ਪੱਤਰ ਪ੍ਰਰੇਰਕ, ਮਾਹਿਲਪੁਰ : ਪਿਛਲੇ ਪੰਦਰਾਂ ਦਿਨਾਂ ਤੋਂ ਮੁੱਲ ਦਾ ਪਾਣੀ ਪੀਣ ਤੇ ਪਿੰਡ ਦੀ ਜਲ ਸਪਲਾਈ ਯੋਜਨਾ ਦੀ ਟਿਊਬਵੈੱਲ ਆਪ੍ਰਰੇਟਰ ਦੀਆਂ ਆਪ ਹੁਦਰੀਆਂ ਤੋਂ ਅੌਖੇ ਪਿੰਡ ਵਾਸੀਆਂ ਨੇ ਪਿੰਡ 'ਚ ਨਾਅਰੇਬਾਜ਼ੀ ਕੀਤੀ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਠੀਕ ਕਰਨ ਲਈ ਸਬੰਧਤ ਵਿਭਾਗ ਨੂੰ ਗੁਹਾਰ ਲਾਈ। ਪਿੰਡ ਚੱਕ ਕਟਾਰੂ ਦੇ ਪੰਚ ਹਰਜਿੰਦਰ ਸਿੰਘ ਬਾਵਾ, ਕਮਲਾ ਦੇਵੀ, ਗੁਰਮੇਜ਼ ਕੌਰ, ਊਸ਼ਾ ਰਾਣੀ, ਬਿੰਦੂ, ਮਨਜੀਤ ਕੌਰਆਕਾਸ਼ਦੀਪ ਸਿੰਘ, ਤਮੰਨਾ, ਅਮਨ, ਗਿਆਨ ਕੌਰ, ਅਮਰਜੀਤ ਕੌਰ, ਦਿਲਬਾਗ ਸਿੰਘ, ਸਤਨਾਮ ਸਿੰਘ, ਕਰਨ, ਪਰਮਜੀਤ ਸਿੰਘ ਪੰਮਾ, ਓਂਕਾਰ ਸਿੰਘ ਨੇ ਪਿੰਡ 'ਚ ਹੀ ਨਾਅਰੇਬਾਜ਼ੀ ਕਰਦੇ ਹੋਏ ਦੱਸਿਆ ਕਿ ਪਿੰਡ ਦੇ ਪੀਣ ਵਾਲੇ ਪਾਣੀ ਦੀ ਜਲ ਸਪਲਾਈ ਯੋਜਨਾ 'ਤੇ ਕੰਮ ਕਰਦੇ ਅਪਰੇਟਰ ਦੀ ਮੌਤ ਤੋਂ ਬਾਅਦ ਉਸ ਦੀ ਪਤਨੀ ਨੂੰ ਤਰਸ ਦੇ ਆਧਾਰ 'ਤੇ ਨੌਕਰੀ 'ਤੇ ਰੱਖ ਦਿੱਤਾ ਸੀ, ਪਰ ਉਸ ਵੱਲੋਂ ਪਾਣੀ ਨਾ ਛੱਡਣ ਕਾਰਨ ਪਿੰਡ ਦੀ ਉੱਚੇ ਪਾਸੇ ਵਾਲੀ ਆਬਾਦੀ 'ਚ ਪਿਛਲੇ ਪੰਦਰਾਂ ਦਿਨਾਂ ਤੋਂ ਪਾਣੀ ਨਹੀਂ ਆ ਰਿਹਾ। ਉਨ੍ਹਾਂ ਦੱਸਿਆ ਕਿ ਜਦੋਂ ਉਹ ਆਪ੍ਰਰੇਟਰ ਸੀਮਾ ਰਾਣੀ ਨਾਲ ਗੱਲ ਕਰਦੇ ਹਨ ਤਾਂ ਉਹ ਉਨ੍ਹਾਂ ਨਾਲ ਝਗੜਦੀ ਹੈ ਤੇ ਉਨ੍ਹਾਂ ਦੀਆਂ ਬੇਨਤੀਆਂ ਨੂੰ ਦਰਕਿਨਾਰ ਕਰਦੀ ਹੈ।

ਉਨ੍ਹਾਂ ਦੱਸਿਆ ਕਿ ਉਹ ਪਿਛਲੇ ਪੰਦਰਾਂ ਦਿਨਾਂ ਤੋਂ ਰੋਜ਼ਾਨਾ ਹੀ ਪੱਲਿਓ ਪੈਸੇ ਪਾ ਕੇ 600 ਰੁਪਏ ਦਾ ਪਾਣੀ ਦਾ ਟੈਂਕਰ ਹਰ ਰੋਜ਼ ਮੰਗਵਾ ਕੇ ਆਪਣਾ ਕੰਮ ਚਲਾ ਰਹੇ ਹਨ ਅਤੇ ਪੀਣ ਵਾਲੇ ਪਾਣੀ ਦਾ ਗੁਜਾਰਾ ਕਰ ਰਹੇ ਹਨ ਜਦਕਿ ਬਾਕੀ ਕੰਮਾਂ ਲਈ ਉਨ੍ਹਾਂ ਨੂੰ ਆਸ-ਪਾਸ ਦੇ ਨਜ਼ਦੀਕੀ ਸਿੰਚਾਈ ਵਾਲੇ ਟਿਊਬਵੈੱਲਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਉਨ੍ਹਾਂ ਇਸ ਮੌਕੇ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਟਿਊਬਵੈੱਲ ਆਪ੍ਰਰੇਟਰ ਨੂੰ ਬਦਲਣ ਦੀ ਵੀ ਮੰਗ ਕੀਤੀ।

ਇਸ ਸਬੰਧੀ ਸੀਮਾਂ ਰਾਣੀ ਨਾਲ ਗਲ ਕੀਤੀ ਤਾਂ ਉਹ ਕੁੱਝ ਨਾ ਕਹਿ ਸਕੀ ਤੇ ਕੋਈ ਵੀ ਤਸੱਲੀਬਖ਼ਸ਼ ਉੱਤਰ ਨਾ ਦੇ ਸਕੀ।

-ਜਲਦ ਹੀ ਪੰਚਾਇਤ ਮੀਟਿੰਗ 'ਚ ਇਸ ਦਾ ਹੱਲ ਹੋ ਜਾਵੇਗਾ : ਸਰਪੰਚ

ਇਸ ਸਬੰਧੀ ਜਦੋਂ ਪਿੰਡ ਦੀ ਸਰਪੰਚ ਪਵਨਦੀਪ ਕੌਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਸੀਮਾ ਰਾਣੀ ਨੂੰ ਕਈ ਵਾਰ ਸਮਝਾਇਆ ਹੈ। ਤਰਸ ਦੇ ਆਧਾਰ 'ਤੇ ਇਸ ਨੂੰ ਰੱਖਿਆ ਗਿਆ ਸੀ। ਇਸ ਦੀਆਂ ਸ਼ਿਕਾਇਤਾਂ ਬਹੁਤ ਆ ਰਹੀਆਂ ਹਨ। ਜਲਦ ਹੀ ਪੰਚਾਇਤ ਮੀਟਿੰਗ ਬੁਲਾ ਕੇ ਇਸ ਦਾ ਹੱਲ ਕਰ ਦਿੱਤਾ ਜਾਵੇਗਾ।