ਦਲਵਿੰਦਰ ਸਿੰਘ ਮਨੌਚਾ, ਗੜ੍ਹਸ਼ੰਕਰ : ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ (ਡੀਐੱਮਐੱਫ) ਦੇ ਸੂਬਾ ਪੱਧਰੀ ਸੱਦੇ 'ਤੇ ਜ਼ਿਲ੍ਹਾ ਇਕਾਈ ਹੁਸ਼ਿਆਰਪੁਰ ਨੇ ਸਥਾਨਕ ਗਾਂਧੀ ਪਾਰਕ 'ਚ ਰੈਲੀ ਕਰਨ ਤੋਂ ਬਾਅਦ ਸ਼ਹਿਰ 'ਚ ਰੋਸ ਮਾਰਚ ਕਰਕੇ ਨੰਗਲ ਚੌਕ 'ਚ ਡੀਟੀਐੱਫ, ਮਿਡ-ਡੇਅ ਮੀਲ ਵਰਕਰ ਯੂਨੀਅਨ ਤੇ ਆਸ਼ਾ ਵਰਕਰ ਯੂਨੀਅਨ ਦੇ ਵਰਕਰਾਂ ਵੱਲੋਂ ਮੁਕੇਸ਼ ਗੁਜਰਾਤੀ ਦੀ ਅਗਵਾਈ 'ਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਡੀਟੀਐੱਫ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਡਾਨਸੀਵਾਲ ਤੇ ਹੰਸ ਰਾਜ ਗੜ੍ਹਸ਼ੰਕਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀਆਂ ਵਾਜਬ ਤੇ ਜਾਇਜ਼ ਮੰਗਾਂ ਪ੍ਰਤੀ ਸਾਜਿਸ਼ੀ ਚੁੱਪ ਧਾਰੀ ਹੋਈ ਹੈ ਤੇ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ਸ਼ੀਲ ਆਸ਼ਾ, ਮਲਟੀਪਰਪਜ਼ ਹੈਲਥ ਵਰਕਰਾਂ ਤੇ ਲੋਕ ਆਗੂਆਂ 'ਤੇ ਪੁਲਿਸ ਪਰਚੇ ਦਰਜ ਕਰਕੇ ਉਨ੍ਹਾਂ ਦੀ ਆਵਾਜ਼ ਦਬਾਉਣਾ ਚਾਹੁੰਦੀ ਹੈ। ਆਗੂਆਂ ਨੇ ਕਿਹਾ ਕਿ ਆਸ਼ਾ, ਮਿਡ-ਡੇਅ ਮੀਲ ਵਰਕਰਾਂ, ਵਲੰਟੀਅਰਾਂ ਤੇ ਹੋਰ ਮੁਲਾਜ਼ਮਾਂ ਨੂੰ ਗਰੇਡ ਨਾ ਦੇ ਕੇ ਨਿਗੂਣਿਆਂ ਭੱਤਿਆਂ 'ਤੇ ਕੰਮ ਕਰਨ ਲਈ ਮਜਬੂਰ ਕੀਤਾ ਹੋਇਆ ਹੈ, ਛੇਵੇਂ ਪੇਅ ਕਮਿਸ਼ਨ ਦੀ ਰਿਪੋਰਟ ਜਾਰੀ ਨਹੀਂ ਕੀਤੀ ਜਾ ਰਹੀ ਸਗੋਂ ਇਸ ਨੂੰ 31 ਦਸੰਬਰ 2020 ਤਕ ਅੱਗੇ ਪਾ ਦਿੱਤਾ ਹੈ। ਦੱਸਣਯੋਗ ਹੈ ਕਿ ਮੁਲਾਜ਼ਮਾਂ ਦਾ ਪੇਅ ਕਮਿਸ਼ਨ ਜਨਵਰੀ 2016 ਤੋਂ ਪੈਂਡਿੰਗ ਪਿਆ ਹੈ।