ਮਹੇਸ਼ਵਰ ਕੁਮਾਰ ਛਾਬੜਾ, ਨਸਰਾਲਾ : ਨਸਰਾਲਾ ਵਿਖੇ ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿ੍ਤਕ ਦੀ ਪਛਾਣ ਵਰਿੰਦਰ ਸਿੰਘ (28) ਪੁੱਤਰ ਸੁਰਜੀਤ ਸਿੰਘ ਵਾਸੀ ਅਜੜਾਮ ਵਜੋਂ ਹੋਈ ਹੈ। ਮਿ੍ਤਕ ਦੇ ਰਿਸ਼ਤੇਦਾਰ ਗੁਰਪ੍ਰੀਤ ਸਿੰਘ ਗੋਲਡੀ ਨੇ ਦੱਸਿਆ ਕਿ ਵਰਿੰਦਰ ਸਿੰਘ ਨਸਰਾਲਾ ਅੱਡੇ 'ਚ ਰੈਡੀਮੇਡ ਕੱਪੜੇ ਦੀ ਦੁਕਾਨ ਕਰਦਾ ਸੀ।

ਪਿਛਲੇ ਕਈ ਦਿਨਾਂ ਤੋਂ ਦੁਕਾਨ 'ਚ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਵੀਰਵਾਰ ਨੂੰ ਵਰਿੰਦਰ ਕੰਮਕਾਜ ਦੀ ਦੇਖ-ਰੇਖ ਲਈ ਦੁਕਾਨ ਦੀ ਛੱਤ 'ਤੇ ਖੜ੍ਹਾ ਸੀ। ਇਸ ਦੌਰਾਨ ਉਹ ਨੇੜਿਓਂ ਲੰਘਦੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆ ਕੇ ਹੇਠਾਂ ਡਿੱਗ ਪਿਆ ਤੇ ਗੰਭੀਰ ਜ਼ਖ਼ਮੀ ਹੋ ਗਿਆ। ਨੇੜਲੇ ਦੁਕਾਨਦਾਰਾਂ ਨੇ ਉਸ ਨੂੰ ਹੁਸ਼ਿਆਰਪੁਰ ਦੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।