ਚੇਤ ਰਾਮ ਰਤਨ, ਨਵਾਂਸ਼ਹਿਰ : ਸੂਬੇ ਦੇ ਸਰਹੱਦੀ ਜ਼ਿਲਿ੍ਹਆਂ ਤਰਨਤਾਰਨ, ਅੰਮਿ੍ਤਸਰ, ਗੁਰਦਾਸਪੁਰ 'ਚ ਜ਼ਹਿਰੀਲੀ ਸ਼ਰਾਬ ਨਾਲ ਗਰੀਬ ਪਰਿਵਾਰਾਂ ਦੇ 112 ਵਿਅਕਤੀਆਂ ਦੀ ਮੌਤ 'ਤੇ ਰੋਸ ਵੱਜੋਂ ਮੰਗਲਵਾਰ ਨੂੰ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਡੀਸੀ ਦਫ਼ਤਰ ਸਾਹਮਣੇ ਕੈਪਟਨ ਸਰਕਾਰ ਦਾ ਪੁਤਲਾ ਫੂਕਿਆ। ਬਸਪਾ ਆਗੂਆਂ ਨੇ ਮੁੱਖ ਮੰਤਰੀ ਪੰਜਾਬ ਤੋਂ ਅਸਤੀਫੇ ਦੀ ਮੰਗ ਕਰਦਿਆਂ ਰਾਜਪਾਲ ਪੰਜਾਬ ਦੇ ਨਾਂਅ ਨਾਇਬ ਤਹਿਸੀਲਦਾਰ ਕੁੱਲਵਰਨ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ। ਬਹੁਜਨ ਸਮਾਜ ਪਾਰਟੀ ਦੇ ਸੂਬਾ ਆਗੂ ਨਛੱਤਰ ਪਾਲ ਨੇ ਕਿਹਾ ਕਿ ਸਿਆਸੀ ਜਮਾਤ ਸਰਕਾਰੀ ਅਫ਼ਸਰ, ਪੁਲਿਸ ਤੇ ਅਪਰਾਧੀਆਂ ਦਾ ਪੰਜਾਬ ਦੇ ਸਰਕਾਰੀ ਖ਼ਜ਼ਾਨੇ ਨੂੰ ਘੁਣ ਵਾਂਗ ਪਿਛਲੇ ਸਾਢੇ ਤਿੰਨ ਸਾਲ ਤੋਂ ਖਾ ਰਹੇ ਹਨ, ਜਿਸ ਕਰਕੇ ਪੰਜਾਬ ਸਿਰ ਕਰਜ਼ੇ ਦਾ ਬੋਝ ਵੱਧ ਰਿਹਾ ਹੈ। ਕੈਪਟਨ ਸਰਕਾਰ ਵੱਲੋਂ ਸੂਬੇ 'ਚ ਨਵੇਂ ਥਾਂ-ਥਾਂ ਤੇ ਟੋਲ-ਪਲਾਜੇ ਲਾ ਕੇ ਧੱਕੇਸ਼ਾਹੀ ਨਾਲ ਲੋਕਾਂ ਦੀ ਆਰਥਿਕ ਲੁੱਟ ਕੀਤੀ ਜਾ ਰਹੀ ਹੈ। ਪੰਜਾਬ ਵਿੱਚ ਮਹਿੰਗਾਈ ਅਤੇ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਕਾਬੂ ਪਾਉਣ 'ਤੇ ਵੀ ਫੇਲ ਰਹੀ। ਸ੍ਰੀ ਗੁਰੂ ਗ੍ੰਥ ਸਾਹਿਬ ਦੀ ਬੇਅਦਬੀ ਤੇ ਬਰਗਾੜੀ ਗੋਲੀ ਕਾਂਡ ਦੇ ਮੁੱਖ ਦੋਸ਼ੀਆਂ ਨੂੰ ਅੱਜ ਤੱਕ ਕੋਈ ਸਖਤ ਸਜਾ ਕਰਨ ਵਿੱਚ ਿਢੱਲ-ਮੱਸ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਚੋਣਾਂ ਸਮੇਂ ਘਰ-ਘਰ ਨੌਕਰੀ ਦੇਣ ਦੇ ਵਾਅਦੇ ਅਤੇ ਗਰੀਬ ਲੋਕਾਂ ਦੇ ਸਰਕਾਰੀ ਬੈਂਕਾਂ ਤੇ ਸਹਿਕਾਰੀ ਸੁਸਾਇਟੀਆਂ ਦੇ 50 ਹਜ਼ਾਰ ਤੱਕ ਦੇ ਕਰਜ਼ੇ ਮਾਫ ਕਰਨ ਨੂੰ ਅਮਲੀ ਰੂਪ ਦੇਣ ਤੋਂ ਭੱਜ ਰਹੀ ਹੈ। ਇਸ ਮੌਕੇ ਡਾ. ਮਹਿੰਦਰ ਪਾਲ ਜਿਲ੍ਹਾ ਇੰਚਾਰਜ, ਡਾ: ਸਤਪਾਲ ਲੰਗੜੋਆ, ਮੁਖਤਿਆਰ ਚੌਦ ਰਾਹੋਂ, ਸਰਬਜੀਤ ਸਿੰਘ ਜਾਫਰਪੁਰ ਜ਼ਿਲ੍ਹਾ ਇੰਚਾਰਜ, ਰਾਜ ਕੁਮਾਰ ਐਡਵੋਕੇਟ, ਹਰਬੰਸ ਲਾਲ ਜਾਨੀਵਾਲ, ਰਾਕੇਸ਼ ਕੁਮਾਰ ਜਨਾਗਲ, ਹਰਮੇਸ਼ ਲਾਲ ਨਵਾਂਸ਼ਹਿਰ ਅਤੇ ਸਾਬਕਾ ਐੱਮਸੀ ਰਾਹੋਂ ਆਦਿ ਵੀ ਹਾਜ਼ਰ ਸਨ।