ਹਰਵਿੰਦਰ ਭੁੰਗਰਨੀ, ਮੇਹਟੀਆਣਾ : ਵਿਧਾਇਕ ਚੱਬੇਵਾਲ ਡਾ. ਰਾਜ ਕੁਮਾਰ ਕੋਰੋਨਾ ਵਾਇਰਸ ਦੇ ਸਮੂਦਾਇਕ ਪ੍ਰਸਾਰ ਦੇ ਮੰਡਰਾਉਂਦੇ ਖਤਰੇ ਦੇ ਮੱਦੇਨਜ਼ਰ ਆਪਣੇ ਹਲਕੇ ਵਿੱਚ ਵੱਖ-ਵੱਖ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ ਹਨ ਅਤੇ ਪ੍ਰਬੰਧ ਹੋਰ ਮਜਬੂਤ ਕਰਨ ਲਈ ਕਦਮ ਚੁੱਕ ਰਹੇ ਹਨ। ਇਸੀ ਕੜੀ ਵਿਚ ਉਨ੍ਹਾਂ ਨੇ ਹਾਰਟਾ-ਬਡਲਾ ਪੀ.ਐਚ.ਸੀ. (ਪ੍ਰਰਾਇਮਰੀ ਹੈਲਥ ਕੇਅਰ) ਹਸਪਤਾਲ ਦਾ ਅਚਨਚੇਤ ਦੌਰਾ ਕੀਤਾ। ਇਸ ਦੌਰੇ ਤਹਿਤ ਡਾ. ਰਾਜ ਨੇ ਹਸਪਤਾਲ ਦੇ ਐਸਐਮਓ ਸੁਨੀਲ ਅਹੀਰ ਤੇ ਸਮੂਹ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ ਨਾਲ ਆਪਾਤ ਬੈਠਕ ਕੀਤੀ। ਉਨ੍ਹਾਂ ਤੋਂ ਹਸਪਤਾਲ ਦੇ ਪ੍ਰਬੰਧਾਂ ਦਾ ਵੇਰਵਾ ਲਿਆ ਅਤੇ ਉਨ੍ਹਾਂ ਦੇ ਦਰਪੇਸ਼ ਸਮੱਸਿਆਵਾਂ ਦੀ ਵੀ ਜਾਣਕਾਰੀ ਲਈ। ਡਾ. ਅਹੀਰ ਨੇ ਦੱਸਿਆ ਕਿ ਆਮ ਮਾਸਕ ਤਾਂ ਟੀਮ ਕੋਲ ਹਨ ਪਰ ਐਨ-95 ਮਾਸਕ ਮੈਡੀਕਲ ਸਟਾਫ ਕੋਲ ਹੋਣ ਤਾਂ ਬਿਹਤਰ ਹੈ। ਇਸ ਤੇ ਵਿਧਾਇਕ ਡਾ. ਰਾਜ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਦੋ ਦਿਨਾਂ ਤੱਕ ਸੰਪੂਰਣ ਪੀ.ਪੀ.ਈ. (ਨਿਜੀ ਸੁਰੱਖਿਆ ਉਪਕਰਣ) ਕਿੱਟਾਂ ਉਹ ਖੁਦ ਮੁਹੱਈਆ ਕਰਵਾ ਕੇ ਦੇਣਗੇ। ਇਹਨਾਂ ਕਿੱਟਾਂ ਵਿੱਚ ਐਨ-95 ਮਾਸਕ ਦੇ ਨਾਲ-ਨਾਲ ਸੇਫਟੀ ਗੋਗਲ, ਦਸਤਾਨੇ, ਸ਼ੂ-ਕਵਰ ਅਤੇ ਖਾਸ ਬਾਡੀ-ਸੂਟ (ਪੂਰੇ ਸ਼ਰੀਰ ਨੂੰ ਢੱਕਣ ਵਾਲੀ ਵਰਦੀ) ਵੀ ਹੋਵੇਗੀ। ਇਸ ਆਪਾਤਕਾਲੀਨ ਮੀਟਿੰਗ ਵਿਚ ਪੀਡਬਲਿਊਡੀ, ਫੂਡ ਕਾਰਪੋਰੇਸ਼ਨ ਅਤੇ ਬਿਜਲੀ ਵਿਭਾਗ ਦੇ ਅਫ਼ਸਰ ਵੀ ਮੌਜੂਦ ਸਨ ਅਤੇ ਡਾ. ਰਾਜ ਨੇ ਹਰ ਵਿਭਾਗ ਨਾਲ ਸੰਬੰਧਿਤ ਜਾਣਕਾਰੀ ਲਈ। ਇਸ ਮੌਕੇ ਡਾ. ਰਾਜ ਨੇ ਆਈਸੋਲੇਸ਼ਨ ਵਾਰਡ ਚੈੱਕ ਕੀਤਾ ਤੇ ਵਧੀਆ ਪ੍ਰਬੰਧਨ ਲਈ ਸਮੂਹ ਸਟਾਫ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਤੱਸਲੀਬਖਸ਼ ਹੈ ਕਿ ਅਜੇ ਤੱਕ ਚੱਬੇਵਾਲ ਹਲਕੇ ਵਿੱਚ ਕੋਈ ਪੌਜ਼ਿਟਿਵ ਜਾਂ ਸ਼ੱਕੀ ਕੋਰੋਨਾ ਮਰੀਜ਼ ਨਹੀਂ ਹੈ। ਡਾ. ਰਾਜ ਨੇ ਕਿਹਾ ਕਿ ਕਿਸੇ ਵੀ ਸੰਭਾਵਨਾ ਨੂੰ ਨਕਾਰਿਆ ਨਹੀਂ ਜਾ ਸਕਦਾ। ਇਸ ਲਈ ਪੂਰੀ ਤਿਆਰੀ ਜਰੂਰੀ ਹੈ। ਹਲਕੇ ਵਿੱਚ ਆਏ ਐਨਆਰਆਈ ਅਤੇ ਮਰਕਜ਼ ਜਮਾਤੀ ਗੁੱਜਰ ਭਾਈਚਾਰੇ ਨੂੰ ਵੀ ਟਰੈਕ ਕੀਤਾ ਜਾ ਚੁੱਕਾ ਹੈ ਅਤੇ ਕੋਈ ਅਣਸੁਖਾਵੀਂ ਖਬਰ ਨਹੀਂ ਹੈ। ਇਸ ਮੌਕੇ ਤੇ ਡਾ. ਰਾਜ ਨੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਕੋਰੋਨਾ ਦੇ ਪ੍ਰਸਾਰ ਨੂੰ ਰੋਕਣ ਲਈ ਲਗਾਏ ਗਏ ਕਰਫਿਊ ਰੂਪੀ ਪ੍ਰਤੀਬੰਧ ਦੀ ਸ਼ਲਾਘਾ ਕੀਤੀ ਜਿਸਦੇ ਚੱਲਦੇ ਪੰਜਾਬ ਵਿੱਚ ਕੋਰੋਨਾ ਕੇਸ ਕੰਟ੍ਰੋਲ ਵਿੱਚ ਹਨ। ਉਨ੍ਹਾਂ ਹਸਪਤਾਲ ਸਟਾਫ, ਹੋਰਨਾਂ ਵਿਭਾਗਾਂ ਦੇ ਸਟਾਫ ਅਤੇ ਆਪਣੇ ਹਲਕਾ ਵਾਸੀਆਂ ਨੂੰ ਸੰਦੇਸ਼ ਦਿੱਤਾ ਕਿ ਉਹ 24 ਘੰਟੇ ਉਨ੍ਹਾਂ ਦੀ ਸੇਵਾ ਵਿੱਚ ਹਾਜ਼ਰ ਹਨ ਅਤੇ ਹਰ ਵੱਕਤ ਉਨ੍ਹਾਂ ਦੀ ਮਦਦ ਲਈ ਤੱਤਪਰ ਹਨ।