ਦਲਵਿੰਦਰ ਸਿੰਘ ਮਨੌਚਾ, ਗੜ੍ਹਸ਼ੰਕਰ : ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਗੜ੍ਹਸ਼ੰਕਰ ਵਲੋਂ ਦਰਸ਼ਨ ਸਿੰਘ ਮੱਟੂ ਪ੍ਰਧਾਨ, ਰਣਜੀਤ ਸਿੰਘ ਬੰਗਾ ਸਕੱਤਰ, ਸੁਭਾਸ਼ ਮੱਟੂ ਸਰਪ੍ਰਸਤ ਦੀ ਅਗਵਾਈ 'ਚ ਨਾਇਬ ਤਹਿਸੀਲਦਾਰ ਧਰਮਿੰਦਰ ਕੁਮਾਰ ਨੂੰ ਸ਼ਹੀਦ ਭਗਤ ਸਿੰਘ ਸਮਾਰਕ ਬੱਸ ਸਟੈਂਡ ਗੜ੍ਹਸ਼ੰਕਰ ਵਿਖੇ ਗਿੱਲਾ ਕੂੜਾ ਸੁੱਟਣ ਵਿਰੁੱਧ ਮੰਗ ਪੱਤਰ ਦਿੱਤਾ ਗਿਆ। ਮੱਟੂ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਸਮਾਰਕ ਵਿਚ ਬੈਠਣ ਵਾਲੇ ਦੁਰਗੰਧ, ਮੱਖੀਆਂ ਦਾ ਸ਼ਿਕਾਰ ਹੁੰਦੇ ਹਨ, ਇੱਥੇ ਗਲੀਆਂ, ਸੜੀਆਂ ਕੱਚੀਆਂ ਸਬਜ਼ੀਆਂ, ਸੜਿਆ ਫਲ, ਗਿੱਲਾ ਕੂੜਾ ਸੁੱਟਿਆ ਜਾਂਦਾ ਹੈ। ਇਹ ਸ਼ਹੀਦਾਂ ਦੀ ਬੇਅਦਬੀ, ਲੋਕਾਂ ਦੀ ਸਿਹਤ ਨਾਲ ਖਿਲਵਾੜ ਹੈ। ਬੱਸ ਸਟੈਂਡ ਤੋਂ ਵੱਖ-ਵੱਖ ਪਿੰਡਾਂ ਨੂੰ ਬੱਸਾਂ, ਟੈਂਪੂ, ਕਾਰਾਂ ਚੱਲਦੀਆਂ ਹਨ। ਨਜ਼ਦੀਕ ਹੀ ਡੀਐੱਸਪੀ ਗੜ੍ਹਸ਼ੰਕਰ ਦਾ ਦਫ਼ਤਰ ਹੈ, ਜਿੱਥੇ ਰੋਜਾਨਾ ਕਈ ਲੋਕ ਆਪਣੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਆਉਂਦੇ ਹਨ। ਇਸ ਲਈ ਇਥੇ ਗਿੱਲਾ ਕੂੜਾ ਸੁੱਟਣਾ ਬੰਦ ਕੀਤਾ ਜਾਵੇ। ਆਗੂਆਂ ਕਿਹਾ ਕਿ ਬੀਡੀਪੀਓ ਦਫ਼ਤਰ ਨਵੀਂ ਇਮਾਰਤ 'ਚ ਤਬਦੀਲ ਹੋ ਗਿਆ ਹੈ, ਪਰ ਦੇਸ਼ ਭਗਤਾਂ ਦੇ ਨਾਮ ਦੀ ਸਿੱਲ ਪੁਰਾਣੀ ਬਿਲਡਿੰਗ 'ਚ ਅਣਗੌਲਿਆ ਖੜ੍ਹੀ ਹੈ। ਜਿਹੜੇ ਦੇਸ਼ ਭਗਤਾਂ ਨੇ ਸਾਡਾ ਦੇਸ਼ ਆਜ਼ਾਦ ਕਰਵਾਇਆ, ਉਨ੍ਹਾਂ ਦੀ ਯਾਦਗਾਰ ਅਣਗੋਲੀ ਤਰਸਯੋਗ ਹਾਲਤ 'ਚ ਖੜ੍ਹੀ ਹੈ। ਇਹ ਦੇਸ਼ ਭਗਤਾਂ ਦੀ ਸਿੱਲ ਨਵੇਂ ਦਫ਼ਤਰ ਗੇਟ ਕੋਲ ਸਥਾਪਤ ਕੀਤੀ ਜਾਵੇ ਤਾਂ ਕਿ ਬੀਡੀਪੀਓ ਦਫ਼ਤਰ ਆਉਣ ਵਾਲੇ ਲੋਕ ਦੇਸ਼ ਭਗਤਾਂ ਨੂੰ ਸ਼ਰਧਾ ਭੇਟ ਕਰ ਸਕਣ। ਉਨ੍ਹਾਂ ਕਿਹਾ ਕਿ ਜੇਕਰ ਜੇ ਇਹ ਉਪਰੋਕਤ ਮਸਲੇ ਜਲਦੀ ਹੱਲ ਨਾ ਹੋਏ ਤਾਂ ਉਹ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਗੜ੍ਹਸ਼ੰਕਰ ਵਲੋਂ ਸੰਘਰਸ਼ ਕਰਨ ਲਈ ਮਜ਼ਬੂਰ ਹੋਵਾਂਗੇ। ਇਸ ਮੌਕੇ ਰੌਕੀ ਮੋਲਾ, ਅਜੀਤ ਸਿੰਘ ਥਿੰਦ, ਹਰਭਜਨ ਸਿੰਘ ਅਟਵਾਲ, ਕੈਪਟਨ ਕਰਨੈਲ ਸਿੰਘ, ਗੁਰਦਿਆਲ ਸਿੰਘ ਭਨੋਟ, ਹੈਪੀ ਸਾਧੋਵਾਲ,ਹਰਪਾਲ ਸਿੰਘ ਮੱਟੂ, ਕਰਨ ਸੰਘਾ, ਸੰਦੀਪ ਗੰਗੜ ਆਦਿ ਹਾਜ਼ਰ ਸਨ।