ਮਾਹਿਲਪੁਰ, (ਸਤਨਾਮ ਲੋਈ) : ਮਾਹਿਲਪੁਰ ਪੁਲਿਸ ਸਟੇਸ਼ਨ ਵਿਚ ਇੱਕ ਰਾਜੀਨਾਮੇ ਦੌਰਾਨ ਮਾਮਲਾ ਉਸ ਸਮੇਂ ਭੜਕ ਗਿਆ ਜਦੋਂ ਚਾਰ ਦਿਨ ਪਹਿਲਾਂ ਹੀ ਪਿੰਡ ਬੱਢੋਆਣ ਦੀ ਪੰਚਾਇਤ ਵਿਚ ਵਿਆਹੀ ਲੜਕੀ ਦਾ ਉਸ ਦੀ ਸੱਸ ਤੇ ਪਰਿਵਾਰ ਨੇ ਕੁੱਟਮਾਰ ਕਰ ਦਿੱਤਾ। ਥਾਣੇਦਾਰ ਦੀ ਹਾਜ਼ਰੀ ਵਿਚ ਹੀ ਲੜਕੀ ਤੇ ਉਸ ਦੇ ਪਰਿਵਾਰ ਤੇ ਸਹੁਰੇ ਪਰਿਵਾਰ ਨੇ ਹਮਲਾ ਕੀਤਾ। ਇਨਸਾਫ਼ ਨਾ ਮਿਲਦਾ ਦੇਖ ਲੜਕੀ ਤੇ ਉਸ ਦਾ ਪਰਿਵਾਰ ਸੜਕ 'ਤੇ ਆ ਗਿਆ ਤੇ ਧਰਨਾ ਦਿੱਤਾ। ਲੜਕੀ ਵਿਚਕਾਰ ਸੜਕ 'ਤੇ ਹੀ ਲਿਟ ਗਈ। ਮਾਮਲਾ ਵਿਗੜਦਾ ਦੇਖ ਪੁਲਿਸ ਨੂੰ ਹੱਥਾਂ-ਪੈਰਾਂ ਦੀ ਪੈ ਗਈ ਉਨ੍ਹਾਂ ਲੜਕਾ ਪਰਿਵਾਰ ਦੇ ਪੰਜ ਮੈਂਬਰਾਂ ਨੂੰ ਥਾਣੇ ਬੁਲਾਇਆ।

ਜਾਣਕਾਰੀ ਅਨੁਸਾਰ ਸੰਦੀਪ ਕੌਰ ਪੁੱਤਰੀ ਸੁਰਿੰਦਰ ਸਿੰਘ ਵਾਸੀ ਬੱਢੋਆਣ ਨੇ ਆਪਣੀ ਚਾਚੀ ਜਸਵਿੰਦਰ ਕੌਰ, ਪਿਤਾ ਸੁਰਿੰਦਰ ਸਿੰਘ, ਭਰਾ, ਭਾਜਪਾ ਨੇਤਾ ਅਮਰਜੀਤ ਸਿੰਘ ਭਿੰਦਾ, ਬਸਪਾ ਨੇਤਾ ਬਖ਼ਸੀਸ਼ ਸਿੰਘ ਗਾਂਧੀ, ਤੇ ਹੋਰ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿਚ ਦੱਸਿਆ ਕਿ ਪਿਛਲੇ ਛੇ ਸਾਲਾਂ ਤੋਂ ਨਜ਼ਦੀਕੀ ਪਿੰਡ ਸਰਦੁੱਲਾਪੁਰ ਦੇ ਲੜਕੇ ਜਸਕਰਨ ਸਿੰਘ ਨਾਲ ਪ੍ਰੇਮ ਸਬੰਧ ਸਨ। ਉਸ ਨੇ ਦੱਸਿਆ ਕਿ ਚਾਰ ਦਿਨ ਪਹਿਲਾਂ ਉਹ ਇੱਕ ਥਾਂ ਮਿਲਦੇ ਫ਼ੜੇ ਗਏ ਤਾਂ ਦੋਹਾਂ ਪਰਿਵਾਰਾਂ ਨੇ ਪੰਚਾਇਤ ਦੀ ਹਾਜ਼ਰੀ ਵਿਚ ਉਨ੍ਹਾਂ ਦਾ ਲ਼ਿਖਤੀ ਵਿਆਹ ਕਰਵਾ ਦਿੱਤਾ ਤੇ ਉਹ ਆਪਣੇ ਸਹੁਰਾ ਪਰਿਵਾਰ ਨਾਲ ਆ ਗਈ।

ਉਸ ਨੇ ਦੱਸਿਆ ਕਿ ਦੋ ਦਿਨ ਬਾਅਦ ਉਸ ਦੀ ਸੱਸ ਨੇ ਉਸ ਨੂੰ ਵੱਖ਼ਰਾ ਕਮਰਾ ਦੇ ਦਿੱਤਾ ਪਰ ਉਸ ਦੇ ਪਤੀ ਨੂੰ ਨਾ ਆਉਣ ਦਿੱਤਾ ਜਿਸ ਕਾਰਨ ਘਰ ਵਿਚ ਲੜਾਈ ਝਗੜਾ ਹੋ ਗਿਆ। ਉਸ ਨੇ ਦੱਸਿਆ ਕਿ ਉਸ ਦੇ ਸਹੁਰੇ ਪਰਿਵਾਰ ਨੇ ਉਸ ਦੀ ਝੂਠੀ ਸ਼ਿਕਾਇਤ ਥਾਣਾ ਮਾਹਿਲਪੁਰ ਵਿਖੇ ਕਰ ਦਿੱਤੀ। ਉਸ ਨੇ ਦੱਸਿਆ ਕਿ ਅੱਜ ਥਾਣਾ ਮਾਹਿਲਪੁਰ ਵਿਖੇ ਥਾਣੇਦਾਰ ਦਲਜੀਤ ਸਿੰਘ ਨੇ ਦੋਹਾਂ ਪਾਰਟੀਆਂ ਨੂੰ ਗਲਬਾਤ ਲਈ ਬਲਾਇਆ ਸੀ। ਉਸ ਨੇ ਦੱਸਿਆ ਕਿ ਉਹ ਅਜੇ ਗੱਲਾਂ ਹੀ ਕਰ ਰਹੇ ਸਨ ਕਿ ਉਸ ਦੀ ਸੱਸ ਨੇ ਥਾਣੇਦਾਰ ਦੀ ਹਾਜ਼ਰੀ ਵਿਚ ਹੀ ਉਸ ਦੇ ਵਾਲ ਫ਼ੜ ਕੇ ਚਪੇੜਾ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਲੋਕਾਂ ਨੇ ਉਸ ਨੂੰ ਛੁਡਾਇਆ ਤਾਂ ਥਾਣੇਦਾਰ ਨੇ ਉਸ ਦੇ ਪਤੀ ਜਸਕਰਨ ਨੂੰ ਅੰਦਰ ਭੇਜ ਦਿੱਤਾ। ਇਸ ਗੱਲ ਤੋਂ ਭੜਕੇ ਸਹੁਰੇ ਪਰਿਵਾਰ ਨੇ ਲੜਕੀ ਵਾਲਿਆਂ 'ਤੇ ਥਾਣੇ ਅੰਦਰ ਹੀ ਹਮਲਾ ਕਰ ਦਿੱਤਾ। ਦੋਹਾਂ ਧਿਰਾਂ ਨੇ ਕੁਰਸੀਆਂ ਚੁੱਕ ਲਈਆਂ ਤਾਂ ਪੀੜਿਤ ਲੜਕੀ ਅਤੇ ਉਸ ਦੇ ਮਾਪਿਆਂ ਨੇ ਥਾਣੇ ਦੇ ਬਾਹਰ ਧਰਨਾ ਦਿੱਤਾ ਤੇ ਲੜਕੀ ਸੜਕ ਦੇ ਵਿਚਕਾਰ ਲਿਟ ਗਈ। ਪੁਲਿਸ ਨੇ ਬੜੀ ਮੁਸ਼ਕਿਲ ਨਾਲ ਲੜਕੀ ਨੂੰ ਵਾਪਸ ਲਿਆਂਦਾ ਪਰ ਜਦੋਂ ਤੀਜੀ ਵਾਰ ਮਾਮਲਾ ਗਰਮਾਇਆ ਤਾਂ ਲੜਕੀ ਇਨਸਾਫ਼ ਲੈਣ ਲਈ ਫ਼ਿਰ ਸੜਕ 'ਤੇ ਆ ਗਈ। ਮਾਮਲਾ ਵਿਗੜਦਾ ਦੇਖ ਕੇ ਪੁਲਿਸ ਨੇ ਸਹੁਰੇ ਪਰਿਵਾਰ ਦੇ ਪੰਜ ਵਿਅਕਤੀਆਂ ਨੂੰ ਥਾਣੇ ਅੰਦਰ ਬੈਠਾ ਕੇ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰੰਤੂ ਲੜਕੀ ਵਾਲੇ ਦੋਸ਼ ਲਾ ਰਹੇ ਸਨ ਕਿ ਥਾਣੇਦਾਰ ਦਲਜੀਤ ਸਿੰਘ ਦੀ ਮਿਲੀ ਭੁਗਤ ਨਾਲ ਉਨ੍ਹਾਂ ਦਾ ਥਾਣੇ ਵਿਚ ਹੀ ਕੱਟਮਾਰ ਹੋਈ ਹੈ।

ਉਨ੍ਹਾਂ ਕਿਹਾ ਕਿ ਥਾਣੇਦਾਰ ਦਲਜੀਤ ਸਿੰਘ ਉਨ੍ਹਾਂ 'ਤੇ ਲਗਾਤਾਰ ਦਬਾਅ ਪਾ ਰਿਹਾ ਸੀ ਅਤੇ ਆਪੋ-ਆਪਣੇ ਘਰ ਜਾਣ ਲਈ ਡਰਾ ਧਮਕਾ ਰਿਹਾ ਸੀ। ਲੜਕੀ ਨੇ ਦੋਸ਼ ਲਗਾਇਆ ਕਿ ਲੜਕਾ ਤਿੰਨ ਵਾਰ ਉਸ ਦਾ ਗਰਭਪਾਤ ਵੀ ਕਰਵਾ ਚੁੱਕਾ ਹੈ। ਇਸ ਸਬੰਧੀ ਥਾਣੇ ਦਲਜੀਤ ਸਿੰਘ ਨੇ ਮੰਨਿਆਂ ਕਿ ਦੋਹਾਂ ਦਾ ਪੰਚਾਇਤੀ ਵਿਆਹ ਹੋਇਆ ਸੀ। ਲੜਕੇ ਵਾਲਿਆਂ ਦੀ ਸ਼ਿਕਾਇਤ 'ਤੇ ਦੋਹਾਂ ਧਿਰਾਂ ਨੂੰ ਥਾਣੇ ਬੁਲਾਇਆ ਸੀ ਪਰੰਤੂ ਲੜਕੇ ਵਾਲਿਆਂ ਦੀ ਵਧੀਕੀ ਹੋਣ ਕਾਰਨ ਥਾਣੇ ਬੰਦ ਕਰ ਦਿੱਤਾ ਹੈ ਜੋ ਵੀ ਕਾਰਵਾਈ ਬਣਦੀ ਹੋਵੇਗੀ ਕਰ ਦਿੱਤੀ ਜਾਵੇਗੀ।

Posted By: Rajnish Kaur