ਲਖਵਿੰਦਰ ਸੋਨੂੰ, ਨਵਾਂਸ਼ਹਿਰ : ਆਪਣੀਆਂ ਸੇਵਾਵਾਂ ਨੂੰ ਰੈਗੂਲਰ ਕਰਵਾਉਣ ਲਈ ਫਾਰਮਾਸਿਸਟਾਂ ਅਤੇ ਦਰਜਾ ਚਾਰ ਮੁਲਾਜ਼ਮਾਂ ਵੱਲੋਂ ਪੰਜਾਬ ਭਰ 'ਚ ਜ਼ਿਲ੍ਹਾ ਪੱਧਰਾਂ 'ਤੇ ਲਗਾਇਆ ਧਰਨਾ ਅੱਜ 25ਵੇਂ ਦਿਨ ਵਿਚ ਸ਼ਾਮਿਲ ਹੋ ਗਿਆ ਹੈ। ਕੋਈ ਸੁਣਵਾਈ ਨਾ ਹੋਣ ਕਰਕੇ ਅੱਜ ਜ਼ਿਲ੍ਹਾ ਪ੍ਰਰੀਸ਼ਦ ਦਫ਼ਤਰ ਵਿਖੇ ਇਕੱਤਰ ਹੋਏ ਫਾਰਮਾਸਿਸਟਾਂ ਵੱਲੋਂ ਸਰਕਾਰ 'ਤੇ ਵਰਦਿਆਂ ਦੱਸਿਆ ਕਿ ਰੂਰਲ ਫਾਰਮੇਸੀ ਅਫ਼ਸਰ ਐਸੋਸੀਏਸ਼ਨ ਜ਼ਿਲ੍ਹਾ ਪ੍ਰਧਾਨ ਰਵੀਸ਼ ਕੁਮਾਰ ਨੇ ਕੈਪਟਨ ਸਰਕਾਰ ਨੂੰ ਸਿਰਫ ਫੇਸਬੁੱਕ 'ਤੇ ਲਾਈਵ ਹੋ ਕੇ ਵਾਅਦੇ ਪੂਰੇ ਕਰਨ ਤੱਕ ਸੀਮਤ ਮੁੱਖ ਮੰਤਰੀ ਦੱਸਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਗਰਾਊਂਡ ਰਿਐਲਿਟੀ ਨੂੰ ਸ਼ਾਇਦ ਬਾਹਰ ਆ ਕੇ ਨਹੀਂ ਦੇਖ ਪਾ ਰਹੇ ਠੀਕ ਅਜਿਹਾ ਵਤੀਰਾ ਹੀ ਮੰਤਰੀਆਂ ਵੱਲੋਂ ਅਪਣਾਇਆ ਜਾ ਰਿਹਾ ਹੈ, ਜਿਸ ਦੇ ਚਲਦਿਆਂ ਕੋਰੋਨਾ ਮਹਾਮਾਰੀ 'ਚ ਫ਼ਰੰਟ ਕਤਾਰ 'ਤੇ ਸੇਵਾਵਾਂ ਨਿਭਾ ਰਹੇ ਫਾਰਮਾਸਿਸਟ ਪਿਛਲੇ ਲਗਪਗ ਇਕ ਮਹੀਨੇ ਤੋਂ ਆਪਣੀ ਰੈਗੂਲਰ ਸਰਵਿਸ ਦੀ ਮੰਗ ਲਈ ਹੜਤਾਲ ਕਰਨ ਲਈ ਮਜ਼ਬੂਰ ਹਨ ਪਰ ਪੰਚਾਇਤ ਮੰਤਰੀ ਇਸ ਮਾਮਲੇ ਨੂੰ ਲੈ ਕੇ ਕਿੰਨੇ ਕੁ ਗੰਭੀਰ ਹਨ। ਇਹ ਅੱਜ 25ਵੇਂ ਦਿਨ 'ਚ ਸ਼ਾਮਲ ਹੋਏ ਧਰਨੇ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ, ਹੁਣ ਦੀ ਘੜੀ ਮੁੱਖ ਮੰਤਰੀ ਵੱਲੋਂ 2 ਸਾਲ ਪਹਿਲਾਂ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਬਣਾਈ ਗਈ ਸਬ ਕੈਬਨਿਟ ਕਮੇਟੀ ਨੂੰ ਮੁੜ ਤੋਂ ਉਜ਼ਾਗਰ ਕਰਕੇ ਫੇਸਬੁੱਕ ਅਤੇ ਟੀਵੀ ਚੈੱਨਲ 'ਤੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਬਾਰੇ ਕਿਹਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਬ ਕੈਬਨਿਟ ਕਮੇਟੀ ਪਿਛਲੇ ਢਾਈ ਸਾਲਾਂ 'ਚ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਏਜੰਡਾ ਕੈਬਿਨਟ ਨੂੰ ਪੇਸ਼ ਨਹੀਂ ਕਰ ਸਕੀ, ਉਹ ਹੁਣ ਕੀ ਕਰੇਗੀ। ਇਸ ਮੌਕੇ ਫਾਰਮੇਸੀ ਅਫ਼ਸਰ ਰਾਹੁਲ ਚੋਪੜਾ, ਰਣਧੀਰ ਸਿੰਘ, ਸੁਨੀਲ ਸਿੱਧੂ, ਚਰਨਜੀਤ, ਸੁਖਦੇਵ ਸਿੰਘ, ਗੁਰਨੇਕ, ਸੁਨੀਤਾ, ਮਨਜੀਤ ਕੌਰ, ਸੰਦੀਪ ਕੌਰ, ਸੁਰਿੰਦਰ ਕੌਰ ਅਤੇ ਦਰਜਾ ਚਾਰ ਜੋਗਿੰਦਰ ਕੌਰ, ਦਵਿੰਦਰ ਕੁਮਾਰ, ਯਸ਼ਵੀਰ, ਦੀਵਾਨ ਚੰਦ, ਮਨਜੀਤ ਆਦਿ ਵੀ ਹਾਜ਼ਰ ਸਨ।