ਹਰਮਨਜੀਤ ਸਿੰਘ ਸੈਣੀ, ਮੁਕੇਰੀਆਂ : ਹਲਕਾ ਮੁਕੇਰੀਆਂ ਨਾਲ ਸਬੰਧਿਤ ਮਸੀਹੀ ਭਾਈਚਾਰੇ ਵੱਲੋਂ ਕਿ੍ਸ਼ਚੀਅਨ ਨੈਸ਼ਨਲ ਫਰੰਟ, ਯੂਥ ਫਰੰਟ ਤੇ ਮਸੀਹੀ ਏਕਤਾ ਸੰਘਰਸ਼ ਕਮੇਟੀ ਦੇ ਬੈਨਰ ਹੇਠ ਕੌਮੀ ਪ੍ਰਧਾਨ ਲਾਰੈਂਸ ਚੌਧਰੀ ਦੀ ਅਗਵਾਈ ਹੇਠ ਰੈੱਸਟ ਹਾਊਸ ਮੁਕੇਰੀਆਂ ਤੋਂ ਰੋਸ ਮਾਰਚ ਕਰਦੇ ਹੋਏ ਐੱਸਡੀਐੱਮ ਦਫ਼ਤਰ ਦੇ ਗੇਟ ਮੂਹਰੇ ਰੋਸ ਧਰਨਾ ਦਿੱਤਾ। ਧਰਨੇ 'ਚ ਭਾਰੀ ਗਿਣਤੀ 'ਚ ਇਕੱਠੇ ਹੋਏ ਮਸੀਹੀ ਭਾਈਚਾਰੇ ਦੇ ਲੋਕਾਂ ਨੇ ਕੇਂਦਰ ਅਤੇ ਸੂਬਾ ਸਰਕਾਰ 'ਤੇ ਮਸੀਹੀ ਭਾਈਚਾਰੇ ਦੀ ਅਣਦੇਖੀ ਦੇ ਦੋਸ਼ ਲਾਉਂਦਿਆ ਸਰਕਾਰ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਲਾਰੈਂਸ ਚੌਧਰੀ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਆਜ਼ਾਦੀ ਦੇ ਸੱਤ ਦਹਾਕਿਆਂ ਬਾਅਦ ਵੀ ਸਿਆਸੀ ਪਾਰਟੀਆਂ ਦੀ ਅਣਦੇਖੀ ਕਾਰਨ ਮਸੀਹੀ ਭਾਈਚਾਰੇ ਨੂੰ ਉਨ੍ਹਾਂ ਦੇ ਸੰਵਿਧਾਨਕ ਅਧਿਕਾਰਾਂ ਤੋਂ ਵਾਂਝੇ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਿੰਡਾਂ 'ਚ ਰਹਿਣ ਵਾਲਾ ਮਸੀਹੀ ਭਾਈਚਾਰਾ ਹਾਲੇ ਤਕ ਰੋਟੀ, ਕੱਪੜਾ ਤੇ ਮਕਾਨ ਆਦਿ ਮੁਸ਼ਕਿਲਾਂ ਨਾਲ ਹੀ ਜੂਝ ਰਿਹਾ ਹੈ। ਪਿੰਡਾਂ ਦੇ ਵਿਕਾਸ ਸਮੇਂ ਉਨ੍ਹਾਂ ਦੇ ਮੁਹੱਲਿਆਂ ਦੀਆਂ ਗਲੀਆਂ-ਨਾਲੀਆਂ ਤੇ ਸਾਫ਼ ਪਾਣੀ ਲਈ ਵਾਟਰ ਸਪਲਾਈ ਦੀਆ ਪਾਈਪਾਂ ਪਾਉਣ ਵੇਲੇ ਵੀ ਉਨ੍ਹਾਂ ਨਾਲ ਸਿਆਸੀ ਪੱਖਪਾਤ ਕੀਤਾ ਜਾਂਦਾ ਹੈ। ਉਨ੍ਹਾਂ ਪੁਰਜ਼ੋਰ ਮੰਗ ਕੀਤੀ ਕਿ ਕੇਂਦਰ ਸਰਕਾਰ ਦੀਆਂ ਭਲਾਈ ਸਕੀਮਾਂ ਜਿਵੇਂ ਲੋੜਵੰਦ ਵਿਦਿਆਰਥੀਆਂ ਦੇ ਵਜੀਫੇ, ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਬੇਘਰ ਲੋਕਾਂ ਨੂੰ ਘਰ, ਕੱਚੇ ਘਰਾਂ ਨੂੰ ਪੱਕਾ ਕਰਨ ਤੇ ਹੁਨਰਮੰਦ ਪੜ੍ਹੇ-ਲਿਖੇ ਨੌਜਵਾਨਾਂ ਨੂੰ ਸਵੈ ਰੁਜ਼ਗਾਰ ਤਹਿਤ ਕਰਜ਼ ਆਦਿ ਤੋਂ ਇਲਾਵਾ ਪੰਜਾਬ ਦੀਆਂ ਭਲਾਈ ਸਕੀਮਾਂ ਜਿਵੇਂ ਸ਼ਗਨ ਸਕੀਮ, ਬੁਢਾਪਾ ਤੇ ਵਿਧਵਾ ਪੈਨਸ਼ਨ, ਮਹਾਤਮਾ ਗਾਂਧੀ ਸਰਬੱਤ ਯੋਜਨਾ ਤਹਿਤ ਕੱਚੇ ਘਰਾਂ ਨੂੰ ਪੱਕਾ ਕਰਨ ਤੋਂ ਇਲਾਵਾ ਕਬਰਸਤਾਨਾਂ ਲਈ ਜ਼ਮੀਨ ਆਦਿ ਦੇ ਲਾਭ ਘੱਟ ਗਿਣਤੀ ਮਸੀਹੀ ਭਾਈਚਾਰੇ ਨੂੰ ਦਿੱਤੇ ਜਾਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਮਸੀਹੀ ਭਾਈਚਾਰੇ ਦੀਆਂ ਸਮੱਸਿਆਵਾਂ ਦਾ ਤੁਰੰਤ ਕੋਈ ਹੱਲ ਨਾ ਕੀਤਾ ਤਾਂ ਪੂਰੇ ਪੰਜਾਬ ਅੰਦਰ ਤਿੱਖਾ ਸੰਘਰਸ਼ ਆਰੰਭਿਆ ਜਾਵੇਗਾ। ਯੂਥ ਦੇ ਕੌਮੀ ਪ੍ਰਧਾਨ ਆਰਿਫ਼ ਮਸੀਹ ਚੌਹਾਨ ਨੇ ਨੌਜਵਾਨਾਂ ਨੂੰ ਸੰਘਰਸ਼ ਨੂੰ ਜਾਰੀ ਰੱਖਣ ਲਈ ਅੱਗੇ ਆਉਣ ਦੀ ਅਪੀਲ ਕੀਤੀ। ਇਸ ਸਮੇਂ ਉਨ੍ਹਾਂ ਤਹਿਸੀਲਦਾਰ ਮੁਕੇਰੀਆਂ ਜਗਤਾਰ ਸਿੰਘ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਇਕ ਮੰਗ ਪੱਤਰ ਵੀ ਭੇਜਿਆ।

ਇਸ ਮੌਕੇ ਬਲਾਕ ਪ੍ਰਧਾਨ ਬਚਨ ਮਸੀਹ, ਚੇਅਰਮੈਨ ਰੂਪ ਮਸੀਹ ਮਹਿੰਦੀਪੁਰ, ਮੀਤ ਪ੍ਰਧਾਨ ਸੁਲੱਖਣ ਮਸੀਹ, ਜ. ਸਕੱਤਰ ਸੁਖਵਿੰਦਰ ਮਸੀਹ, ਖਜਾਨਚੀ ਸੁਨੀਲ ਮਸੀਹ, ਬਸਪਾ ਆਗੂ ਕਰਮਜੀਤ ਸੰਧੂ ਸਮੇਤ ਵੱਡੀ ਗਿਣਤੀ 'ਚ ਮਸੀਹੀ ਭਾਈਚਾਰੇ ਦੇ ਲੋਕਾਂ ਨੇ ਸ਼ਿਰਕਤ ਕੀਤੀ ।