ਡੀਏ ਦੀਆਂ ਕਿਸ਼ਤਾਂ ਜਾਰੀ ਨਹੀਂ ਕੀਤੀਆਂ ਜਾ ਰਹੀਆਂ, 158 ਮਹੀਨਿਆਂ ਦਾ ਮੁਲਾਜ਼ਮਾਂ ਦਾ ਡੀਏ ਦਾ ਕਰੋੜਾਂ ਰੁਪਿਆ ਪੰਜਾਬ ਸਰਕਾਰ ਵੱਲ ਬਕਾਇਆ ਪਿਆ ਹੈ,ਜਨਵਰੀ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਪ੍ਰਣਾਲੀ ਤੋਂ ਬਾਹਰ ਕੀਤਾ ਹੋਇਆ ਹੈ, ਇੱਕ ਮਾਰਚ 2020 ਤੋਂ ਉਜਰਤਾਂ ਦੇ ਮਾਮੂਲੀ ਵਾਧੇ ਵਾਲਾ ਪੱਤਰ ਵੀਂ ਰੱਦ ਕਰ ਦਿੱਤਾ ਗਿਆ ਹੈ।ਵੱਖ ਵੱਖ ਵਿਭਾਗਾਂ ਵਿੱਚ ਕੰਮ ਕਰ ਰਹੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ, ਜੰਗਲਾਤ ਵਰਕਰ ਤਾਂ ਦਸ ਸਾਲਾਂ ਤੋਂ ਵੀ ਵੱਧ ਸਮੇਂ ਤੋਂ ਪੱਕੇ ਹੋਣ ਦੀ ਉਡੀਕ ਕਰ ਰਹੇ ਹਨ।ਆਸ਼ਾ ਵਰਕਰਜ਼ ਯੂਨੀਅਨ ਦੀ ਆਗੂ ਕੁਲਦੀਪ ਕੌਰ ਨੇ ਕਿਹਾ ਕਿ ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਅਤੇ ਮਿਡ ਡੇ ਮੀਲ ਵਰਕਰਾਂ ਨੂੰ ਬਹੁਤ ਹੀ ਨਿਗੂਣੇ ਭੱਤੇ ਦਿੱਤੇ ਜਾ ਰਹੇ ਹਨ।ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਕੋਵਿਡ-19 ਵਿਰੁੱਧ ਲੜਾਈ ਮੂਹਰਲੀਆਂਂ ਸਫ਼ਾਂ ਵਿੱਚ ਹੋ ਕੇ ਲੜ ਰਹੀਆਂ ਹਨ ਪਰ ਉਨ੍ਹਾਂ ਨੂੰ ਘਰ ਘਰ ਸਰਵੇ ਦੇ ਸਿਰਫ ਚਾਰ ਰੁਪਏ ਹੀ ਦਿੱਤੇ ਜਾ ਰਹੇ ਹਨਸਰਕਾਰੀ ਅਦਾਰਿਆਂ ਨੂੰ ਕੌਡੀਆਂ ਦੇ ਭਾਅ ਵੇਚਣ ਦੀ ਲੜੀ ਵਜੋਂ ਬਠਿੰਡਾ ਥਰਮਲ ਪਲਾਂਟ ਬੰਦ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਦਾ ਪੁਤਲਾ ਫੂਕ ਰੋਸ ਪ੍ਰਦਰਸ਼ਨ ਕਰਦਿਆਂ ਆਗੂਆਂ ਵਿਜੇ ਕੁਮਾਰ ਭੱਟੀ, ਹਰਿੰਦਰ ਸਿੰਘ ਅਤੇ ਜਸਪਾਲ ਸਿੰਘ ਸ਼ੌਕੀ ਨੇ ਸਰਕਾਰ ਤੋਂ ਪੇਅ ਕਮਿਸ਼ਨ ਦੀ ਰਿਪੋਰਟ ਤੁਰੰਤ ਰਿਲੀਜ਼ ਕਰਨ, ਡੀਏ ਦੇ ਬਕਾਏ ਜਾਰੀ ਕਰਨ, ਪੁਰਾਣੀ ਪੈਨਸ਼ਨ ਪ੍ਰਣਾਲੀ ਬਹਾਲ ਕਰਨ, ਇੱਕ ਮਾਰਚ ਦਾ ਪੱਤਰ ਮੁੜ ਜਾਰੀ ਕਰਨ , ਵੱਖ ਵੱਖ ਵਿਭਾਗਾਂ 'ਚ ਕੰਮ ਕਰ ਰਹੇ ਕੱਚੇ ਮੁਲਾਜ਼ਮ ਪੱਕੇ ਕਰਨ, ਆਸ਼ਾ ਵਰਕਰ ਅਤੇ ਮਿਡ ਡੇ ਮੀਲ ਵਰਕਰਾਂ ਤੇ ਘੱਟੋ ਘੱਟ ਉਜਰਤ ਕਾਨੂੰਨ ਲਾਗੂ ਕਰਨ ਸਮੇਤ ਸਰਕਾਰ ਨੂੰ ਭੇਜੇ ਹੋਏ ਮੰਗ ਪੱਤਰ ਵਿੱਚ ਦਰਜ ਮੰਗਾਂ ਪੂਰੀਆਂ ਕਰਨ ਲਈ ਜ਼ੋਰ ਪਾਇਆ। ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨਾ ਮੰਨੀਆਂ ਤੇ ਦਰਜ ਕੀਤੇ ਪੁਲਿਸ ਪਰਚੇ ਨਾ ਰੱਦ ਕੀਤੇ ਤਾਂ ਸਰਕਾਰ ਨੂੰ ਭਾਰੀ ਲੋਕ ਰੋਹ ਦਾ ਸਾਹਮਣਾ ਕਰਨਾ ਪਵੇਗਾ। ਇਸ ਮੌਕੇ ਸੱਤਪਾਲ ਚੱਕਫੁੱਲੂ ,ਹਰਮੇਸ਼ ਭਾਟੀਆ, ਮਨਜੀਤ ਬੰਗਾ, ਕਰਨੈਲ ਸਿੰਘ, ਰਾਜੇਸ਼ ਕੁਮਾਰ ਅਮਰਜੀਤ ਬੰਗੜ, ਜਰਨੈਲ ਸਿੰਘ ,ਹਰਪਿੰਦਰ ਸਿੰਘ ਬਲਜੀਤ ਸਿੰਘ ਵਿਨੈ ਕੁਮਾਰ ਜਤਿੰਦਰ ਕੁਮਾਰ,ਜਗਦੀਪ ਕੁਮਾਰ ਸੰਦੀਪ ਕੁਮਾਰ ਗੁਰਮੇਲ ਸਿੰਘ ਸੁਖਬੀਰ ਸਿੰਘ ਦਲਜੀਤ ਸਿੰਘ, ਨਰਿੰਦਰ ਕੁਮਾਰ, ਆਸ਼ਾ ਵਰਕਰ ਆਗੂ ਗੁਰਪਾਲ ਕੌਰ, ਕਮਲਾ ਦੇਵੀ, ਰਜਨੀ ਬਾਲਾ ਤੇ ਮਿਡਡੇ ਮੀਲ ਵਰਕਰ ਯੂਨੀਅਨ ਤੋਂ ਸੁਨੀਤਾ ਰਾਣੀ , ਹਰਬੰਸ ਕੌਰ, ਮਨਜੀਤ ਕੌਰ, ਕਮਲਜੀਤ ਕੌਰ, ਊਸ਼ਾ ਰਾਣੀ, ਕਮਲੇਸ਼ ਕੌਰ, ਬਲਵਿੰਦਰ ਕੁਮਾਰੀ, ਰੀਨਾ, ਪੂਜਾ, ਕਮਲਾ ਦੇਵੀ, ਨੀਲਮ ਦੇਵੀ, ਅਮਰਜੀਤ ਕੌਰ, ਸੱਤਿਆ ਦੇਵੀ ਬਲਵਿੰਦਰ ਕੌਰ ਆਦਿ ਹਾਜ਼ਰ ਸਨ।