸੇ ਦੌਰਾਨ ਮੁਜ਼ਾਹਰਾਕਾਰੀਆਂ ਨੇ ਨਗਰ ਨਿਗਮ ਦੀ ਲਾਪਰਵਾਹੀ ਵਾਲੇ ਵਤੀਰੇ ਖ਼ਿਲਾਫ਼ ਜਬਰਦਸਤ ਨਾਅਰੇਬਾਜ਼ੀ ਵੀ ਕੀਤੀ। ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਸੰਘਰਸ਼ ਕਮੇਟੀ ਦੇ ਪ੍ਰਧਾਨ ਕਰਮਵੀਰ ਬਾਲੀ ਨੇ ਕਿਹਾ ਕਿ ਸ਼ਹਿਰ ਵਿਚ ਅਵਾਰਾ ਤੇ ਬੇਲਗਾਮ ਪਸ਼ੂਆਂ ਨੂੰ ਕਾਬੂ ਕਰਨ ਲਈ ਨਗਰ ਨਿਗਮ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ, ਜਦਕਿ ਲੋਕਾਂ ਕੋਲੋਂ 'ਕਾਓ ਸੈੱਸ' ਦੇ ਨਾਂ 'ਤੇ ਕਰੀਬ 70 ਕਰੋੜ ਰੁਪਿਆ ਇੱਕਠਾ ਕੀਤਾ ਜਾ ਚੱੁਕਾ ਹੈ। ਹੁਣ ਜਦਕਿ ਆਵਾਰਾ ਪਸ਼ੂਆਂ ਤੋਂ ਸ਼ਹਿਰੀਆਂ ਨੂੰ ਨਿਜਾਤ ਦਿਵਾਉਣ ਲਈ ਸਰਕਾਰ ਟੈਕਸ ਰਾਹੀਂ ਮੋਟੀ ਰਕਮ ਇੱਕਠੀ ਕਰ ਰਹੀ ਹੈ ਤਾਂ ਅਜਿਹੀ ਹਾਲਤ ਵਿਚ ਕੇਵਲ ਸਰਕਾਰ ਅਤੇ ਸਥਾਨਕ ਸਰਕਾਰਾਂ ਵਿਭਾਗ ਅਧੀਨ ਕੰਮ ਕਰ ਰਿਹਾ ਨਗਰ ਨਿਗਮ ਹੀ ਅਵਾਰਾ ਪਸ਼ੂਆਂ ਕਾਰਣ ਵਾਪਰ ਰਹੇ ਹਾਦਸਿਆਂ 'ਚ ਹੋ ਰਹੀਆਂ ਮੌਤਾਂ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਕਰਮਵੀਰ ਬਾਲੀ ਨੇ ਦੱਸਿਆ ਕਿ ਬੀਤੇ ਦਿਨੀਂ ਟਾਂਡਾ ਰੋਡ 'ਤੇ ਬਰਫ ਦਾ ਕਾਰਖਾਨੇ ਨਜ਼ਦੀਕ ਅਵਾਰਾ ਪਸ਼ੂਆਂ ਦਾ ਵੱਗ ਸਾਹਮਣੇ ਆ ਜਾਣ ਕਾਰਣ ਹੋਏ ਹਾਦਸੇ ਵਿੱਚ ਦੋ ਨੌਜਵਾਨਾਂ ਦੀਆਂ ਮੌਤਾਂ ਦੀ ਜ਼ਿੰਮੇਵਾਰੀ ਵੀ ਨਗਰ ਨਿਗਮ ਦੇ ਕਮਿਸ਼ਨਰ, ਮੇਅਰ, ਸਕੱਤਰ, ਸੀਨੀਅਰ ਇੰਜੀਨੀਅਰ, ਐਕਸੀਅਨ ਅਤੇ ਹੋਰਨਾਂ ਜ਼ਿੰਮੇਵਾਰ ਅਧਿਕਾਰੀਆਂ ਦੇ ਸਿਰ ਹੀ ਆਉਂਦੀ ਹੈ। ਜਿਨ੍ਹਾਂ ਦੀ ਲਾਪਰਵਾਹੀ ਕਾਰਨ ਦੋ ਘਰਾਂ ਦੇ ਚਿਰਾਗ ਬੱੁਝ ਗਏ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਸਫਾਈ ਪ੍ਰਬੰਧਾਂ ਦੀ ਹਾਲਤ ਬਹੁਤ ਹੀ ਖਸਤਾ ਹੋ ਚੱੁਕੀ ਹੈ। ਇੱਥੋਂ ਤਕ ਕਿ ਬਲਾਕ ਹੋਏ ਸੀਵਰੇਜ ਨੂੰ ਖੁੱਲ੍ਹਵਾਉਣ ਲਈ ਮੁਲਾਜ਼ਮਾਂ ਵੱਲੋਂ ਵਾਧੂ ਪੈਸੇ ਚਾਰਜ ਕੀਤੇ ਜਾਂਦੇ ਹਨ ਜੋ ਕਿ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ। ਕਰਮਵੀਰ ਬਾਲੀ ਨੇ ਕਿਹਾ ਕਿ ਇਸ ਮਾਮਲੇ ਨੂੰ ਕਈ ਵਾਰ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਉਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ।

ਤਹਿਸੀਲਦਾਰ ਨੇ ਲਿਆ ਮੰਗ ਪੱਤਰ

ਇਸ ਧਰਨੇ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪੱੁਜੇ ਤਹਿਸੀਲਦਾਰ ਹਰਮਿੰਦਰ ਸਿੰਘ ਨੇ ਧਰਨਾਕਾਰੀਆਂ ਪਾਸੋਂ ਮੰਗ ਪੱਤਰ ਲਿਆ ਅਤੇ ਉਨ੍ਹਾਂ ਨਾਲ ਮੰਗਾਂ ਸਬੰਧੀ ਗੱਲਬਾਤ ਕੀਤੀ। ਜਿਸ ਉਪਰੰਤ ਨਗਰ ਨਿਗਮ ਦੇ ਕਮਿਸ਼ਨਰ ਨਾਲ ਗੱਲ ਕਰਕੇ ਇਸ ਮਾਮਲੇ ਵਿਚ ਕੁੱਝ ਹੀ ਦਿਨਾਂ ਵਿਚ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਕਰਮਵੀਰ ਬਾਲੀ ਨੇ ਸੰਘਰਸ਼ ਕਮੇਟੀ ਵੱਲੋਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਕ ਹਫਤੇ ਦੇ ਵਿਚ-ਵਿਚ ਅਵਾਰਾ ਪਸ਼ੂਆਂ ਨੂੰ ਕਾਬੂ ਨਾ ਕੀਤਾ ਗਿਆ ਅਤੇ ਪਲਾਸਟਿਕ ਦੇ ਲਿਫ਼ਾਿਫ਼ਆਂ ਨੂੰ ਸ਼ਹਿਰ ਵਿਚ ਵੇਚਣ 'ਤੇ ਪੂਰਨ ਪਾਬੰਦੀ ਨਾ ਲਗਾਈ ਗਈ ਤਾਂ ਮੁੜ ਤੋਂ ਨਗਰ ਨਿਗਮ ਵਿਖੇ ਧਰਨਾ ਦੇ ਕੇ ਪੁਤਲਾ ਫੂਕਿਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਦੀਪ ਸਿੰਘ ਠੇਕੇਦਾਰ, ਵਿਨੇ ਅਗਨੀਹੋਤਰੀ ਸਕੱਤਰ, ਕਿ੍ਪਾਲ ਸਿੰਘ ਜਨਰਲ ਸਕੱਤਰ, ਪੰਡਤ ਨੀਰਜ ਸ਼ਰਮਾ ਮੀਤ ਪ੍ਰਧਾਨ, ਸ਼ਿਵ ਸੈਨਾ ਸ਼ਹਿਰੀ ਪ੍ਰਧਾਨ ਜਾਵੇਦ ਖਾਨ, ਅਸ਼ਵਨੀ ਗੈਂਦ ਪ੍ਰਧਾਨ ਨਈ ਸੋਚ, ਰਜਿੰਦਰ ਸਿੰਘ, ਬਲਵੀਰ ਕੌਰ, ਪ੍ਰਵੀਨ ਬਾਲੀ, ਲਾਲ ਕੁਮਾਰੀ, ਰਾਜੇਸ਼ ਕੁਮਾਰੀ, ਕੌਸ਼ਲਿਆ ਦੇਵੀ, ਮਨਜੀਤ ਕੌਰ ਆਦਿ ਵੀ ਮੌਜੂਦ ਸਨ ।