ਸਤਨਾਮ ਲੋਈ, ਮਾਹਿਲਪੁਰ :ਚੱਬੇਵਾਲ ਦੇ ਨਜ਼ਦੀਕੀ ਪਿੰਡ ਜੱਲੋਵਾਲ ਦੇ ਗੁਰੂ ਅਰਜਨ ਦੇਵ ਸੀਨੀਅਰ ਸੈਕੰਡਰੀ ਸਕੂਲ 'ਚ ਪੜ੍ਹਦੇ ਬਾਰ੍ਹਵੀਂ ਦੇ ਵਿਦਿਆਰਥੀ ਦੀ ਪਿ੍ਰੰਸੀਪਲ ਨੇ ਸਿਰਫ਼ ਇਸ ਗੱਲ ਤੋਂ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰ ਦਿੱਤੀ ਕਿ ਉਸ ਨੇ ਕਲਾਸ 'ਚ ਕਾਪੀ ਤੇ ਕਿਤਾਬ ਨਹੀਂ ਕੱਢੀ ਹੋਈ ਸੀ। ਜ਼ਖ਼ਮੀ ਵਿਦਿਆਰਥੀ ਨੂੰ ਸਿਵਲ ਹਸਪਤਾਲ ਮਾਹਿਲਪੁਰ ਦਾਖ਼ਲ ਕਰਵਾਇਆ ਗਿਆ ਹੈ , ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਚੱਬੇਵਾਲ ਦੀ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ।

ਸਿਵਲ ਹਸਪਤਾਲ 'ਚ ਜੇਰੇ ਇਲਾਜ ਗੁਰਪ੍ਰਰੀਤ ਸਿੰਘ ਦੀ ਮਾਤਾ ਰਣਜੀਤ ਕੌਰ, ਰਿਸ਼ਤੇਦਾਰ ਪ੍ਰਦੀਪ ਕੁਮਾਰ, ਪਰਮਜੀਤ ਕੌਰ ਤੇ ਪਿਤਾ ਕੁਲਵੰਤ ਸਿੰਘ ਨੇ ਦੱਸਿਆ ਕਿ ਉਹ ਜੱਲੋਵਾਲ ਦੇ ਗੁਰੂ ਅਰਜਨ ਦੇਵ ਸੀਨੀਅਰ ਸੈਕੰਡਰੀ ਸਕੂਲ 'ਚ ਪਿਛਲੇ ਛੇ ਸਾਲਾਂ ਤੋਂ ਪੜ੍ਹ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ ਉਹ ਬਾਰ੍ਹਵੀਂ ਜਮਾਤ 'ਚ ਪੜ੍ਹਦਾ ਹੈ। ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ ਜਦੋਂ ਉਹ ਸਕੂਲ ਤੋਂ ਵਾਪਿਸ ਘਰ ਆਇਆ ਤਾਂ ਉਸ ਦੀ ਬਾਹ 'ਤੇ ਸੱਟ ਦਾ ਨਿਸ਼ਾਨ ਦੇਖ ਕੇ ਜਦੋਂ ਲੜਕੇ ਨੂੰ ਪੁੱਿਛਆ ਤਾਂ ਉਸ ਨੇ ਦੱਸਿਆ ਕਿ ਸੱਤਵਾਂ ਪੀਰੀਅਡ ਖ਼ਤਮ ਹੁੰਦਿਆਂ ਹੀ ਉਹ ਪਿਸ਼ਾਬ ਕਰਨ ਲਈ ਬਾਹਰ ਬਣੇ ਬਾਥਰੂਮ 'ਚ ਚਲਾ ਗਿਆ। ਜਦੋਂ ਉਹ ਵਾਪਿਸ ਆਇਆ ਤਾਂ ਕਲਾਸ 'ਚ ਅਧਿਆਪਕਾ ਪੜ੍ਹਾ ਰਹੀ ਸੀ। ਉਸ ਨੇ ਦੱਸਿਆ ਕਿ ਉਹ ਅਜੇ ਆਪਣੀਆਂ ਕਿਤਾਬਾਂ ਹੀ ਕੱਢ ਰਿਹਾ ਸੀ ਇੰਨੇ ਚਿਰ ਨੂੰ ਸਕੂਲ ਦਾ ਪਿ੍ਰੰਸੀਪਲ ਸਤਨਾਮ ਸਿੰਘ ਹੱਥ 'ਚ ਡੰਡਾ ਲੈ ਕੇ ਆ ਗਿਆ ਤੇ ਬਿਨਾਂ ਕੋਈ ਗੱਲ ਕੀਤੇ ਉਸ ਦੀ ਕਿਤਾਬ ਬਾਰੇ ਪੁੱਛ ਕੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਤੋਂ ਪਹਿਲਾਂ ਕਿ ਉਹ ਕੁੱਝ ਕਹਿੰਦਾ, ਪਿ੍ਰੰਸੀਪਲ ਸਤਨਾਮ ਸਿੰਘ ਨੇ ਉਸ ਨੂੰ ਵਾਲਾਂ ਤੋਂ ਫੜ ਕੇ ਘੁੰਮਾ ਦਿੱਤਾ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਇਸ ਸਬੰਧੀ ਪਿ੍ਰੰਸੀਪਲ ਨੂੰ ਫੋਨ ਕੀਤਾ ਤਾਂ ਉਸ ਨੇ ਸਕੂਲ ਆਉਣ ਦਾ ਕਹਿ ਕੇ ਫੋਨ ਕੱਟ ਦਿੱਤਾ ਤੇ ਮੁੜ ਫੋਨ ਹੀ ਨਾ ਚੁੱਕਿਆ। ਉਨ੍ਹਾਂ ਕਿਹਾ ਕਿ ਦੇਰ ਸ਼ਾਮ ਲੜਕੇ ਨੂੰ ਉਲਟੀਆਂ ਆਉਣ ਲੱਗ ਪਈਆਂ , ਜਿਸ ਕਾਰਨ ਉਨ੍ਹਾਂ ਨੂੰ ਆਪਣੇ ਲੜਕੇ ਨੂੰ ਸਿਵਲ ਹਸਪਤਾਲ ਮਾਹਿਲਪੁਰ ਦਾਖ਼ਲ ਕਰਵਾਉਣਾ ਪਿਆ, ਜਿੱਥੇ ਡਾਕਟਰਾਂ ਨੇ ਪੰਜ ਗੰਭੀਰ ਸੱਟਾਂ ਦੀ ਪੁਸ਼ਟੀ ਕੀਤੀ ਹੈ।

