ਜੇਐੱਨਐੱਨ, ਹੁਸ਼ਿਆਰਪੁਰ : ਜ਼ਿਲ੍ਹੇ ਦੇ ਮਾਹਿਲਪੁਰ 'ਚ ਪਾਵਰਕਾਮ ਦੇ ਇਕ ਜੂਨੀਅਰ ਇੰਜੀਨੀਅਰ ਨੇ ਦਫ਼ਤਰ 'ਚ ਖ਼ੁਦਕੁਸ਼ੀ ਕਰ ਲਈ। ਉਹ ਸਵੇਰੇ ਦਫ਼ਤਰ ਕਿਸੇ ਦੇ ਪਹੁੰਚਣ ਤੋਂ ਪਹਿਲਾਂ ਆਇਆ ਤੇ ਫਾਹਾ ਲੈ ਲਿਆ। ਹੋਰ ਮੁਲਾਜ਼ਮ ਦਫ਼ਤਰ ਪਹੁੰਚੇ ਤਾਂ ਇਸ ਦਾ ਪਤਾ ਚੱਲਿਆ। ਇਸ ਘਟਨਾ ਨਾਲ ਸਨਸਨੀ ਫੈਲ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਾਣਕਾਰੀ ਅਨੁਸਾਰ ਜੇਈ ਹਰਜਿੰਦਰ ਸਿੰਘ ਪਾਵਰਕਾਮ ਦੇ ਮਾਹਿਲਪੁਰ ਸਥਿਤ ਦਫ਼ਤਰ 'ਚ ਤਾਇਨਾਤ ਸੀ। ਉਸ ਨੇ ਮੰਗਲਵਾਰ ਨੂੰ ਆਪਣੇ ਦਫ਼ਤਰ 'ਚ ਫਾਹਾ ਲੈ ਲਿਆ। ਫਿਲਹਾਲ, ਖ਼ੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਚੱਲਿਆ ਹੈ। ਉਹ ਮਾਹਿਲਪੁਰ ਦੇ ਨਜ਼ਦੀਕੀ ਪਿੰਡ ਭਾਮ ਦਾ ਰਹਿਣ ਵਾਲਾ ਸੀ। ਉਹ ਸਵੇਰੇ ਸਾਢੇ 7 ਵਜੇ ਦੇ ਕਰੀਬ ਘਰੋਂ ਡਿਊਟੀ 'ਤੇ ਆਏ ਸਨ। ਉਹ ਸਵਾ 8 ਵਜੇ ਦੇ ਕਰੀਬ ਮਾਹਿਲਪੁਰ ਸਥਿਤ ਆਪਣੇ ਦਫ਼ਤਰ ਪਹੁੰਚੇ। ਸਵੇਰ ਹੋਣ ਕਾਰਨ ਦਫ਼ਤਰ 'ਚ ਕੋਈ ਨਹੀਂ ਸੀ।

ਇਸ ਤੋਂ ਬਾਅਦ ਹਰਜਿੰਦਰ ਸਿੰਘ ਨੇ ਆਪਣਾ ਪਰਨਾ ਪੱਖੇ ਨਾਲ ਬੰਨ੍ਹ ਕੇ ਖ਼ੁਦਕੁਸ਼ੀ ਕਰ ਲਈ। 9 ਵਜੇ ਦੇ ਕਰੀਬ ਦਫ਼ਤਰ 'ਚ ਸਾਥੀ ਮੁਲਾਜ਼ਮ ਆਏ ਤਾਂ ਦੇਖਿਆ ਕਿ ਉਸ ਦੀ ਲਾਸ਼ ਲਟਕ ਰਹੀ ਸੀ। ਮੌਕੇ 'ਤੇ ਪਹੁੰਚੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਵੇਰੇ ਹਰਜਿੰਦਰ ਸਿੰਘ ਨੇ ਘਰੋਂ ਨਿਕਲਦੇ ਸਮੇਂ ਏਨਾ ਕਿਹਾ ਸੀ ਕਿ ਉਸ ਨੂੰ ਗੁਰਦੁਆਰਾ ਸਾਹਿਬ ਵਿਖੇ ਜਿਹੜਾ ਸਿਰੋਪਾਓ ਮਿਲਿਆ ਸੀ, ਉਸ ਨੂੰ ਲਾਕਰ ਦਿਉ।

ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਸੋਚਿਆ ਕਿ ਗਰਮੀ ਦੀ ਵਜ੍ਹਾ ਨਾਲ ਪਰਨਾ ਲੈ ਜਾਣਾ ਚਾਹ ਰਹੇ ਹੋਣਗੇ। ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਹਰਜਿੰਦਰ ਸਿੰਘ ਨੇ ਮੋਬਾਈਲ ਫੋਨ ਹੋਰ ਕਾਗ਼ਜ਼ਾਤ ਨਾਲ ਸਕੂਟਰ ਦੀ ਡਿੱਕੀ 'ਚ ਰੱਖ ਦਿੱਤਾ ਸੀ ਤੇ ਮੋਬਾਈਲ ਫੋਨ ਸਵਿੱਚ ਆਫ ਸੀ। ਮਾਹਿਲਪੁਰ ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।

Posted By: Seema Anand