ਸੁਖਵਿੰਦਰ ਸਰਮਾਲ, ਹੁਸ਼ਿਆਰਪੁਰ : ਹੁਸ਼ਿਆਰਪੁਰ ਪੁਲਿਸ ਨੂੰ ਉਸ ਸਮੇਂ ਭਾਜੜਾਂ ਪੈ ਗਈਆਂ ਜਦੋਂ ਕੇਂਦਰੀ ਜੇਲ੍ਹ 'ਚੋਂ ਨਸ਼ਾ ਸਮੱਗਲਿੰਗ ਦੇ ਮਾਮਲੇ ਅਦਾਲਤ 'ਚ ਪੇਸ਼ ਕਰਨ ਲਈ ਲਿਆਂਦਾ ਹਵਾਲਾਤੀ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋਣ 'ਚ ਕਾਮਯਾਬ ਹੋ ਗਿਆ। ਇਸ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਦੀ ਪੁਲਿਸ ਤੇ ਡੀਐੱਸਪੀ (ਐੱਚ) ਦਲਜੀਤ ਸਿੰਘ ਖੱਖ ਮੌਕੇ 'ਤੇ ਪਹੁੰਚ ਗਏ ਤੇ ਮੁਲਜ਼ਮ ਨੂੰ ਗਿ੍ਫ਼ਤਾਰ ਕਰਨ ਲਈ ਸਖ਼ਤ ਨਿਰਦੇਸ਼ ਦਿੱਤੇ ਗਏ। ਮੁਲਜ਼ਮ ਦੀ ਭਾਲ 'ਚ ਪੁਲਿਸ ਥਾਂ-ਥਾਂ ਛਾਪੇਮਾਰੀ ਕਰ ਰਹੀ ਹੈ। ਮੁਲਜ਼ਮ ਦੀ ਪਛਾਣ ਮਨਜੀਤ ਸਿੰਘ ਚੱਪੀ ਪੁੱਤਰ ਚਰਨ ਸਿੰਘ ਵਾਸੀ ਹੰਦੋਵਾਲ ਥਾਣਾ ਚੱਬੇਵਾਲ ਦੇ ਰੂਪ 'ਚ ਹੋਈ ਹੈ।

ਮੌਕੇ 'ਤੇ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਉਕਤ ਮੁਲਜ਼ਮ ਨੂੰ ਵੱਖ-ਵੱਖ ਮਾਮਲਿਆਂ 'ਚ ਗਿ੍ਫ਼ਤਾਰ ਕੀਤਾ ਸੀ, ਜਿਸ ਨੂੰ ਵੀਰਵਾਰ ਨੂੰ ਨਸ਼ਾ ਸਮੱਗਲਿੰਗ ਦੇ ਮਾਮਲੇ 'ਚ ਐੱਸਕੇ ਸਿੰਗਲਾ ਦੀ ਅਦਾਲਤ 'ਚ ਪੇਸ਼ ਕਰਨ ਲਈ ਲਿਆਂਦਾ ਗਿਆ ਸੀ, ਜਿਸ ਨੂੰ ਅਦਾਲਤ ਵੱਲੋਂ ਅਗਲੀ ਤਰੀਕ ਪਾ ਦਿੱਤੀ ਗਈ ਸੀ। ਜਦੋਂ ਪੁਲਿਸ ਮੁਲਾਜ਼ਮ ਅਦਾਲਤ 'ਚੋਂ ਬਾਹਰ ਕੱਢ ਕੇ ਮੁਲਜ਼ਮ ਨੂੰ ਹੱਥ ਕੜੀ ਲਗਾਉਣ ਲੱਗੇ ਤਾਂ ਮੁਲਜ਼ਮ ਪੁਲਿਸ ਮੁਲਾਜ਼ਮ ਨੂੰ ਧੱਕਾ ਮਾਰ ਕੇ ਫਰਾਰ ਹੋ ਗਿਆ। ਪੁਲਿਸ ਮੁਲਾਜ਼ਮ ਨੇ ਉਸ ਦੇ ਮਗਰ ਭੱਜ ਕੇ ਉਸ ਨੂੰ ਫੜਣ ਦੀ ਕੋਸ਼ਿਸ਼ ਕੀਤੀ ਪਰ ਮੁਲਜ਼ਮ ਮੌਕੇ 'ਤੇ ਭੱਜਣ 'ਚ ਕਾਮਯਾਬ ਹੋ ਗਿਆ।

ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡੀਐੱਸਪੀ (ਐੱਸ) ਦਲਜੀਤ ਸਿੰਘ ਖੱਖ ਨੇ ਦੱਸਿਆ ਕਿ ਮੁਲਜ਼ਮ ਨੂੰ ਗਿ੍ਫ਼ਤਾਰ ਕਰਨ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਛੇਤੀ ਹੀ ਉਸ ਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਮੁਲਜ਼ਮ ਮਨਜੀਤ ਸਿੰਘ ਖ਼ਿਲਾਫ਼ ਵੱਖ-ਵੱਖ ਥਾਣਿਆਂ 'ਚ 7 ਦੇ ਕਰੀਬ ਮਾਮਲੇ ਦਰਜ ਹਨ। ਖ਼ਬਰ ਲਿਖੇ ਜਾਣ ਤਕ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਸੀ।

ਮੁਲਜ਼ਮ ਨੇ ਪਹਿਲਾਂ ਬਣਾਈ ਸੀ ਭੱਜਣ ਦੀ ਯੋਜਨਾ : ਐੱਸਐੱਚਓ

ਥਾਣਾ ਸਿਟੀ ਦੇ ਐੱਸਐੱਚਓ ਗੋਬਿੰਦਰ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਮਨਜੀਤ ਸਿੰਘ ਚੱਪੀ 'ਤੇ ਕਈ ਮਾਮਲੇ ਦਰਜ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਚੱਪੀ ਨੇ ਭੱਜਣ ਦੀ ਪਹਿਲਾਂ ਤੋਂ ਹੀ ਯੋਜਨਾ ਬਣਾਈ ਹੋਈ ਸੀ, ਜਿਸ ਦਾ ਇਕ ਸਾਥੀ ਕੋਰਟ ਦੇ ਗੇਟ 'ਚ ਮੋਟਰਸਾਈਕਲ 'ਤੇ ਖੜ੍ਹਾ ਸੀ, ਜਦੋਂ ਚੱਪੀ ਪੁਲਿਸ ਨੂੰ ਧੱਕਾ ਮਾਰ ਕੇ ਭੱਜਿਆ ਤਾਂ ਉਹ ਬਾਹਰ ਖੜ੍ਹੇ ਮੋਟਰਸਾਈਕਲ 'ਤੇ ਬੈਠ ਕੇ ਫਰਾਰ ਹੋ ਗਿਆ।

ਏਐੱਸਆਈ ਤੇ ਹੋਮਗਾਰਡ 'ਤੇ ਪਰਚਾ

ਐੱਸਐੱਚਓ ਨੇ ਦੱਸਿਆ ਕਿ ਮੌਕੇ 'ਤੇ ਡਿਊਟੀ ਦੌਰਾਨ ਲਾਪਰਵਾਹੀ ਵਰਤਣ ਵਾਲੇ ਏਐੱਸਆਈ ਵਿਜੇ ਬਾਂਸਲ ਤੇ ਹੋਮਗਾਰਡ ਪ੍ਰਗਟ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।