ਪੰਜਾਬੀ ਜਾਗਰਣ ਕੇਂਦਰ, ਹੁਸ਼ਿਆਰਪੁਰ : ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਵਲੋਂ ਸੂਬਾਈ ਫੈਸਲੇ ਤਹਿਤ ਸਮੁੱਚੇ ਸੂਬੇ ਅੰਦਰ ਸੰਘਰਸ਼ ਕੀਤਾ ਜਾ ਰਿਹਾ ਹੈ ਅਤੇ ਇਸ ਸੰਘਰਸ਼ ਦੇ ਤਹਿਤ ਹੀ ਮੰਡਲ ਹੁਸ਼ਿਆਰਪੁਰ ਦੇ ਦਫ਼ਤਰ ਅੱਗੇ 28 ਜੁਲਾਈ ਤੋਂ ਲਗਾਤਾਰ ਰੋਸ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇਸ ਲਗਾਤਾਰ ਰੋਸ ਰੈਲੀਆਂ ਦੇ 18ਵੇਂ ਦਿਨ ਵੀ ਮੰਡਲ ਪ੍ਰਧਾਨ ਪਵਨ ਕੁਮਾਰ ਦੀ ਅਗਵਾਈ ਹੇਠ ਰੋਸ ਰੈਲੀ ਕੀਤੀ ਗਈ ਤੇ ਸੂਬਾਈ ਫੈਸਲੇ ਅਨੁਸਾਰ ਵਣ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਅਰਥੀ ਫੂਕੀ ਗਈ। ਅਰਥੀ ਫੂਕਣ ਤੋਂ ਪਹਿਲਾਂ ਕੀਤੀ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਨਾਰਥ ਸਰਕਲ ਹੁਸ਼ਿਆਰਪੁਰ ਦੇ ਪ੍ਰਧਾਨ ਅਮਰਜੀਤ ਸਿੰਘ, ਵਿੱਤ ਸਕੱਤਰ ਹਰਭਜਨ ਸਿੰਘ ਪਠਾਣਕੋਟ, ਸੁਰਿੰਦਰ ਪਾਲ, ਸਤਨਾਮ ਸਿੰਘ, ਪਸਸਫ ਦੇ ਜ਼ਿਲ੍ਹਾ ਜਨਰਲ ਸਕੱਤਰ ਇੰਦਰਜੀਤ ਵਿਰਦੀ, ਤਹਿਸੀਲ ਹੁਸ਼ਿਆਰਪੁਰ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਗਰੋਵਰ, ਜੀਟੀਯੂ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਨੀਲ ਕੁਮਾਰ ਸ਼ਰਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੰਗਲਾਤ ਵਿਭਾਗ 'ਚ ਕੰਮ ਕਰਦੇ ਵਰਕਰਾਂ ਨੂੰ ਪਿਛਲੇ 6 ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ ਹਨ, ਜਿਸ ਕਾਰਨ ਕੋਰੋਨਾ ਮਹਾਂਮਾਰੀ ਦੇ ਦੌਰ 'ਚ ਉਨ੍ਹਾਂ ਦੇ ਘਰਾਂ ਦਾ ਗੁਜ਼ਾਰਾ ਚੱਲਣਾਂ ਵੀ ਬਹੁਤ ਮੁਸ਼ਕਿਲ ਹੋ ਗਿਆ ਹੈ, ਐਕਟ 2016 ਦੇ ਤਹਿਤ ਤਿੰਨ ਸਾਲ ਦੀ ਸੇਵਾ ਪੂਰੀ ਕਰ ਚੁੱਕੇ ਮੁਲਾਜ਼ਮਾਂ ਨੂੰ ਤੁਰੰਤ ਪੱਕਾ ਕੀਤਾ ਜਾਵੇ, ਵਿਭਾਗ 'ਚ ਨਵੇਂ ਕੰਮ ਚਲਾਏ ਜਾਣ। ਇਸ ਉਰਰੰਤ ਡਾਕਖਾਨਾ ਚੌਕ ਤੋਂ ਹੁੰਦੇ ਹੋਏ ਰੋਸ ਮਰਚ ਕਰਕੇ ਮੰਡਲ ਦਫ਼ਤਰ ਦੇ ਗੇਟ ਅੱਗੇ ਵਣ ਮੰਤਰੀ ਦੀ ਅਰਥੀ ਫੂਕੀ ਗਈ। ਇਸ ਮੌਕੇ ਜੁਗਿੰਦਰ ਸਿੰਘ, ਜੈ ਦੇਵ, ਰਵਿੰਦਰ ਕੁਮਾਰ, ਗੁਰਬਚਨ ਸਿੰਘ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।