ਸਿਰਫ਼ ਦੋ ਡੰਡੇ ਮਾਰੇ : ਪਿ੍ਰੰਸੀਪਲ

ਇਸ ਸਬੰਧੀ ਸਕੂਲ ਦੇ ਪਿ੍ਰੰਸੀਪਲ ਸਤਨਾਮ ਸਿੰਘ ਨੇ ਦੱਸਿਆ ਕਿ ਗੁਰਪ੍ਰਰੀਤ ਸਿੰਘ ਸ਼ਰਾਰਤੀ ਲੜਕਾ ਹੈ। ਉਹ ਅਕਸਰ ਕਲਾਸ 'ਚ ਸ਼ਰਾਰਤਾਂ ਕਰਦਾ ਰਹਿੰਦਾ ਹੈ ਤੇ ਅਧਿਆਪਕਾਂ ਨੂੰ ਤੰਗ ਕਰਦਾ ਰਹਿੰਦਾ ਹੈ। ਇਸ ਸਬੰਧੀ ਕਈ ਵਾਰ ਉਸ ਦੇ ਮਾਪਿਆਂ ਨੂੰ ਵੀ ਸੂਚਿਤ ਕੀਤਾ ਹੈ। ਬੀਤੇ ਦਿਨ ਉਹ ਕਲਾਸ 'ਚ ਹੀ ਅਧਿਆਪਕ ਦੀ ਮੌਜੂਦਗੀ 'ਚ ਸਿਰ ਵਾਹ ਰਿਹਾ ਸੀ। ਸੀਸੀਟੀਵੀ ਕੈਮਰੇ ਰਾਹੀਂ ਦੇਖ ਕੇ ਹੀ ਮੈਂ ਕਲਾਸ 'ਚ ਗਿਆ ਸੀ ਤੇ ਛੋਟੇ ਜਿਹੇ ਡੰਡੇ ਨਾਲ ਸਿਰਫ਼ ਦੋ ਡੰਡੇ ਮਾਰੇ ਸਨ।